ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਬੀਐਸਐਫ ਨਾਲ ਇੱਕ ਸਾਂਝੇ ਅਪਰੇਸ਼ਨ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਅੱਠ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਦੱਸਿਆ ਕਿ ਪੁਲੀਸ ਨੇ ਇਸ ਅਪਰੇਸ਼ਨ ਦੌਰਾਨ ਅੱਠ ਪਿਸਤੌਲ ਬਰਾਮਦ ਕੀਤੇ ਹਨ, ਜਿਨਾਂ ਵਿੱਚ ਪੰਜ ਪਿਸਤੌਲ ਪੁਆਇੰਟ 30 ਬੋਰ ਦੇ ਅਤੇ ਤਿੰਨ ਨੌ ਐਮਐਮ ਕੈਲੀਬਰ ਦੇ ਪਿਸਤੌਲ ਹਨ। ਇਸ ਤੋਂ ਇਲਾਵਾ ਮੈਗਜੀਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਹ ਦੇ ਆਧਾਰ ’ਤੇ ਦੋ ਭਰਾਵਾਂ ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਤਿੰਨ ਪਿਸਤੌਲ 30 ਬੋਰ ਦੇ ਸਮੇਤ ਮੈਗਜ਼ੀਨ, ਦੋ ਪਿਸਤੌਲ 9 ਐਮਐਮ ਦੇ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਮਿਲ ਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਉਹ ਇਹ ਹਥਿਆਰ ਅਗਾਂਹ ਸਪਲਾਈ ਕਰਨ ਵਾਸਤੇ ਆਪਣੇ ਪਿੰਡ ਡੰਡੇ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਹੈ।
ਐੱਸਪੀਡੀ ਅਦਿਤਿਆ ਵਾਰੀਅਰ ਨੇ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਥਾਣਾ ਘਰਿੰਡਾ ਦੀ ਪੁਲੀਸ ਵੱਲੋਂ ਗਸ਼ਤ ਦੌਰਾਨ ਅੱਡਾ ਰਾਜਾ ਤਾਲ ਦੇ ਨੇੜਿਓਂ ਆਕਾਸ਼ ਦੀਪ ਅਤੇ ਗੁਰਪ੍ਰੀਤ ਸਿੰਘ ਨੂੰ ਇੱਕ ਪਿਸਤੌਲ 9 ਐਮਐਮ ਅਤੇ ਦੋ ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਕਾਬੂ ਕੀਤਾ ਹੈ।