ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬੀਐੱਸਐੱਫ਼ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਮੁਹਿੰਮ ਚਲਾਈ ਹੈ, ਜਿਸ ਨਾਲ ਕਈ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਬੀਐੱਸਐੱਫ ਬਚਾਅ ਟੀਮਾਂ ਨੇ ਪਿੰਡ ਮਕੋਰਾ ਅਤੇ ਚੱਕਮਾਕੋਡਾ ਵਿੱਚ ਇਸ ਵਿਸ਼ੇਸ਼ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਬੀਐੱਸਐੱਫ ਵਾਟਰ ਵਿੰਗ ਦੇ ਕਰਮਚਾਰੀਆਂ ਵੱਲੋਂ ਹਵਾ ਨਾਲ ਫੁੱਲਣ ਵਾਲੀਆਂ ਕਿਸ਼ਤੀਆਂ ਦੀ ਮਦਦ ਨਾਲ 70 ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਵਿੱਚ ਇੱਕ ਹੋਰ ਬਚਾਅ ਮੁਹਿੰਮ ਚਲਾਈ ਗਈ, ਜਿੱਥੇ ਬੀਐੱਸਐੱਫ ਕਰਮਚਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਸਤਲੁਜ ਦਰਿਆ ਦੇ ਪਾਰ 14 ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਮਹਾਰ ਜਮਸ਼ੇਰ ਦੇ ਇੱਕ ਬਿਮਾਰ ਬਜ਼ੁਰਗ ਵਿਅਕਤੀ ਨੂੰ ਬੀਐੱਸਐੱਫ ਜਵਾਨਾਂ ਵੱਲੋਂ ਸੁਰੱਖਿਅਤ ਢੰਗ ਨਾਲ ਸਿਵਲ ਹਸਪਤਾਲ, ਫਾਜ਼ਿਲਕਾ ਪਹੁੰਚਾਇਆ ਗਿਆ।
ਸਿਵਲ ਅਧਿਕਾਰੀਆਂ ਅਤੇ ਸਰਹੱਦੀ ਨਿਵਾਸੀਆਂ ਨੇ ਸਰਹੱਦੀ ਖੇਤਰਾਂ ਵਿੱਚ ਚੱਲ ਰਹੀ ਹੜ੍ਹ ਦੀ ਸਥਿਤੀ ਦੌਰਾਨ ਜਾਨਾਂ ਬਚਾਉਣ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਬੀਐੱਸਐੱਫ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਬੀਤੇ ਕੱਲ੍ਹ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।