DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ਵੱਲੋਂ ਫਾਸਟ ਟਰੈਕ ਸਟੂਡੈਂਟ ਵੀਜ਼ਾ ਬੰਦ

ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਪ੍ਰੋਗਰਾਮ ’ਤੇ ਰੋਕ ਲਾਈ
  • fb
  • twitter
  • whatsapp
  • whatsapp
Advertisement

* ਟਰੂਡੋ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ

* ਅਗਲੇ ਸਾਲ ਸਿਰਫ਼ 4.37 ਲੱਖ ਸਟੱਡੀ ਪਰਮਿਟ ਦੇਣ ਦਾ ਫੈਸਲਾ

Advertisement

ਨੇਹਾ ਸੈਣੀ

ਅੰਮ੍ਰਿਤਸਰ, 9 ਨਵੰਬਰ

ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਹੋਰ ਵੱਡਾ ਬਦਲਾਅ ਕਰਦਿਆਂ ਫਾਸਟ ਟਰੈਕ ਸਟੂਡੈਂਟ ਵੀਜ਼ਾ, ਜਿਸ ਨੂੰ ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਪ੍ਰੋਗਰਾਮ ਵੀ ਕਿਹਾ ਜਾਂਦਾ ਹੈ, ਨੂੰ ਤੁਰੰਤ ਬੰਦ ਕਰ ਦਿੱਤਾ ਹੈ। ਕੈਨੇਡਾ ਦੇ ਇਸ ਫੈਸਲੇ ਨਾਲ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ, ਖਾਸ ਕਰਕੇ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ’ਤੇ ਸਿੱਧਾ ਅਸਰ ਪਏਗਾ। ਐੱਸਡੀਐੱਸ ਪ੍ਰੋਗਰਾਮ 2018 ਵਿਚ ਸ਼ੁਰੂ ਕੀਤਾ ਗਿਆ ਸੀ ਤੇ ਇਸ ਦਾ ਮੁੱਖ ਮੰਤਵ ਭਾਰਤ, ਚੀਨ, ਪਾਕਿਸਤਾਨ ਤੇ ਫਿਲਪੀਨਜ਼ ਸਣੇ 14 ਮੁਲਕਾਂ ਦੇ ਉਮੀਦਵਾਰਾਂ, ਜੋ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਲਈ ਸਟੱਡੀ ਪਰਮਿਟ ਦੇ ਅਮਲ ਨੂੰ ਸਟ੍ਰੀਮਲਾਈਨ ਕਰਨਾ ਸੀ।

ਐੱਸਡੀਐੱਸ ਪ੍ਰੋਗਰਾਮ ਵਿਸ਼ੇਸ਼ ਕਰਕੇ ਕੌਮਾਂਤਰੀ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਸੀ, ਕਿਉਂਕਿ ਸਟੈਂਡਰਡ ਅਮਲ ਦੇ ਮੁਕਾਬਲੇ ਇਸ ਵਿਚ ਪਰਮਿਟ ਦੀ ਪ੍ਰਵਾਨਗੀ ਬਹੁਤ ਤੇਜ਼ (ਕਈ ਵਾਰ ਤਾਂ ਤਿੰਨ ਹਫ਼ਤਿਆਂ ਵਿਚ ਮਿਲ ਜਾਂਦੀ) ਸੀ। ਐੱਸਡੀਐੱਸ ਵੀਜ਼ਾ ਅਰਜ਼ੀ ਦੇ ਅਮਲ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿਚ ਆਮ ਕਰਕੇ ਤਿੰਨ ਤੋਂ ਚਾਰ ਹਫ਼ਤੇ ਲੱਗਦੇ ਹਨ, ਜਦੋਂਕਿ ਸਾਧਾਰਨ ਅਮਲ ਵਿਚ ਅੱਠ ਤੋਂ 12 ਹਫ਼ਤੇ ਅਤੇ ਕਈ ਵਾਰ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ। ਅੰਕੜਿਆਂ ਮੁਤਾਬਕ 2023 ਵਿਚ ਐੱਸਡੀਐੈੱਸ ਬਿਨੈਕਾਰਾਂ ਲਈ ਵੀਜ਼ੇ ਦੀ ਪ੍ਰਵਾਨਗੀ ਦਰ 73 ਫੀਸਦ ਸੀ, ਜਦੋਂਕਿ ਨਾਨ-ਐੱਸਡੀਐੇੱਸ ਬਿਨੈਕਾਰਾਂ ਲਈ ਇਹ ਦਰ 10 ਫੀਸਦ ਸੀ।

ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਨਾਇਜੀਰੀਆ ਸਟੂਡੈਂਟ ਐਕਸਪ੍ਰੈੱਸ (ਐੱਨਐੱਸਈ) ਪ੍ਰੋਗਰਾਮ ਵੀ ਬੰਦ ਕਰ ਦਿੱਤਾ ਹੈ। ਨਾਇਜੀਰੀਅਨ ਉਮੀਦਵਾਰਾਂ ਨੂੰ ਹੁਣ ਸਟੈਂਡਰਡ ਸਟੱਡੀ ਪਰਮਿਟ ਐਪਲੀਕੇਸ਼ਨ ਰੂਟ ਅਪਣਾਉਣਾ ਹੋਵੇਗਾ। ਕੈਨੇਡੀਅਨ ਸਰਕਾਰ ਨੇ ਸਾਲ 2025 ਵਿਚ 4.37 ਲੱਖ ਨਵੇਂ ਸਟੱਡੀ ਪਰਮਿਟ, ਜਿਸ ਵਿਚ ਪੋਸਟ-ਗਰੈਜੂਏਟ ਪ੍ਰੋਗਰਾਮਾਂ ਸਣੇ ਸਿੱਖਿਆ ਦੇ ਸਾਰੇ ਪੱਧਰ ਕਵਰ ਹੋਣਗੇ, ਦੇਣ ਦਾ ਹੀ ਫੈਸਲਾ ਕੀਤਾ ਹੈ। ਟਰੂਡੋ ਸਰਕਾਰ ਦੀ ਇਹ ਪੇਸ਼ਕਦਮੀ ਉੱਚ ਸਿੱਖਿਆ ਲਈ ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਇਕ ਹੋਰ ਝਟਕਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿਚ ਕੈਨੇਡਾ ਨੇ 2024 ਵਿਚ ਕੌਮਾਂਤਰੀ ਵਿਦਿਆਰਥੀਆਂ ਲਈ ਨਵੇਂ ਨੇਮ ਲਾਗੂ ਕੀਤੇ ਸਨ। ਇਸ ਵਿਚ ਸਟੱਡੀ ਪਰਮਿਟਾਂ ਦੀ ਗਿਣਤੀ ਦੋ ਸਾਲਾਂ ਵਿਚ 35 ਫੀਸਦ ਘਟਾਉਣਾ ਵੀ ਸ਼ਾਮਲ ਸੀ।

ਨਵੇਂ ਪ੍ਰਬੰਧ ਵਿਚ ਛੇ ਮਹੀਨਿਆਂ ਦੀ ਫੀਸ ਅਦਾ ਕਰਨ ਦਾ ਬਦਲ ਮਿਲੇਗਾ

ਇਮੀਗ੍ਰੇਸ਼ਨ ਮਾਹਿਰ ਤੇ ਐਸੋੋਸੀਏਸ਼ਨ ਆਫ਼ ਵੀਜ਼ਾ ਤੇ ਆਇਲਟਸ ਸੈਂਟਰਜ਼ ਦੇ ਪ੍ਰਧਾਨ ਬਿਕਰਮ ਝਬਾਲ ਨੇ ਕਿਹਾ, ‘‘ਮੌਜੂਦਾ ਸ਼ਰਤਾਂ ਤਹਿਤ ਐੱਸਡੀਐੱਸ ਵਰਗ ਵਿਚ ਅਰਜ਼ੀ ਦੀ ਪ੍ਰੋਸੈਸਿੰਗ ਨੂੰ ਸੱਤ ਤੋਂ 20 ਦਿਨ ਲੱਗਦੇ ਹਨ ਅਤੇ ਕਈ ਸ਼ਰਤਾਂ ਤਹਿਤ ਵੀਜ਼ੇ ਦੀ ਪ੍ਰਵਾਨਗੀ ਮਿਲਦੀ ਹੈ। ਵਿਦਿਆਰਥੀ ਹਾਇਰ ਗਾਰੰਟਿਡ ਆਮਦਨ ਸਰਟੀਫਿਕੇਟ ਦੇ ਨਾਲ ਇਕ ਸਾਲ ਫੀਸ ਦੀ ਅਗਾਊਂ ਅਦਾਇਗੀ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਮਾਈਗਰੇਸ਼ਨ ਬਜਟ 20-25 ਲੱਖ ਨੂੰ ਪਹੁੰਚ ਜਾਂਦਾ ਹੈ। ਹੁਣ ਐੱਸਡੀਐੱਸ ਦੀ ਗੈਰਮੌਜੂਦਗੀ ਵਿਚ ਵਿਦਿਆਰਥੀਆਂ ਨੂੰ ਸਿਰਫ਼ ਛੇ ਮਹੀਨਿਆਂ ਦੀ ਫੀਸ ਅਦਾ ਕਰਨ ਦਾ ਵਿਕਲਪ ਮਿਲੇਗਾ, ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੇ ਘਟੇ ਆਇਲਟਸ ਬੈਂਡ ਦੀ ਕੋਈ ਸ਼ਰਤ ਨਹੀਂ ਹੋਵੇਗੀ, ਕਿਉਂਕਿ ਬਹੁਤੇ ਵਿਦਿਆਰਥੀ ਸੱਤ ਜਾਂ ਇਸ ਤੋਂ ਵੱਧ ਬੈਂਡ, ਜੋ ਐੱਸਡੀਐੱਸ ਵੀਜ਼ਾ ਅਰਜ਼ੀ ਲਈ ਜ਼ਰੂਰੀ ਹਨ, ਲੈਣ ਵਿਚ ਨਾਕਾਮ ਰਹਿੰਦੇ ਹਨ। ਦੂਜੇ ਪਾਸੇ ਵੀਜ਼ਾ ਅਰਜ਼ੀਆਂ ਨੂੰ ਹੁਣ ਵੱਧ ਸਮਾਂ ਲੱਗੇਗਾ। ਵੀਜ਼ਾ ਪ੍ਰਵਾਨਗੀ ਦੀ ਸਫ਼ਲਤਾ ਦਰ ਬਾਰੇ ਵੀ ਤਸਵੀਰ ਸਾਫ਼ ਨਹੀਂ ਹੈ।’’ ਝਬਾਲ ਨੇ ਕਿਹਾ ਕਿ ਕੈਨੇਡਾ ਵਿਚ ਵਿਦਿਆਰਥੀ ਇਮੀਗ੍ਰੇਸ਼ਨ ਨੀਤੀ ਵਿਚ ਕੀਤੇ ਫੇਰਬਦਲ ਦਾ ਭਾਰਤੀ ਵਿਦਿਆਰਥੀਆਂ ’ਤੇ ਅਸਰ ਇਕ ਦੋ ਮਹੀਨਿਆਂ ਵਿਚ ਦਿਸੇਗਾ।

ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਮੌਜੂਦ ਪਰ ਉਹ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ: ਟਰੂਡੋ

* ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦੀਵਾਲੀ ਦੇ ਜਸ਼ਨਾਂ ਮੌਕੇ ਪਾਰਲੀਮੈਂਟ ਹਿੱਲ ਵਿਚ ਕੀਤੀ ਟਿੱਪਣੀ

ਓਟਵਾ, 9 ਨਵੰਬਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਖਾਲਿਸਤਾਨੀ ਹਮਾਇਤੀਆਂ ਦੀ ਮੌਜੂਦਗੀ ਦੀ ਗੱਲ ਕਬੂਲੀ ਹੈ ਪਰ ਉਨ੍ਹਾਂ ਨਾਲ ਹੀ ਸਾਫ਼ ਕਰ ਦਿੱਤਾ ਕਿ ਖਾਲਿਸਤਾਨੀ ਸਮਰਥਕ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਟਰੂਡੋ ਨੇ ਓਟਵਾ ਦੀ ਪਾਰਲੀਮੈਂਟ ਹਿੱਲ ਵਿਚ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਸਮਾਗਮ ਦੌਰਾਨ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ, ਜਦੋਂ ਖ਼ਾਲਿਸਤਾਨੀ ਕੱਟੜਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਾਰਨ ਕੈਨੇਡਾ ਤੇ ਭਾਰਤ ਦਰਮਿਆਨ ਕੂਟਨੀਤਕ ਵਿਵਾਦ ਸਿਖ਼ਰ ’ਤੇ ਹੈ। ਟਰੂਡੋ ਨੇ ਕਿਹਾ, ‘‘ਕੈਨੇਡਾ ਵਿਚ ਖ਼ਾਲਿਸਤਾਨ ਦੇ ਬਹੁਤ ਸਾਰੇ ਸਮਰਥਕ ਹਨ ਪਰ ਉਹ ਸਾਰੇ ਸਿੱਖਾਂ ਦੀ ਤਰਜਮਾਨੀ ਨਹੀਂ ਕਰਦੇ ਹਨ। ਠੀਕ ਉਸੇ ਤਰ੍ਹਾਂ ਕੈਨੇਡਾ ਵਿਚ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਸਰਕਾਰ ਦੇ ਸਮਰਥਕ ਹਨ ਪਰ ਉਹ ਸਾਰੇ ਹਿੰਦੂ ਕੈਨੇਡੀਅਨਾਂ ਦੀ ਨੁਮਾਇੰਦਗੀ ਨਹੀਂ ਕਰਦੇ।’’ ਪਿਛਲੇ ਸਾਲ ਸਤੰਬਰ ਵਿਚ ਟਰੂਡੋ ਵੱਲੋਂ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤ ਸਰਕਾਰ ਦੇ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਲਾਏ ਦੋਸ਼ਾਂ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਲਖੀ ਵਧ ਗਈ ਸੀ। ਨਵੀਂ ਦਿੱਲੀ ਨੇ ਹਾਲਾਂਕਿ ਟਰੂਡੋ ਦੇ ਦੋਸ਼ਾਂ ਨੂੰ ‘ਹਾਸੋਹੀਣੇ’ ਤੇ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਸੀ। ਭਾਰਤ ਨੇ ਓਟਵਾ ਦੇ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰਦਿਆਂ ਨਵੀਂ ਦਿੱਲੀ ਵਿਚਲੇ ਛੇੇ ਕੈਨੇਡੀਅਨ ਕੂਟਨੀਤਕਾਂ ਨੂੰ ਮੁਅੱਤਲ ਅਤੇ ਕੈਨੇਡਾ ਵਿਚ ਆਪਣੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ‘ਨਿਸ਼ਾਨਾ’ ਬਣਾਏ ਜਾ ਰਹੇ ਹੋਰਨਾਂ ਅਧਿਕਾਰੀਆਂ ਨੂੰ ਵਾਪਸ ਸੱਦ ਲਿਆ ਸੀ। ਭਾਰਤ ਵਾਰ ਵਾਰ ਦੁਹਰਾਉਂਦਾ ਰਿਹਾ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਮੁੱਖ ਮੁੱਦਾ ਕੈਨੇਡਾ ਵੱਲੋਂ ਆਪਣੀ ਧਰਤੀ ’ਤੇ ਖਾਲਿਸਤਾਨੀ ਹਮਾਇਤੀਆਂ ਨੂੰ ਸ਼ਹਿ ਦੇਣਾ ਹੈ। -ਪੀਟੀਆਈ

ਕੈਨੇਡੀਅਨਾਂ ਨੂੰ ਗੁਮਰਾਹ ਕਰ ਰਹੇ ਹਨ ਸਿਆਸਤਦਾਨ: ਆਰੀਆ

ਟੋਰਾਂਟੋ:

ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਸ਼ਰਧਾਲੂਆਂ ਉੱਤੇ ਖਾਲਿਸਤਾਨੀ ਕੱਟੜਵਾਦੀਆਂ ਵੱਲੋਂ ਕੀਤੇ ਕਥਿਤ ਹਮਲੇ ਦੀ ਨਿਖੇਧੀ ਕੀਤੀ ਹੈ। ਉਂਝ ਉਨ੍ਹਾਂ ਇਸ ਘਟਨਾ ਨੂੰ ਹਿੰਦੂ-ਸਿੱਖ ਮਸਲੇ ਵਜੋਂ ਪੇਸ਼ ਕੀਤੇ ਜਾਣ ਲਈ ਸਿਆਸਤਦਾਨਾਂ ਦੀ ਨੁਕਤਾਚੀਨੀ ਕੀਤੀ। ਆਰੀਆ ਨੇ ਦਲੀਲ ਦਿੱਤੀ ਕਿ ਘਟਨਾ ਨੂੰ ਦਿੱਤੀ ਰੰਗਤ ਗੁਮਰਾਹਕੁਨ ਤੇ ਵੰਡੀਆਂ ਪਾਉਣ ਵਾਲੀ ਹੈ। ਆਰੀਆ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਸਾਂਝੇ ਕੀਤੇ ਬਿਆਨ ਵਿਚ ਲਿਖਿਆ, ‘‘ਹਿੰਦੂ ਕੈਨੇਡੀਅਨਾਂ ਤੇ ਬਹੁਗਿਣਤੀ ਸਿੱਖ-ਕੈਨੇਡੀਅਨਾਂ ਵੱਲੋਂ, ਮੈਂ ਇਕ ਵਾਰ ਫਿਰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਸ਼ਰਧਾਲੂਆਂ ਉੱਤੇ ਖਾਲਿਸਤਾਨੀ ਹਮਾਇਤੀਆਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਸਿਆਸਤਦਾਨ ਜਾਣਬੁੱਝ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀਆਂ ਉੱਤੇ ਪਾਉਣ ਤੋਂ ਬਚ ਰਹੇ ਹਨ ਜਾਂ ਫਿਰ ਹੋਰਨਾਂ ਸਿਰ ਦੋਸ਼ ਮੜ ਰਹੇ ਹਨ। ਉਹ ਇਸ ਘਟਨਾ ਨੂੰ ਹਿੰਦੂਆਂ ਤੇ ਸਿੱਖਾਂ ਦਰਮਿਆਨ ਮਸਲੇ ਵਜੋਂ ਪੇਸ਼ ਕਰਕੇ ਕੈਨੇਡੀਅਨਾਂ ਨੂੰ ਗੁਮਰਾਹ ਕਰ ਰਹੇ ਹਨ। ਇਹ ਸੱਚ ਨਹੀਂ ਹੈ।’’ਆਰੀਆ ਨੇ ਕਿਹਾ ਕਿ ਅਤੀਤ ਵਿਚ ਹਿੰਦੂਆਂ ਤੇ ਸਿੱਖਾਂ ਦੇ ਪਰਿਵਾਰਕ ਰਿਸ਼ਤੇ ਰਹੇ ਹਨ ਤੇ ਉਨ੍ਹਾਂ ਦੀ ਇਕ ਦੂਜੇ ਨਾਲ ਸਮਾਜਿਕ ਤੇ ਸਭਿਆਚਾਰਕ ਸਾਂਝ ਹੈ। ਉਨ੍ਹਾਂ ਦੋਵਾਂ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਿਆਸਤਦਾਨਾਂ ਨੂੰ ਗ਼ਲਤ ਸਾਬਤ ਕਰਨ। -ਏਐੱਨਆਈ

Advertisement
×