ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ, ਪਿੰਡ ਜੈਨਪੁਰ ਨੇੜੇ ਧੁੱਸੀ ’ਚ 60 ਫੁੱਟ ਦਾ ਪਾੜ ਪਿਆ
ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਬੀਤੇ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਵੀ ਕੰਢੇ ਵੱਸੇ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਾਣੀ ਦੇ ਤੇਜ਼ ਵਹਾਅ ਨੇ ਕਈ ਥਾਵਾਂ ’ਤੇ ਧੁੱਸੀ ਬੰਨ੍ਹ ਨੂੰ ਮਾਰ ਕੀਤੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਜੈਨਪੁਰ ਵਿੱਚ ਧੁੱਸੀ ਬੰਨ੍ਹ ਵਿੱਚ ਕਰੀਬ 60-70 ਫੁੱਟ ਦਾ ਪਾੜ ਪੈ ਗਿਆ ਹੈ।
ਇਸੇ ਤਰ੍ਹਾਂ ਸਰਹੱਦੀ ਪਿੰਡ ਆਦੀਆਂ ਅਤੇ ਬਾਊਪੁਰ ’ਚ ਧੁੱਸੀ ਬੰਨ੍ਹ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਪਿੰਡਾਂ ਦੇ ਲੋਕ ਵਰ੍ਹਦੇ ਮੀਂਹ ਵਿੱਚ ਮਿੱਟੀ ਦੀਆਂ ਬੋਰੀਆਂ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਹਨ। ਇਨ੍ਹਾਂ ਪਿੰਡਾਂ ਦੇ ਲੋਕ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ ਅਤੇ ਰੋਸ ਜਤਾ ਰਹੇ ਹਨ ਕਿ ਪ੍ਰਸ਼ਾਸਨ ਸਮੇਂ ’ਤੇ ਹਰਕਤ ਵਿੱਚ ਨਹੀਂ ਆਇਆ।
ਪਿੰਡ ਜੈਨਪੁਰ ਦੇ ਹਰਵਿੰਦਰ ਸਿੰਘ ਨੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਸਵੇਰ ਸਮੇਂ ਧੁੱਸੀ ਵਿੱਚ 10-12 ਫੁੱਟ ਦਾ ਪਾੜ ਸੀ ਜੋ 11 ਵਜੇ ਤੱਕ 60 ਫੁੱਟ ਦਾ ਹੋ ਗਿਆ। ਜੇਕਰ ਧੁੱਸੀ ਬੰਨ੍ਹ ਟੁੱਟ ਗਿਆ ਤਾਂ ਬੜੀ ਭਾਰੀ ਤਬਾਹੀ ਹੋਵੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਇਲਾਵਾ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਿੱਟੀ ਦੀਆਂ ਬੋਰੀਆਂ ਲਿਆਉਣ ਦੀ ਕੋਸ਼ਿਸ਼ ਕਰਨ ਤਾਂ ਕਿ ਪਾਣੀ ਨੂੰ ਰੋਕਿਆ ਜਾ ਸਕੇ।
ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਸੰਭਾਵਿਤ ਖ਼ਤਰਾ ਹੈ ਉੱਥੇ ਹਰ ਸੰਭਵ ਢੰਗ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸੰਨ 1988, 1993 ਅਤੇ 1995 ਵਿੱਚ ਰਾਵੀ ਦੇ ਪਾਣੀ ਨਾਲ ਧੁੱਸੀ ਟੁੱਟ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਤਬਾਹੀ ਹੋਈ ਸੀ।