ਅੰਮ੍ਰਿਤਸਰ ਤੇ ਤਰਨ ਤਾਰਨ ’ਚੋਂ ਚਾਰ ਵਿਅਕਤੀ ਨਸ਼ਾ ਤਸਕਰੀ ਤਹਿਤ ਗ੍ਰਿਫਤਾਰ
ਸੀਮਾ ਸੁਰੱਖਿਆ ਬਲ (ਬੀਐਸਐਫ) ਨੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਅਤੇ ਤਰਨ ਤਾਰਨ ਸਰਹੱਦੀ ਜ਼ਿਲ੍ਹਿਆਂ ਦੇ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਕੋਲੋ ਹੈਰੋਇਨ, ਪਿਸਤੌਲ, ਗੋਲਾ ਬਾਰੂਦ, ਇੱਕ ਡਰੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਬੀਐੱਸਐਫ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਬਚੀਵਿੰਡ ਪਿੰਡ ਨੇੜੇ ਬੀਐੱਸਐੱਫ ਜਵਾਨਾਂ ਨੇ ਇੱਕ ਵਿਅਕਤੀ ਨੂੰ 560 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ। ਬਾਅਦ ਵਿੱਚ ਉਸ ਨੂੰ ਅਗਲੇਰੀ ਜਾਂਚ ਵਾਸਤੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਇੱਕ ਹੋਰ ਕਾਰਵਾਈ ਵਿੱਚ ਬੀਐੱਸਐੱਫ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਬਾਗੜੀਆਂ ਪਿੰਡ ਵਿੱਚ ਤਲਾਸ਼ੀ ਸ਼ੁਰੂ ਕੀਤੀ ਅਤੇ ਇੱਕ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ। ਡਰੋਨ ਦੇ ਨਾਲ ਇੱਕ ਪਿਸਤੌਲ, ਦੋ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਸਨ।
ਇਸੇ ਦਿਨ ਅੰਮ੍ਰਿਤਸਰ-ਜਲੰਧਰ ਹਾਈਵੇਅ ਨੇੜੇ ਲਗਾਤਾਰ ਨਿਗਰਾਨੀ ਤੋਂ ਬਾਅਦ ਦੋ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਹ ਦੋਵੇਂ ਅੰਮ੍ਰਿਤਸਰ ਦੇ ਤਿਮੋਵਾਲ ਪਿੰਡ ਅਤੇ ਤਰਨ ਤਾਰਨ ਦੇ ਸਰਸੀ ਕਲਾਂ ਦੇ ਰਹਿਣ ਵਾਲੇ ਹਨ।
ਬੀਐਸਐਫ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਅੰਮ੍ਰਿਤਸਰ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬਾਗੜੀਆਂ ਪਿੰਡ ਤੋਂ ਇੱਕ ਹੋਰ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 1.225 ਕਿਲੋਗ੍ਰਾਮ ਹੈਰੋਇਨ, ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਉਹ ਸਰਹੱਦ ਪਾਰੋਂ ਤਸਕਰੀ ਅਤੇ ਪਾਕਿਸਤਾਨ-ਸਮਰਥਿਤ ਨੈੱਟਵਰਕਾਂ ਵੱਲੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਭੇਜਣ ਲਈ ਡਰੋਨਾਂ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਲਈ ਵਚਨਬੱਧ ਹਨ।