Farmers: ਲੈਂਡ ਪੂਲਿੰਗ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਲਾਮਬੰਦੀ
ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਤਹਿਤ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਐਕੁਵਾਇਰ ਕਰਨ ਖਿਲਾਫ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਨਜ਼ਦੀਕੀ ਪਿੰਡ ਝੀਤੇ ਦੇ ਗੁਰਦੁਆਰੇ ’ਚ ਇਕੱਠ ਕੀਤਾ ਗਿਆ। ਕਿਸਾਨ ਆਗੂਆਂ ਹਰਜੀਤ ਸਿੰਘ ਝੀਤੇ ਅਤੇ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਹਾ ਕੇਂਦਰ ਦੀ ਸਰਕਾਰ ਵਾਂਗ ਪੰਜਾਬ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਚਾਹੁੰਦੀ ਹੈ। ਲੈਂਡ ਪੂਲਿੰਗ ਐਕਟ ਤਹਿਤ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜ਼ਮੀਨਾਂ ਲੈ ਲਈਆਂ ਜਾਣਗੀਆਂ ਅਤੇ ਉਸੇ ਹੀ ਜ਼ਮੀਨ ਵਿੱਚੋਂ ਲਗਪਗ ਦੋ ਕਨਾਲ ਜ਼ਮੀਨ ਦੇ ਕਮਰਸ਼ੀਅਲ ਪਲਾਟ ਦਿੱਤੇ ਜਾਣੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਇਸ ਨੀਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰਨਗੇ। ਆਗੂਆਂ ਨੇ ਕਿਹਾ ਕਿ ਇਸ ਮਸਲੇ ਉੱਪਰ ਹੋਰ ਲਾਮਬੰਦੀ ਕਰਨ ਲਈ 30 ਜੁਲਾਈ ਵਾਲੇ ਦਿਨ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਐਕਟ ਵਾਪਸ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਮੇਜ ਸਿੰਘ ਤਿੰਮੋਵਾਲ, ਗੁਰਦੇਵ ਸਿੰਘ ਵਰਪਾਲ, ਨਿਰਮਲ ਸਿੰਘ ਛੱਜਲਵੱਡੀ ਮੁਲਾਜ਼ਮ ਆਗੂ, ਜੈਮਲ ਸਿੰਘ ਮਹਿਮਾ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।