ਅਕਾਲ ਤਖ਼ਤ ਵੱਲੋਂ ਪੰਜ ਮੈਂਬਰੀ ਜਾਂਚ ਕਮੇਟੀ ਗਠਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਗਸਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਆਦਿ ਵਿਚਾਲੇ ਹੋਏ ਝਗੜੇ ਦੇ ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਪੰਜ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ। ਇਸ ਕਮੇਟੀ ਵੱਲੋਂ ਆਪਣੀ ਰਿਪੋਰਟ ਅਕਾਲ ਤਖ਼ਤ ਨੂੰ ਸੌਂਪੀ ਜਾਵੇਗੀ। ਹਰਿਆਣਾ ਵਿੱਚ ਨਵੀਂ ਬਣੀ ਗੁਰਦੁਆਰਾ ਕਮੇਟੀ ਦੀ ਮੀਟਿੰਗ 14 ਅਗਸਤ ਨੂੰ ਗੁਰਦੁਆਰਾ ਪੰਜੋਖੜਾ ਸਾਹਿਬ ਵਿਖੇ ਹੋਈ ਸੀ।
ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵਿਚਾਲੇ ਆਪਸੀ ਝਗੜਾ ਹੋ ਗਿਆ ਅਤੇ ਗਾਲੀ-ਗਲੋਚ ਵੀ ਹੋਈ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਿਚਾਲੇ ਝਗੜੇ ਦੀਆਂ ਖ਼ਬਰਾਂ ਕਾਰਨ ਸੰਸਾਰ ਭਰ ਵਿੱਚ ਸਿੱਖ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪਈ ਸੀ। ਇਸ ਸਬੰਧ ਵਿੱਚ ਅਕਾਲ ਤਖ਼ਤ ਵਿਖੇ ਵੀ ਸ਼ਿਕਾਇਤਾਂ ਪੁੱਜੀਆਂ ਸਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕਮੇਟੀ ਦੇ ਆਗੂਆਂ ਵਿਚਾਲੇ 14 ਅਗਸਤ ਨੂੰ ਹੋਏ ਝਗੜੇ ਦੇ ਸਬੰਧ ਵਿੱਚ ਪੁੱਜੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝਗੜੇ ਦੌਰਾਨ ਇੱਕ ਦੂਜੇ ਨਾਲ ਗਾਲੀ-ਗਲੋਚ ਹੋਣਾ ਨਿੰਦਣਯੋਗ ਹੈ। ਇਸ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਪੜਤਾਲ ਮਗਰੋਂ ਜਾਂਚ ਕਮੇਟੀ ਆਪਣੀ ਰਿਪੋਰਟ ਅਕਾਲ ਤਖ਼ਤ ਨੂੰ ਭੇਜੇਗੀ। ਰਿਪੋਰਟ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਹੋਵੇਗੀ। ਹਰਿਆਣਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਮਹੰਤ ਵੱਲੋਂ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਪਰੰਤ ਅਕਾਲ ਤਖ਼ਤ ਦੇ ਜਥੇਦਾਰ ਨੇ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਇਹ ਮਾਮਲਾ ਅਕਾਲ ਤਖ਼ਤ ਦੇ ਵਿਚਾਰ ਅਧੀਨ ਹੈ, ਉਦੋਂ ਤਕ ਪ੍ਰਬੰਧਕੀ ਮੀਟਿੰਗਾਂ ਨਹੀਂ ਹੋਣਗੀਆਂ। ਉਦੋਂ ਤੱਕ ਦੋਵੇਂ ਧਿਰਾਂ ਇੱਕ ਦੂਜੇ ਖਿਲਾਫ਼ ਕੋਈ ਕੂੜ ਪ੍ਰਚਾਰ ਨਹੀਂ ਕਰਨਗੀਆਂ ਅਤੇ ਨਾ ਹੀ ਮੀਡੀਆ ਵਿੱਚ ਜਾਣਗੀਆਂ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਕਮੇਟੀ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਇਹ ਸਿੱਖ ਗੁਰਦੁਆਰਾ ਐਕਟ 1925 ਦੀ ਉਲੰਘਣਾ ਹੈ।
ਕਮੇਟੀ ਵਿੱਚ ਬਾਬਾ ਗੁਰਪ੍ਰੀਤ ਸਿੰਘ ਸਣੇ ਹੋਰ ਮੈਂਬਰ ਸ਼ਾਮਲ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਬਾਬਾ ਗੁਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਰਬਜੀਤ ਸਿੰਘ ਚੰਡੀਗੜ੍ਹ ਅਤੇ ਕੋਆਰਡੀਨੇਟਰ ਵਜੋਂ ਅਕਾਲ ਤਖਤ ਸਕੱਤਰੇਤ ਦੇ ਇੰਚਾਰਜ ਅਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।