ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਸਮੇਤ ਦੋ ਦੀ ਗੋਲੀਆਂ ਮਾਰ ਕੇ ਹੱਤਿਆ
ਹਰਜੀਤ ਸਿੰਘ ਪਰਮਾਰ
ਬਟਾਲਾ, 27 ਜੂਨ
ਇੱਥੋਂ ਦੇ ਕਾਦੀਆਂ ਰੋਡ ’ਤੇ ਬੀਤੀ ਰਾਤ ਦੋ ਮੋਟਰਸਾਈਕਲ ਸਵਾਰਾਂ ਨੇ ਸਕਾਰਪੀਓ ਵਿੱਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵਾਸੀ ਪਿੰਡ ਭਗਵਾਨਪੁਰ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਗੋਲੀਬਾਰੀ ਦੌਰਾਨ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਬਟਾਲਾ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਫ਼ੋਨ ’ਤੇ ਦੱਸਿਆ ਕਿ ਵੀਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿਚ ਹਰਜੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਪਰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਇਹ ਘਟਨਾ ਸਿਵਲ ਲਾਈਨਜ਼ ਖੇਤਰ ਦੇ ਅਧੀਨ ਆਉਂਦੇ ਕਾਦੀਆਂ ਰੋਡ ’ਤੇ ਵਾਪਰੀ ਹੈ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਬਟਾਲਾ ਦੇ ਡੀਐੱਸਪੀ ਪਰਮਵੀਰ ਸਿੰਘ ਨੇ ਕਿਹਾ, ‘‘ਜਦੋਂ ਹਰਜੀਤ ਕੌਰ ਅਤੇ ਇੱਕ ਹੋਰ ਵਿਅਕਤੀ ਕਰਨਵੀਰ ਸਿੰਘ ਕਾਰ ਵਿੱਚ ਸਨ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕੀਤੀ।’’ ਉਨ੍ਹਾਂ ਕਿਹਾ ਕਿ ਕਰਨਵੀਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਾਣਕਾਰੀ ਅਨੁਸਾਰ ਮ੍ਰਿਤਕਾ ਹਰਜੀਤ ਕੌਰ ਅਤੇ ਮ੍ਰਿਤਕ ਕਰਨਬੀਰ ਸਿੰਘ ਦਾ ਪੋਸਟਮਾਰਟਮ ਅੱਜ ਸਿਵਲ ਹਸਪਤਾਲ ਬਟਾਲਾ ਵਿੱਚ ਪੁਲੀਸ ਦੀ ਨਿਗਰਾਨੀ ਹੇਠ ਹੋਵੇਗਾ।
ਦੂਜੇ ਪਾਸੇ ਇਸ ਗੋਲੀਬਾਰੀ ਦੀ ਜਿੰਮੇਵਾਰੀ ਗੈਂਗਸਟਰ ਡੋਨੀ ਬੱਲ, ਬਿੱਲਾ ਮਾਂਗਾ, ਪ੍ਰਭ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਲੈਂਦਿਆ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਕਿਹਾ ਗਿਆ, ‘‘ਕਰਨਬੀਰ ਸਿੰਘ ਹੀ ਜੱਗੂ ਭਗਵਾਨਪੁਰੀਏ ਦਾ ਸਾਰਾ ਕੰਮ ਸੰਭਾਲਦਾ ਸੀ ਅਤੇ ਜੱਗੂ ਦੇ ਭਗੋੜੇ ਸਾਥੀਆਂ ਅਤੇ ਹਥਿਆਰਾਂ ਨੂੰ ਵੀ ਸਾਂਭਦਾ ਸੀ। ਅਸੀਂ ਕਰਨਬੀਰ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਹੈ।’’ ਪੋਸਟ ਵਿੱਚ ਲਿਖਿਆ ਹੈ, ‘‘ਅੱਜ ਅਸੀਂ ਜਾਇਜ਼ ਮਾਰਿਆ ਹੈ ਅਤੇ ਜੇਕਰ ਕੋਈ ਸਾਡਾ ਭਰਾ ਨਾਜਾਇਜ਼ ਮਾਰਿਆ ਜਾਂਦਾ ਹੈ ਤਾਂ ਉਸ ਦਾ ਵੀ ਬਦਲਾ ਲੈਂਦੇ ਰਹਾਂਗੇ।’’ (with PTI inputs)