Comedian Kapil Sharma ਦੀਵਾਨ ਟੋਡਰ ਮੱਲ ਦੇ ਨਾਂ ’ਤੇ ਮਖੌਲ: ਕਾਮੇਡੀਅਨ ਕਪਿਲ ਸ਼ਰਮਾ ਖਿਲਾਫ਼ ਪੁਲੀਸ ਨੂੰ ਸ਼ਿਕਾਇਤ
ਗਗਨਦੀਪ ਅਰੋੜਾ
ਲੁਧਿਆਣਾ, 18 ਫਰਵਰੀ
‘The Kapil Sharma Show’ ਦੇ ਮੇਜ਼ਬਾਨ ਕਪਿਲ ਸ਼ਰਮਾ ਵੱਲੋਂ ਆਪਣੇ ਸ਼ੋਅ ਦੌਰਾਨ ਦੀਵਾਨ ਟੋਡਰ ਮੱਲ ਦੇ ਨਾਂ ਦਾ ਮਖੌਲ ਉਡਾਉਣ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਭੱਦਾ ਮਜ਼ਾਕ ਨਾ ਸਹਿਣਯੋਗ ਹੈ। ਇਸ ਦੇ ਵਿਰੋਧ ਵਿੱਚ ਲੁਧਿਆਣਾ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਪਿਲ ਸ਼ਰਮਾ ਖਿਲਾਫ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਜੋ ਇੱਕ ਕਾਮੇਡੀਅਨ ਕਲਾਕਾਰ ਹਨ, ਨੇ ਆਪਣੇ ਸ਼ੋਅ ਦੌਰਾਨ ਉਸ ਸ਼ਖਸੀਅਤ ਦਾ ਮਜ਼ਾਕ ਉਡਾਇਆ ਹੈ ਜਿਨ੍ਹਾਂ ਦੀ ਸਿੱਖ ਇਤਿਹਾਸ ਵਿੱਚ ਖਾਸ ਥਾਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਜ਼ਾਕ ਲਈ ਕਪਿਲ ਸ਼ਰਮਾ ਖਿਲਾਫ਼ ਕੇਸ ਦਰਜ ਕੀਤਾ ਜਾਵੇ।
ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਦੀਵਾਨ ਟੋਡਰ ਮੱਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਆਪਣੀ ਪੂਰੀ ਦੌਲਤ ਖਰਚ ਕਰਕੇ ਅਤੇ ਡੇਢ ਕੁਇੰਟਲ ਸੋਨੇ ਦੀਆਂ ਮੋਹਰਾਂ ਲਾ ਕੇ ਥਾਂ ਖਰੀਦੀ ਸੀ ਜੋ ਵਿਸ਼ਵ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਥਾਂ ਦੱਸੀ ਜਾ ਰਹੀ ਹੈ।
ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੇ ਸਿੱਖ ਭਾਈਚਾਰੇ ਅਤੇ ਹੋਰਨਾਂ ਨੂੰ ਇਸ ਮੁੱਦੇ ’ਤੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਤੋਂ ਵੀ ਕੋਈ ਅਜਿਹੀਆਂ ਸ਼ਖ਼ਸੀਅਤਾਂ ਵਿਰੁੱਧ ਭੱਦਾ ਮਜ਼ਾਕ ਨਾ ਕਰ ਸਕੇ।