‘ਬਾਰਡਰ 2’ ਦੀ ਸ਼ੂਟਿੰਗ ਲਈ Diljit Dosanjh ਅੰਮ੍ਰਿਤਸਰ ਪੁੱਜਿਆ, ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ
ਗਾਇਕ-ਅਦਾਕਾਰ ਦਿਲਜੀਤ ਦੋਸਾਂਝ 1971 ਦੀ ਜੰਗ ’ਤੇ ਆਧਾਰਿਤ ਫਿਲਮ ‘ਬਾਰਡਰ 2’ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਪਹੁੰਚ ਗਏ ਹਨ। ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪਿੰਡ ਤੋਂ ਸ਼ੂਟਿੰਗ ਮੌਕੇ ਪਰਦੇ ਪਿੱਛੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਪਹੁੰਚਣ ਬਾਰੇ ਐਲਾਨ ਕੀਤਾ।
ਇਸ ਸਮੇਂ ਤਰਨ ਤਾਰਨ ਦੇ ਨੇੜੇ ਇੱਕ ਅਣਜਾਣ ਜਗ੍ਹਾ ’ਤੇ ਸ਼ੂਟਿੰਗ ਕਰ ਰਹੇ ਦਿਲਜੀਤ ਨੂੰ ਮੈਨੇਜਰ ਸੋਨਾਲੀ ਸਿੰਘ ਅਤੇ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਸਮੇਤ ਫਿਲਮ ਦੀ ਟੀਮ ਨਾਲ ਦੇਖਿਆ ਗਿਆ। ਫਿਲਮ ਵਿੱਚ ਦਿਲਜੀਤ ਕਥਿਤ ਤੌਰ ’ਤੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਅਤੇ IAF ਤੋਂ ਪਰਮ ਵੀਰ ਚੱਕਰ ਪ੍ਰਾਪਤ ਕਰਨ ਵਾਲੇ ਇਕਲੌਤੇ ਵਿਅਕਤੀ ਹਨ। ਸੇਖੋਂ ਨੂੰ 1971 ਦੀ ਭਾਰਤ-ਪਾਕ ਜੰਗ ਦੌਰਾਨ ਉਨ੍ਹਾਂ ਦੀ ਬਹਾਦਰੀ ਲਈ ਜਾਣਿਆ ਜਾਂਦਾ ਹੈ।
ਦਿਲਜੀਤ ਨੇ 17 ਜੁਲਾਈ ਨੂੰ ਸੇਖੋਂ ਦੀ 80ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਤਸਵੀਰ ਵੀ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ। ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਦੋਸਾਂਝ ਨੂੰ ਅਜਿਹੇ ਪਹਿਰਾਵੇ ਵਿੱਚ ਦੇਖਿਆ ਗਿਆ, ਜੋ ਉਨ੍ਹਾਂ ਦੇ ਇੱਕ ਹੋਰ ਮਸ਼ਹੂਰ ਆਨ-ਸਕ੍ਰੀਨ ਕਿਰਦਾਰ ਜਸਵੰਤ ਸਿੰਘ ਖਾਲੜਾ ਵਰਗਾ ਲੱਗਦਾ ਸੀ।
ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਵਰੁਣ ਧਵਨ, ਆਹਨ ਸ਼ੈੱਟੀ ਅਤੇ ਮੋਨਾ ਸਿੰਘ ਵਰਗੇ ਹੋਰ ਕਲਾਕਾਰ ਵੀ ਸ਼ਾਮਲ ਸਨ।