ਹੈਰੋਇਨ ਸਣੇ ਚਾਰ ਤਸਕਰ ਕਾਬੂ
ਬੀਐਸਐਫ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ’ਤੇ ਇੱਕ ਕਾਰਵਾਈ ਦੌਰਾਨ 4 ਤਸਕਰਾਂ ਨੂੰ 10 ਕਿਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਬੀਐਸਐਫ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇੱਕ ਆਪਸੀ ਤਾਲਮੇਲ ਵਾਲੀ ਕਾਰਵਾਈ ਵਿੱਚ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਗੁਰਦਾਸਪੁਰ ਸਰਹੱਦ ’ਤੇ ਸਰਹੱਦ ਪਾਰੋ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਇਸ ਕਾਰਵਾਈ ਵਿੱਚ 4 ਨਾਰਕੋ-ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੈਰੋਇਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇੱਕ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਗੁਰਦਾਸਪੁਰ ਦੇ ਪਿੰਡ ਠੇਠਰਕੇ ਦੇ ਖੇਤਰ ਵਿੱਚ ਇੱਕ ਸਾਂਝੀ ਕਾਰਵਾਈ ਸ਼ੁਰੂ ਕੀਤੀ, ਜਿਸ ਵਿੱਚ 4 ਨਾਰਕੋ-ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਪੈਕੇਟ ਹੈਰੋਇਨ ,ਜਿਸ ਵਿੱਚ ਕੁੱਲ 10 ਕਿਲੋ ਨਸ਼ੀਲਾ ਪਦਾਰਥ ਅਤੇ ਨਾਲ ਹੀ 03 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਜ਼ਬਤ ਕੀਤੇ ਹਨ। ਫੜੇ ਗਏ ਤਸਕਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨੇਪੁਰ ਤੇ ਬੱਲਗਨ ਅਤੇ ਅੰਮ੍ਰਿਤਸਰ ਦੇ ਭਖਾ ਤਾਰਾ ਸਿੰਘ ਅਤੇ ਪੱਲਾ ਕਲੋਨੀ ਦੇ ਵਸਨੀਕ ਹਨ।
ਉਨ੍ਹਾਂ ਇਸ ਨੂੰ ਇਕ ਅਹਿਮ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ ਬੀਐਸਐਫ ਅਤੇ ਪੰਜਾਬ ਪੁਲੀਸ ਦਾ ਟੀਮ ਵਰਕ, ਸਮਰਪਣ ਅਤੇ ਵਚਨਬੱਧਤਾ ਹੈ, ਜੋ ਦੇਸ਼ ਦੀਆਂ ਸਰਹੱਦਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਤਰੇ ਤੋਂ ਸੁਰੱਖਿਅਤ ਰੱਖਣ ਅਤੇ ਦੇਸ਼ ਵਿਰੋਧੀ ਤੱਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਦੀ ਵਚਨਬੱਧ ਹੈ।