ਬਾਰਡਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅੱਜ ਇਥੇ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਅਧਿਕਾਰੀਆਂ, ਚੌਕੀ ਇੰਚਾਰਜਾਂ ਅਤੇ ਹੋਰਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 134 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਨੂੰ ਅੱਠ ਲੱਖ 90 ਹਜ਼ਾਰ ਰੁਪਏ ਦਾ ਨਕਦ ਇਨਾਮ, ਡੀਜੀਪੀ ਡਿਸਕ ਅਤੇ ਸੀਸੀ -1 ਸਰਟੀਫਿਕੇਟ ਦਿੱਤੇ ਗਏ। ਮੀਟਿੰਗ ਦੌਰਾਨ ਉਨ੍ਹਾਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਕੀਤਾ।
ਇੱਥੇ ਪ੍ਰੈੱਸ ਕਾਨਰਫੰਸ ਦੌਰਾਨ ਡੀ ਆਈ ਜੀ ਨਾਨਕ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ। ਡੀਆਈ ਨੇ ਦੱਸਿਆ ਕਿ ਅੱਜ ਇਥੇ ਮੀਟਿੰਗ ਦੌਰਾਨ ਪੈਂਡਿੰਗ ਮਾਮਲੇ ਅਤੇ ਪੁਲੀਸ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਡੀਆਈਜੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲੀਸ ਜ਼ਿਲ੍ਹੇ ਦੀ ਹੁਣ ਤੱਕ ਦੀਆਂ ਪ੍ਰਾਪਤੀਆਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 879 ਕੇਸ ਦਰਜ ਕੀਤੇ ਹਨ ਅਤੇ 1491 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੁਹਿੰਮ ਤਹਿਤ 211 ਕਿੱਲੋ ਤੋਂ ਵੱਧ ਹੈਰੋਇਨ, ਸਾਢੇ 7 ਕਿਲੋ ਤੋਂ ਵੱਧ ਅਫੀਮ, ਇੱਕ ਕਿਲੋ ਭੁੱਕੀ, ਛੇ ਕਿਲੋ ਤੋਂ ਵੱਧ ਆਈਸ ਡਰੱਗ, ਇੱਕ ਲੱਖ 58 ਹਜ਼ਾਰ ਤੋਂ ਵੱਧ ਨਸ਼ੀਲੇ ਕੈਪਸੂਲ ਤੇ ਗੋਲੀਆਂ ਅਤੇ ਇੱਕ ਕਰੋੜ 91 ਲੱਖ 64 ਰੁਪਏ ਡਰੱਗ ਮਨੀ, 9000 ਅਮਰੀਕੀ ਡਾਲਰ ਅਤੇ 3400 ਦਰਾਮ ਵੀ ਬਰਾਮਦ ਕੀਤੇ ਗਏ।
ਡੀਆਈਜੀ ਨੇ ਪੁਲੀਸ ਵਿਭਾਗ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਨਸ਼ਾ ਤਸਕਰਾ ਵਿਰੁੱਧ ਪ੍ਰਭਾਵਸ਼ਾਲੀ ਮੁਹਿੰਮ ਚਲਾ ਕੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਨਸ਼ਾ ਮਾਫੀਆ ਖਿਲਾਫ ਲੜਾਈ ਵਿੱਚ ਕੋਈ ਢਿੱਲ ਨਹੀਂ ਛੱਡੀ ਜਾਵੇਗੀ ਅਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜਾਰੀ ਰੱਖਿਆ ਜਾਵੇਗਾ।