ਪੁਲੀਸ ਮੁਕਾਬਲੇ ’ਚ ਵਿਦੇਸ਼ੀਂ ਬੈਠੇ ਗੈਂਗਸਟਰਾਂ ਲੰਡਾ ਹਰੀਕੇ ਤੇ ਯਾਦਾ ਦਾ ਕਾਰਿੰਦਾ ਜ਼ਖ਼ਮੀ
ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਭੁੱਲਰ ਪਿੰਡ ਦੇ ਪੁਲ ਨੇੜੇ ਬੀਤੀ ਰਾਤ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਵਿਦੇਸ਼ੀਂ ਬੈਠੇ ਗੈਂਗਸਟਰਾਂ ਲਖਬੀਰ ਸਿੰਘ ਲੰਡਾ ਹਰੀਕੇ ਤੇ ਯਾਦਵਿੰਦਰ ਸਿੰਘ ਯਾਦਾ ਚੰਬਾ ਖੁਰਦ ਦਾ ਇਕ ਕਾਰਿੰਦਾ ਜ਼ਖ਼ਮੀ ਹੋ ਗਿਆ| ਜ਼ਖ਼ਮੀ ਹੋਏ ਕਾਰਿੰਦੇ ਦੀ ਪਛਾਣ ਗੁਰਲਾਲ ਸਿੰਘ ਵਾਸੀ ਰਾਜੋਕੇ ਵਜੋਂ ਕੀਤੀ ਗਈ ਹੈ| ਉਸਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ|
ਇਸ ਸਬੰਧੀ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਇਥੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਅਧਾਰ ’ਤੇ ਸਥਾਨਕ ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਵਲੋਂ ਏਐਸਆਈ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਭੁੱਲਰ ਪਿੰਡ ਦੀ ਨਹਿਰ ਦੇ ਪੁਲ ’ਤੇ ਨਾਕਾ ਲਗਾਇਆ ਹੋਇਆ ਸੀ, ਜਿਥੇ ਬਿਨਾਂ ਨੰਬਰ ਵਾਲੇ ਮੋਟਰ ਸਾਈਕਲ ’ਤੇ ਸਵਾਰ ਮੁਲਜ਼ਮ ਆਇਆ|
ਪੁਲੀਸ ਪਾਰਟੀ ਨੂੰ ਦੇਖ ਕੇ ਉਹ ਜਿਵੇਂ ਹੀ ਨਹਿਰ ਦੀ ਪਟੜੀ ਵੱਲ ਮੁੜਨ ਲੱਗਾ ਤਾਂ ਉਸ ਦਾ ਮੋਟਰ ਸਾਈਕਲ ਤਿਲਕ ਗਿਆ| ਉਸ ਨੇ ਆਪਣੀ ਪਿਸਤੌਲ ਨਾਲ ਪੁਲੀਸ ਪਾਰਟੀ ’ਤੇ ਕਥਿਤ ਫਾਇਰਿੰਗ ਕਰ ਦਿੱਤੀ| ਏਐਸਆਈ ਵਿਨੋਦ ਕੁਮਾਰ ਵਲੋਂ ਆਪਣੀ ਪੁਲੀਸ ਪਾਰਟੀ ਦੇ ਬਚਾਅ ਲਈ ਕੀਤੀ ਜਵਾਬੀ ਫਾਇਰਿੰਗ ਦੌਰਾਨ ਗੁਰਲਾਲ ਸਿੰਘ ਸੱਜੀ ਲੱਤ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਗਿਆ, ਜਿਸ ਨੂੰ ਪੁਲੀਸ ਪਾਰਟੀ ਨੇ ਕਾਬੂ ਕਰ ਕੇ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਾਇਆ|
ਜ਼ਿਲ੍ਹਾ ਪੁਲੀਸ ਮੁਖੀ ਦੀਪਕ ਪਾਰਿਕ ਨੇ ਦੱਸਿਆ ਕਿ ਗੁਰਲਾਲ ਸਿੰਘ ਵਿਦੇਸ਼ੀ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਅਤੇ ਯਾਦਵਿੰਦਰ ਸਿੰਘ ਯਾਦਾ ਵਾਸੀ ਚੰਬਾ ਖੁਰਦ ਦੇ ਕਾਰਿੰਦੇ ਦੇ ਤੌਰ ’ਤੇ ਇਲਾਕੇ ਅੰਦਰ ਫ਼ਿਰੌਤੀ ਦੀਆਂ ਵਾਰਦਾਤਾਂ ਕਰਦਾ ਆ ਰਿਹਾ ਸੀ। ਉਸ ਦੇ ਪਾਕਿਸਤਾਨੀ ਸਮਗਲਰਾਂ ਨਾਲ ਵੀ ਸਬੰਧ ਹਨ, ਜਿਨ੍ਹਾਂ ਰਾਹੀਂ ਉਹ ਹਥਿਆਰਾਂ ਦੀ ਸਮਗਲਿੰਗ ਦਾ ਵੀ ਧੰਦਾ ਕਰਦਾ ਆ ਰਿਹਾ ਹੈ|
ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਬੀਐਨਐਸ ਦੀ ਦਫ਼ਾ 109, 132, 221 ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਤਹਿਤ ਕੇਸ ਦਰਜ ਕਰ ਲਿਆ ਹੈ|