ਅੰਮ੍ਰਿਤਸਰ: ਮਹਿਲਾ ਡਰੱਗ ਸਪਲਾਇਰ ਸਣੇ ਤਿੰਨ ਕਾਬੂ, 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਇਕ ਨਾਕੇ ’ਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਮਹਿਲਾ ਅਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਇਨ੍ਹਾਂ ਕੋਲੋਂ 3.120 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੱਗ ਨੈੱਟਵਰਕ ਕਥਿਤ ਤੌਰ ’ਤੇ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਨਿਰਦੇਸ਼ਾਂ ’ਤੇ...
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਇਕ ਨਾਕੇ ’ਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਮਹਿਲਾ ਅਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਇਨ੍ਹਾਂ ਕੋਲੋਂ 3.120 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੱਗ ਨੈੱਟਵਰਕ ਕਥਿਤ ਤੌਰ ’ਤੇ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 21-ਸੀ, 29, 61, 85 ਤਹਿਤ ਥਾਣਾ ਮੋਹਕਮਪੁਰਾ ਵਿਚ ਦਰਜ ਕੀਤੀ ਗਈ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੋਹਕਮਪੁਰਾ ਦੇ ਕ੍ਰਿਸ਼ਨਾ ਨਗਰ ਸਥਿਤ ਸਿਲਵਰ ਸਟੋਨ ਸਕੂਲ ਨੇੜੇ ਰੁਟੀਨ ਫੀਲਡ ਨਿਗਰਾਨੀ ਅਤੇ ਨਾਕੇ ਦੀ ਚੈਕਿੰਗ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਇੱਕ ਮਹਿਲਾ ਨੂੰ ਇੱਕ ਸ਼ੱਕੀ ਪੈਕੇਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਮਹਿਲਾ ਦੀ ਸ਼ਨਾਖਤ ਮੋਹਕਮਪੁਰਾ ਦੇ ਤੁੰਗਪਾਈ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ ਕੁੱਲ 3.120 ਕਿਲੋਗ੍ਰਾਮ ਛੇ ਪੈਕੇਟ ਹੈਰੋਇਨ ਬਰਾਮਦ ਕੀਤੇ ਹਨ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਹਰਪ੍ਰੀਤ ਕੌਰ (23) ਨੇ ਚਾਰ ਹੋਰਨਾਂ ਮੁਸਕਾਨ (18), ਨੀਰਜ ਸ਼ਰਮਾ (22), ਦੋਵੇਂ ਤੁੰਗਪਾਈ, ਅਰਸ਼ਦੀਪ ਸਿੰਘ ਭੈਣੀ ਰਾਜਪੂਤਾ ਪਿੰਡ, ਤੇ ਉਸ ਦੇ ਪਤੀ ਸਾਗਰ ਵਾਸੀ ਤੁੰਗਪਾਈ ਦੀ ਡਰੱਗ ਸਪਲਾਈ ਨੈੱਟਵਰਕ ਵਿੱਚ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਸਕਾਨ ਅਤੇ ਨੀਰਜ ਸ਼ਰਮਾ ਨੂੰ ਲੱਭ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਦੋਵੇਂ ਭੈਣ-ਭਰਾ ਹਨ, ਜਦੋਂ ਕਿ ਹਰਪ੍ਰੀਤ ਕੌਰ ਉਨ੍ਹਾਂ ਦੀ ਭਰਜਾਈ ਹੈ। ਅਧਿਕਾਰੀਆਂ ਅਨੁਸਾਰ ਸ਼ੱਕ ਤੋਂ ਬਚਣ ਲਈ ਨੈੱਟਵਰਕ ਵਿੱਚ ਔਰਤਾਂ ਦੀ ਰਣਨੀਤਕ ਵਰਤੋਂ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਪਾਕਿਸਤਾਨ ਸਥਿਤ ਇੱਕ ਹੈਂਡਲਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਹੈਰੋਇਨ ਦੀ ਖੇਪ ਅੱਗੇ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ। ਭੁੱਲਰ ਨੇ ਕਿਹਾ ਕਿ ਪੁਲੀਸ ਨੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਨੈੱਟਵਰਕ ਦੇ ਪਾਕਿਸਤਾਨ ਸਥਿਤ ਲਿੰਕਾਂ ਦੀ ਹੋਰ ਜਾਂਚ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

