ਪੰਜਾਬ ਤੋਂ ਲੰਡਨ ਸਿੱਧੀ ਉਡਾਣ ਮੁੜ ਸ਼ੁਰੂ
ਕਰੀਬ ਪੰਜ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਪਵਿੱਤਰ ਸ਼ਹਿਰ ਨੇ ਇੱਕ ਵਾਰ ਫਿਰ ਯੂਨਾਈਟਿਡ ਕਿੰਗਡਮ (UK) ਨਾਲ ਸਿੱਧੀ ਹਵਾਈ ਕਨੈਕਟੀਵਿਟੀ ਹਾਸਲ ਕਰ ਲਈ ਹੈ। ਏਅਰ ਇੰਡੀਆ ਨੇ ਆਪਣੀ ਅੰਮ੍ਰਿਤਸਰ–ਲੰਡਨ ਗੈਟਵਿਕ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਸੇਵਾ 12...
ਕਰੀਬ ਪੰਜ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਪਵਿੱਤਰ ਸ਼ਹਿਰ ਨੇ ਇੱਕ ਵਾਰ ਫਿਰ ਯੂਨਾਈਟਿਡ ਕਿੰਗਡਮ (UK) ਨਾਲ ਸਿੱਧੀ ਹਵਾਈ ਕਨੈਕਟੀਵਿਟੀ ਹਾਸਲ ਕਰ ਲਈ ਹੈ। ਏਅਰ ਇੰਡੀਆ ਨੇ ਆਪਣੀ ਅੰਮ੍ਰਿਤਸਰ–ਲੰਡਨ ਗੈਟਵਿਕ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਸੇਵਾ 12 ਜੂਨ, 2025 ਨੂੰ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਏਅਰ ਇੰਡੀਆ ਹਾਦਸੇ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ।
ਪਹਿਲੀ ਉਡਾਣ 29 ਅਕਤੂਬਰ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਰਵਾਨਾ ਹੋਈ, ਜਦੋਂ ਕਿ ਲੰਡਨ ਤੋਂ ਵਾਪਸੀ ਦੀ ਉਡਾਣ 30 ਅਕਤੂਬਰ ਨੂੰ ਪਹੁੰਚੀ, ਜੋ ਪੰਜਾਬ ਅਤੇ ਯੂਕੇ ਵਿੱਚ ਵੱਸਦੇ ਇਸ ਦੇ ਵਿਸ਼ਾਲ ਪਰਵਾਸੀ ਭਾਈਚਾਰੇ ਵਿਚਕਾਰ ਨਵੇਂ ਸਿਰੇ ਤੋਂ ਸਬੰਧਾਂ ਦਾ ਪ੍ਰਤੀਕ ਹੈ।
ਸੂਤਰਾਂ ਅਨੁਸਾਰ ਸ਼ੁਰੂਆਤੀ ਉਡਾਣਾਂ ਪੂਰੀ ਸਮਰੱਥਾ ਨਾਲ ਚੱਲੀਆਂ, ਜਿਸ ਵਿੱਚ ਬਿਜ਼ਨਸ ਕਲਾਸ ਸੀਟਾਂ ਵੀ ਸ਼ਾਮਲ ਸਨ। ਜੋ ਯਾਤਰੀਆਂ ਵਿੱਚ ਮਜ਼ਬੂਤ ਮੰਗ ਅਤੇ ਉਤਸ਼ਾਹ ਨੂੰ ਦਰਸਾਉਂਦੀਆਂ ਹਨ।
ਮੌਜੂਦਾ ਸਮਾਂ-ਸੂਚੀ ਦੇ ਤਹਿਤ ਅੰਮ੍ਰਿਤਸਰ–ਲੰਡਨ ਗੈਟਵਿਕ ਉਡਾਣ ਹਫ਼ਤੇ ਵਿੱਚ ਤਿੰਨ ਵਾਰ—ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲੇਗੀ। ਇਹ ਅੰਮ੍ਰਿਤਸਰ ਤੋਂ ਦੁਪਹਿਰ 12:35 ਵਜੇ ਰਵਾਨਾ ਹੋਵੇਗੀ ਅਤੇ ਲੰਡਨ ਵਿੱਚ ਸ਼ਾਮ 6:00 ਵਜੇ (ਸਥਾਨਕ ਸਮਾਂ) ਪਹੁੰਚੇਗੀ, ਜਿਸ ਵਿੱਚ ਲਗਪਗ 10 ਘੰਟੇ ਅਤੇ 55 ਮਿੰਟ ਲੱਗਣਗੇ। ਵਾਪਸੀ ਦੀ ਉਡਾਣ ਉਸੇ ਦਿਨ ਰਾਤ 8:00 ਵਜੇ ਲੰਡਨ ਤੋਂ ਰਵਾਨਾ ਹੋਵੇਗੀ ਅਤੇ 9 ਘੰਟੇ ਅਤੇ 50 ਮਿੰਟ ਦੀ ਯਾਤਰਾ ਤੋਂ ਬਾਅਦ ਅਗਲੀ ਸਵੇਰ 11:20 ਵਜੇ ਅੰਮ੍ਰਿਤਸਰ ਪਹੁੰਚੇਗੀ। ਪਾਕਿਸਤਾਨ ਦੀ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਉਡਾਣ ਦੀ ਮਿਆਦ ਇਸ ਵੇਲੇ ਆਮ ਨਾਲੋਂ 1.5 ਤੋਂ 2 ਘੰਟੇ ਵੱਧ ਹੈ।
ਵੇਰਵਿਆਂ ਅਨੁਸਾਰ ਏਅਰ ਇੰਡੀਆ ਹਫ਼ਤੇ ਵਿੱਚ ਤਿੰਨ ਦਿਨ ਆਪਣੀ ਅੰਮ੍ਰਿਤਸਰ–ਬਰਮਿੰਘਮ ਸੇਵਾ ਵੀ ਜਾਰੀ ਰੱਖੇਗੀ, ਜਿਸ ਨਾਲ ਪੰਜਾਬ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਹਵਾਈ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ।
ਇਸ ਮੁੜ ਸ਼ੁਰੂਆਤ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (FAI) ਅਤੇ ਅੰਮ੍ਰਿਤਸਰ ਵਿਕਾਸ ਮੰਚ (AVM) ਵੱਲੋਂ ਸਵਾਗਤ ਕੀਤਾ ਗਿਆ। ਜਿਨ੍ਹਾਂ ਦੀ ਨੁਮਾਇੰਦਗੀ ਸਮੀਪ ਸਿੰਘ ਗੁਮਟਾਲਾ (ਗਲੋਬਲ ਕਨਵੀਨਰ, FAI) ਅਤੇ ਯੋਗੇਸ਼ ਕਾਮਰਾ (ਸਕੱਤਰ, AVM) ਨੇ ਕੀਤੀ।
ਇੱਕ ਸਾਂਝੇ ਬਿਆਨ ਵਿੱਚ ਗੁਮਟਾਲਾ ਅਤੇ ਕਾਮਰਾ ਨੇ ਕਿਹਾ, ‘‘ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਨਾ ਸਿਰਫ਼ ਯਾਤਰੀਆਂ ਦੀ ਆਵਾਜਾਈ ਬਹਾਲ ਹੋਈ ਹੈ ਬਲਕਿ ਮਹੱਤਵਪੂਰਨ ਕਾਰਗੋ ਨਿਰਯਾਤ ਦੇ ਮੌਕੇ ਵੀ ਮੁੜ ਖੁੱਲ੍ਹ ਗਏ ਹਨ।’’
ਉਨ੍ਹਾਂ ਕਿਹਾ ਕਿ ਪੰਜਾਬ ਦੇ ਨਿਰਯਾਤਕਾਂ ਅਤੇ ਉਦਯੋਗਾਂ ਨੂੰ ਹੁਣ ਯੂਕੇ ਦੇ ਬਾਜ਼ਾਰਾਂ ਤੱਕ ਸਿੱਧੀ ਪਹੁੰਚ ਮੁੜ ਮਿਲ ਗਈ ਹੈ।

