ਬਟਾਲਾ ਗਰਨੇਡ ਹਮਲੇ ’ਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਅਤਿਵਾਦੀ ਦਿੱਲੀ ’ਚ ਗ੍ਰਿਫਤਾਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬਟਾਲਾ ਵਿੱਚ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ 29 ਸਾਲਾ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਦੀ ਪਛਾਣ ਆਕਾਸ਼ ਦੀਪ ਉਰਫ਼ ਆਕਾਸ਼ ਸਿੰਘ ਵਜੋਂ ਹੋਈ ਹੈ। ਉਹ ਦਿੱਲੀ ਦੇ ਇੱਕ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਹੋਰ ਵੇਰਵੇ ਸਮੇਂ ਸਿਰ ਸਾਂਝੇ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ 6 ਅਪਰੈਲ ਨੂੰ ਬਟਾਲਾ ਦੇ ਕਿਲਾ ਲਾਲ ਸਿੰਘ ਪੁਲੀਸ ਸਟੇਸ਼ਨ ’ਤੇ ਇੱਕ ਸ਼ੱਕੀ ਗਰਨੇਡ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਬਾਅਦ ਵਿੱਚ ਬੀ.ਕੇ.ਆਈ. ਅਤਿਵਾਦੀ ਹੈਪੀ ਪਾਸੀਆ ਨੇ ਸੋਸ਼ਲ ਮੀਡੀਆ ’ਤੇ ਲਈ ਸੀ। ਅਤਿਵਾਦੀ ਸੰਗਠਨ ਨੇ ਦਾਅਵਾ ਕੀਤਾ ਸੀ ਕਿ ਹਮਲੇ ਵਿੱਚ ਇੱਕ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਪੰਜਾਬ ਪੁਲੀਸ ਅਨੁਸਾਰ ਪੁਲੀਸ ਸਟੇਸ਼ਨ ਦੀ ਇਮਾਰਤ ਦੀ ਸ਼ੁਰੂਆਤੀ ਜਾਂਚ ਵਿੱਚ ਮੌਕੇ ’ਤੇ ਕਿਸੇ ਵੀ ਧਮਾਕੇ ਦੇ ਕੋਈ ਸੰਕੇਤ ਨਹੀਂ ਮਿਲੇ।