ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਦਾ ਸੱਚ ਸਰਕਾਰ ਲੋਕਾਂ ਸਾਹਮਣੇ ਰੱਖੇ: ਐਡਵੋਕੇਟ ਧਾਮੀ
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਥੇ ਗੁਰਦੁਆਰਾ ਸੀਸ ਮਹਿਲ ਵਿਖੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਰਬਾਰ ਸਾਹਿਬ ਨੂੰ ਈਮੇਲ ਰਾਹੀਂ ਆ ਰਹੀਆਂ ਧਮਕੀਆਂ ਬਾਰੇ ਕਿਹਾ ਕਿ ਸਰਕਾਰ ਕੋਲ ਵੱਡੇ ਹੀਲੇ ਵਸੀਲੇ ਹਨ ਤੇ ਸਰਕਾਰ ਕੁਝ ਘੰਟਿਆਂ ਚ ਹੀ ਅਸਲ ਦੋਸ਼ੀਆਂ ਨੂੰ ਫੜ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦਰਬਾਰ ਸਾਹਿਬ ਦੀ ਈਮੇਲ ’ਤੇ ਆ ਰਹੀਆਂ ਧਮਕੀਆਂ ਦਾ ਸੱਚ ਸਰਕਾਰ ਜਲਦ ਲੋਕਾਂ ਦੇ ਸਾਹਮਣੇ ਰੱਖੇ ਤਾਂ ਜੋ ਇਸ ਘਟਨਾਕ੍ਰਮ ਪਿੱਛੇ ਲੁਕੇ ਸਾਜ਼ਿਸ਼ ਘਾੜਿਆਂ ਦਾ ਲੋਕਾਂ ਨੂੰ ਪਤਾ ਲੱਗ ਸਕੇ।
ਧਾਮੀ ਨੇ ਕਿਹਾ ਕਿ ਬੇਸ਼ੱਕ ਪਿਛਲੇ ਪੰਜ ਦਿਨ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪ੍ਰੰਤੂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਵਿੱਚ ਕੋਈ ਕਮੀ ਨਹੀਂ ਆਈ ਹੈ।
ਐਡਵੋਕੇਟ ਧਾਮੀ ਨੇ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ ਤੇ ਇਨ੍ਹਾਂ ਸਮਾਗਮਾਂ ਚ ਸ਼ਿਰਕਤ ਕਰਨ ਲਈ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਬੇ ਦੇ ਮੁੱਖ ਮੰਤਰੀ ਸਮੇਤ ਹੋਰਨਾਂ ਨਿੱਜੀ ਤੌਰ ’ਤੇ ਮਿਲ ਕੇ ਸੱਦਾ ਪੱਤਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਮਨਾਉਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੈ ਅਤੇ ਸਰਕਾਰ ਨੂੰ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਇਹ ਸ਼ਤਾਬਦੀਆਂ ਮਨਾਉਣ ਲਈ ਸਹਿਯੋਗ ਦੇਵੇ, ਧਾਰਮਿਕ ਸਥਾਨਾਂ ਨੂੰ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਸਾਰਾ ਬੁਨਿਆਦੀ ਢਾਂਚਾ ਠੀਕ ਕਰੇ ਤਾਂ ਜੋ ਸੰਗਤਾਂ ਨੂੰ ਗੁਰ ਅਸਥਾਨਾਂ ਤੇ ਪੁੱਜਣ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।