Deportation Row ਸ਼੍ਰੋਮਣੀ ਕਮੇਟੀ ਨੇ ਮਦਦ ਦਾ ਹੱਥ ਵਧਾਇਆ; ਡਿਪੋਰਟੀਆਂ ਨੂੰ ਲੋੜ ਅਨੁਸਾਰ ਘਰ ਪਹੁੰਚਾਉਣ ਦੀ ਪੇਸ਼ਕਸ਼
ਅਮਰੀਕਾ ਤੋਂ ਵਤਨ ਵਾਪਸ ਭੇਜੇ ਲੋਕਾਂ ਨਾਲ ਪ੍ਰਗਟਾਈ ਹਮਦਰਦੀ; ਹੱਥਕੜੀਆਂ ਤੇ ਬੇੜੀਆਂ ਲਾਉਣ ਦੇ ਅਣਮਨੁੱਖੀ ਵਿਹਾਰ ਦੀ ਨਿਖੇਧੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਫਰਵਰੀ
Deportation row ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਹੜੇ ਲੋਕ ਵਿਸ਼ੇਸ਼ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪੁੱਜ ਰਹੇ ਹਨ, ਸ਼੍ਰੋਮਣੀ ਕਮੇਟੀ ਉਨ੍ਹਾਂ ਲਈ ਰਿਹਾਇਸ਼ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲੋੜ ਮਹਿਸੂਸ ਕਰਨ ਉਹ ਹਵਾਈ ਅੱਡੇ ’ਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਸਟਾਫ਼ ਤੱਕ ਪਹੁੰਚ ਕਰ ਸਕਦੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਗੱਲ ਉੱਤੇ ਵੀ ਇਤਰਾਜ਼ ਪ੍ਰਗਟਾਇਆ ਕਿ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਵਿਅਕਤੀਆਂ ਨਾਲ ਅਣਮਨੁੱਖੀ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ। ਹੱਥਕੜੀਆਂ ਅਤੇ ਬੇੜੀਆਂ ਪਾ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਕਰਨਾ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਦੋਸ਼ ਕੋਈ ਅਜਿਹਾ ਨਹੀਂ ਹੈ ਕਿ ਇਨ੍ਹਾਂ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਜਾਵੇ। ਧਾਮੀ ਨੇ ਸਰਕਾਰਾਂ ਕੋਲੋਂ ਮੰਗ ਕੀਤੀ ਕਿ ਜਿਹੜੇ ਲੋਕ ਗ਼ੈਰ-ਕਾਨੂੰਨੀ ਪ੍ਰਵਾਸ ਲਈ ਲੋਕਾਂ ਪਾਸੋਂ ਲੱਖਾਂ ਰੁਪਏ ਲੈ ਕੇ ਧੋਖਾ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।