ਅੰਮ੍ਰਿਤਸਰ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਨਾਬਾਲਗ ਸਮੇਤ ਦੋ ਜਣੇ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਜਨਤਕ ਥਾਵਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਮਾਮਲੇ ਨੂੰ 24 ਘੰਟਿਆਂ ਵਿਚ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਖਾਲਸਾ ਕਾਲਜ, ਜ਼ਿਲ੍ਹਾ ਅਦਾਲਤ ਅਤੇ ਇਕ ਧਰਮ ਅਸਥਾਨ ਦੀ ਬਾਹਰਲੀ ਕੰਧ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਅਮਰੀਕਾ ਸਥਿਤ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
In a major breakthrough, Amritsar Commissionerate Police cracks the Pro-Khalistan #Graffiti case reported on the night of August 6–7 at three locations in the city. Two accused, including a minor—both residents of Dargabad village, #Batala—have been apprehended within 24 hours.… pic.twitter.com/2LgY6Pys7M
— DGP Punjab Police (@DGPPunjabPolice) August 8, 2025
ਪੁਲੀਸ ਨੇ ਅੱਜ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਟਾਲਾ ਦੇ ਦਰਗਾਬਾਦ ਪਿੰਡ ਦੇ ਜਸ਼ਨਪ੍ਰੀਤ ਸਿੰਘ (22) ਅਤੇ ਇੱਕ ਹੋਰ 17 ਸਾਲਾ ਨਾਬਾਲਗ ਵਜੋਂ ਹੋਈ ਹੈ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼-ਅਧਾਰਤ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਦੇ ਸੰਪਰਕ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਗੁਰਪਤਵੰਤ ਪੰਨੂ ਦੇ ਨਿਰਦੇਸ਼ਾਂ ’ਤੇ ਇਹ ਕਾਰਵਾਈ ਕਰਨ ਲਈ ਕਿਹਾ ਸੀ। ਮੁਲਜ਼ਮਾਂ ਨੇ ਆਪਣੇ ਸੰਚਾਲਕਾਂ ਤੋਂ ਨਿਰਦੇਸ਼ ਮਿਲਣ ਉਪਰੰਤ ਸੋਸ਼ਲ ਮੀਡੀਆ ਮੋਬਾਈਲ-ਐਪ ਸਨੈਪਚੈਟ ਤੋਂ ਡਿਜ਼ਾਈਨ ਦੇਖ ਕੇ ਇਹ ਖਾਲਿਸਤਾਨ-ਪੱਖੀ ਨਾਅਰੇ ਲਿਖਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ, ਪਰ ਉਨ੍ਹਾਂ ਨੂੰ ਵਾਅਦੇ ਅਨੁਸਾਰ ਆਪਣੇ ਕੰਮ ਦਾ ਭੁਗਤਾਨ ਨਹੀਂ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀਸੀਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਲੁਭਾਉਣ ਲਈ ਖਾਲਿਸਤਾਨ ਪੱਖੀ ਨਾਅਰੇ ਲਿਖਣ ਬਦਲੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ, ਜੋ ਉਨ੍ਹਾਂ ਨੂੰ ਨਹੀਂ ਮਿਲੇ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਸ਼ਨਪ੍ਰੀਤ ਨੇ ਨਾਬਾਲਗ ਵਿਅਕਤੀ ਨਾਲ ਮਿਲ ਕੇ ਬਟਾਲਾ ਤੋਂ ਸਪਰੇਅ ਪੇਂਟ ਖਰੀਦਿਆ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਸ ਉਪਰੰਤ ਉਨ੍ਹਾਂ ਵੱਲੋਂ ਸਬੂਤ ਵਜੋਂ ਸ਼ੇਰਾ ਮਾਨ ਨਾਲ ਇਸ ਕਾਰਵਾਈ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।
ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਬਾਰੇ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲੀਸ ਥਾਣਿਆਂ ਕੰਟੋਨਮੈਂਟ, ਡਿਵੀਜ਼ਨ-ਏ ਅਤੇ ਸਿਵਲ ਲਾਈਨਜ਼ ਵਿਖੇ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਹਨ।