ਕਿਸਾਨ ਜਥੇਬੰਦੀਆਂ ਵੱਲੋਂ ਹੜ੍ਹ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ’ਤੇ ਚਰਚਾ
ਇਥੋਂ ਨਜ਼ਦੀਕੀ ਪਿੰਡ ਨਵਾਂ ਪਿੰਡ ਵਿੱਚ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਜ਼ਿਲ੍ਹਾ ਅੰਮ੍ਰਿਤਸਰ ਨੇ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਸਬੰਧੀ ਮੀਟਿੰਗ ਕੀਤੀ। ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰਾ ਨੇ ਕਿਹਾ ਪੰਜਾਬ ਅੰਦਰ ਹੜ੍ਹ ਆਏ ਹੋਏ ਹਨ, ਖਾਸ ਕਰਕੇ ਅਜਨਾਲਾ ਤੇ ਰਮਦਾਸ ਇਲਾਕਿਆਂ ਅੰਦਰ ਆਏ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਲਈ ਖਰਾਬੇ ਦਾ ਬਣਦਾ ਮੁਆਵਜ਼ਾ ਸਰਕਾਰਾਂ ਵੱਲੋਂ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ।
ਸੂਬਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਇਹ ਹੜ੍ਹ ਕੁਦਰਤੀ ਨਹੀਂ ਹਨ ਬਲਕਿ ਇਹ ਸਰਕਾਰਾਂ ਅਤੇ ਭਾਖੜਾ ਬਿਆਸ ਮੈਨਜਮੈਂਟ ਦੇ ਗਲਤ ਪ੍ਰਬੰਧਨ ਦਾ ਸਿੱਟਾ ਹੈ। ਉਨ੍ਹਾਂ ਕਿਹਾ ਜਿਥੇ ਇੱਕ ਪਾਸੇ ਪੰਜਾਬ ਦੇ ਸਾਰੇ ਡੈਮਾਂ ਦਾ ਕੰਟਰੋਲ ਕੇਂਦਰ ਸਰਕਾਰ ਨੇ ਕੌਮਾਂਤਰੀ ਕਨੂੰਨਾਂ ਨੂੰ ਛਿੱਕੇ ਤੇ ਟੰਗ ਕਿ ਆਪਣੇ ਕਬਜੇ ਹੇਠ ਕਰ ਲਿਆ ਹੈ। ਉਥੇ ਪੰਜਾਬ ਅੱਜ ਇਨ੍ਹਾਂ ਡੈਮਾਂ ਦੀ ਗਲਤ ਮੈਨਜਮੈਂਟ ਕਰਕੇ ਹੜਾਂ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਨਿਜ਼ਾਮਪੁਰ ਨੇ ਕਿਹਾ ਕੇਂਦਰ ਸਰਕਾਰ ਦੇ ਨਾਂਹ ਪੱਖੀ ਵਤੀਰੇ ਨੇ ਪੰਜਾਬ ਦੇ ਲੋਕਾਂ ਦੀ ਇਸ ਆਫਤ ਸਮੇਂ ਵਿੱਤੀ ਮਦਦ ਲਈ ਰਾਹਤ ਪੈਕਜ ਦਾ ਐਲਾਨ ਨਾ ਕਰਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕਿਸਾਨ ਆਗੂਆਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉਨ੍ਹਾਂ ਨੂੰ ਪ੍ਰਤੀ ਏਕੜ 70,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਪਸ਼ੂਧਨ ਦੇ ਨੁਕਸਾਨ ਲਈ ਪ੍ਰਤੀ ਜਾਨਵਰ ਇੱਕ ਲੱਖ ਰੁਪਏ ਅਤੇ ਜਿਹੜੇ ਪਰਵਾਰ ਦੇ ਕਿਸੇ ਵਿਅਕਤੀ ਦੀ ਮੌਤ ਹੋਈ ਹੈ, ਉਸ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਹੜ੍ਹਾਂ ਨਾਲ ਬਰਬਾਦ ਹੋਏ ਮਕਾਨਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਆਗੂਆਂ ਨੇ ਇਹ ਵੀ ਕਿਹਾ ਪਿਛਲੇ ਦਿਨੀਂ ਜਥੇਬੰਦੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਖਾਦ ਦੀ ਗਲਤ ਵਰਤੋਂ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਜੋ ਮਕੁੱਦਮਾ ਥਾਣਾ ਮਕਬੂਲਪੁਰਾ, ਵੱਲਾ ’ਚ ਦਰਜ ਕਰਵਾਇਆ ਸੀ। ਉਸ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਸਬੰਧਤ ਪੁਲੀਸ ਅਧਿਕਾਰੀਆਂ ਦੇ ਢਿੱਲੇ ਰਵੀਈਏ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਜੇਕਰ ਇਸ ਸਕੈਂਡਲ ਦੇ ਅਸਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਪੁਲੀਸ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਦੇਵੇਗੀ। ਜਥੇਬੰਦੀ ਨੇ ਪਿਛਲੇ ਸਮੇਂ ਨਵਾਂ ਪਿੰਡ ਇਲਾਕੇ ਅੰਦਰ ਸਰਗਰਮ ਪਸੂਆਂ ਦੀ ਚੋਰੀ ਦੇ ਗਰੋਹ ਦੇ ਖ਼ਿਲਾਫ਼ ਨਵਾਂ ਪਿੰਡ ਪੁਲੀਸ ਚੌਕੀ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨ ਦਾ ਗੰਭੀਰ ਨੋਟਿਸ ਲਿਆ ਅਤੇ ਇਸ ਸਬੰਧੀ ਜੰਡਿਆਲਾ ਗੁਰੂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕਿ ਕਾਰਵਾਈ ਕਰਵਾਊਣ ਦਾ ਫੈਸਲਾ ਕੀਤਾ ਗਿਆ।