ਬੀਐੱਸਐੱਫ ਨੇ 2 ਕਿੱਲੋਂ ਤੋਂ ਵੱਧ ਹੈਰੋਇਨ ਸਮੇਤ 6 ਡਰੋਨ ਬਰਾਮਦ ਕੀਤੇ
ਬੀਐੱਸਐਫ ਕੌਮਾਂਤਰੀ ਸਰਹੱਦ ’ਤੇ ਵੱਡੀ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਵੱਲੋਂ ਤਸਕਰੀ ਲਈ ਵਰਤੇ ਜਾ ਰਹੇ ਛੇ ਡਰੋਨ ਅਤੇ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਡਿਊਟੀ ਤੇ ਚੌਕਸ ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ ਪਾਕਿ ਵੱਲੋਂ ਕੀਤੀ ਗਈ ਲਗਾਤਾਰ ਡਰੋਨ ਘੁਸਪੈਠ ਨੂੰ ਰੋਕਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਪਿੰਡ ਪੁੱਲ ਮੋਰਾਂ ਦੇ ਨੇੜੇ ਖੇਤਾਂ ਵਿੱਚੋਂ ਸ਼ੱਕੀ ਹੈਰੋਇਨ ਦੇ ਤਿੰਨ ਪੈਕੇਟ, ਜਿਸ ਵਿੱਚ ਲਗਭਗ ਇੱਕ ਕਿਲੋ 744 ਗ੍ਰਾਮ ਹੈਰੋਇਨ ਅਤੇ ਚਾਰ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦੇ ਡਰੋਨ ਬਰਾਮਦ ਹੋਏ ਹਨ। ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਡਰੋਨ ਨਾਲ ਜੁੜੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਰਾਤ ਵੇਲੇ ਪਿੰਡ ਰੋੜਾ ਵਾਲਾ ਖੁਰਦ ਨੇੜੇ ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਵਿੱਚ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਇੱਕ ਹੋਰ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੋਨ ਵੀ ਡੀਜੀਆਈ ਮੈਵਿਕ-3 ਕਲਾਸਿਕ ਸ਼੍ਰੇਣੀ ਦਾ ਹੈ ਅਤੇ ਇਸ ਨੂੰ ਵੀ ਕਾਊਂਟਰ ਡਰੋਨ ਸਿਸਟਮ ਦੇ ਨਾਲ ਬੇਅਸਰ ਕਰਕੇ ਸੁੱਟਿਆ ਗਿਆ ਹੈ।
ਇੱਕ ਹੋਰ ਕਾਰਵਾਈ ਦੌਰਾਨ ਅੱਜ ਤੜਕਸਾਰ ਪਿੰਡ ਧਨੋਏ ਕਲਾਂ ਦੇ ਨੇੜੇ ਇੱਕ ਹੋਰ ਡਰੋਨ ’ਤੇ ਗੋਲੀ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਬੀਐੱਸਐੱਫ ਨੇ ਸਰਹੱਦ ਤੇ ਕੀਤੇ ਕਾਊਂਟਰ ਡਰੋਨ ਅਪਰੇਸ਼ਨ ਤਹਿਤ ਪਾਕਿਸਤਾਨ ਵੱਲੋਂ ਆਏ ਛੇ ਡਰੋਨ ਬਰਾਮਦ ਕੀਤੇ ਹਨ ਅਤੇ ਦੋ ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।