ਅੰਮ੍ਰਿਤਸਰ-ਪਠਾਨਕੋਟ ਮਾਰਗ ’ਤੇ ਬੱਸ ਅਤੇ ਟਿੱਪਰ ਦੀ ਟੱਕਰ; ਦੋ ਹਲਾਕ; ਕਈ ਜ਼ਖਮੀ
ਮਹਿਲਾ ਤੇ 14 ਸਾਲਾ ਬੱਚੇ ਦੀ ਹੋੲੀ ਮੌਤ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
ਇੱਥੇ ਅੱਡਾ ਗੋਪਾਲਪੁਰਾ ਨੇੜੇ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ’ਤੇ ਇੱਕ ਪ੍ਰਾਈਵੇਟ ਬੱਸ ਤੇ ਟਿੱਪਰ ਟਰੱਕ ਦੀ ਟੱਕਰ ਹੋ ਗਈ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਮਹਿਲਾ ਤੇ ਇੱਕ 14 ਸਾਲਾ ਬੱਚਾ ਵੀ ਸ਼ਾਮਲ ਹੈ।
ਚਸ਼ਮਦੀਦਾਂ ਮੁਤਾਬਕ ਐਚਐਸ ਪ੍ਰੀਮਿਕਸ ਕੰਪਨੀ ਦਾ ਟਿੱਪਰ ਆਪਣੇ ਡੰਪ ਵੱਲ ਬਿਨਾਂ ਕਿਸੇ ਸੰਕੇਤ ਦੇ ਮੁੜ ਗਿਆ। ਇਸ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਆ ਰਹੀ ਏਬੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ (ਨੰਬਰ PB-02-CC-6780) ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ। ਟਰੱਕ ਤੇ ਬੱਸ ਦੀ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਸਾਰਾ ਨੁਕਸਾਨਿਆ ਗਿਆ।
ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲੀਸ ਤੇ ਐਂਬੂਲੈਂਸ ਟੀਮਾਂ ਪਹੁੰਚ ਗਈਆਂ ਤੇ ਪੁਲੀਸ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਗਿਆ। ਪੁਲੀਸ ਵਲੋਂ ਦੋਵੇਂ ਵਾਹਨ ਵੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਪੁਲੀਸ ਦੀ ਟੀਮ ਕਾਫੀ ਦੇਰੀ ਨਾਲ ਪੁੱਜੀ। ਜਦੋਂ ਸਥਾਨਕ ਵਾਸੀਆਂ ਨੇ ਪੁਲੀਸ ਨੂੰ ਸਵਾਲ ਕੀਤਾ ਤਾਂ ਪੁਲੀਸ ਅਧਿਕਾਰੀ ਨੇ ਲੋਕਾਂ ਨਾਲ ਦੁਰਵਿਹਾਰ ਕੀਤਾ। ਇਸ ਹਾਦਸੇ ਤੋਂ ਬਾਅਦ ਸੜਕ ’ਤੇ ਕਈ ਕਿਲੋਮੀਟਰ ਤਕ ਲੰਬਾ ਜਾਮ ਲਗ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

