ਅੰਮ੍ਰਿਤਸਰ ਮੰਦਰ ’ਤੇ ਗ੍ਰਨੇਡ ਹਮਲਾ: ਐੱਨਆਈਏ ਵੱਲੋਂ ਤਿੰਨ ਖਿਲਾਫ਼ ਚਾਰਜਸ਼ੀਟ ਦਾਖਲ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸ ਸਾਲ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਦੇ ਛੇਹਰਟਾ ਵਿੱਚ ਠਾਕੁਰਦੁਆਰਾ ਸਨਾਤਨ ਮੰਦਰ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ।
ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਪੇਸ਼ ਕੀਤੀ ਗਈ ਆਪਣੀ ਚਾਰਜਸ਼ੀਟ ਵਿੱਚ ਵਿਸ਼ਾਲ ਗਿੱਲ ਉਰਫ਼ ਚੂਚੀ, ਭਗਵੰਤ ਸਿੰਘ ਉਰਫ਼ ਮੰਨਾ ਭੱਟੀ ਅਤੇ ਦੀਵਾਨ ਸਿੰਘ ਉਰਫ਼ ਸੰਨੀ ਨੂੰ 15 ਮਾਰਚ ਦੇ ਹਮਲੇ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਨਾਮਜ਼ਦ ਕੀਤਾ ਹੈ।
ਗਿੱਲ ਦੀ ਪਛਾਣ ਦੋ ਬਾਈਕ ਸਵਾਰ ਹਮਲਾਵਰਾਂ ਵਿੱਚੋਂ ਇੱਕ ਵਜੋਂ ਹੋਈ ਸੀ ਜਿਨ੍ਹਾਂ ਨੇ 15 ਮਾਰਚ ਦੀ ਸਵੇਰ ਨੂੰ ਗ੍ਰਨੇਡ ਸੁੱਟਿਆ ਸੀ। ਉਸ ਦਾ ਸਾਥੀ ਗੁਰਸਿਦਕ ਸਿੰਘ ਉਰਫ਼ ਸਿਦਕੀ ਦੋ ਦਿਨ ਬਾਅਦ ਇੱਕ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਧਿਕਾਰੀ ਅਨੁਸਾਰ ਭਗਵੰਤ ਸਿੰਘ ਨੇ ਹਮਲਾਵਰਾਂ ਨੂੰ ਪਨਾਹ ਦਿੱਤੀ, ਗ੍ਰਨੇਡ ਲੁਕਾਏ, ਜਾਸੂਸੀ ਲਈ ਮੋਟਰਸਾਈਕਲਾਂ ਦਾ ਪ੍ਰਬੰਧ ਕੀਤਾ ਅਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਦੀਵਾਨ ਸਿੰਘ ਨੂੰ ਸਹਿ-ਮੁਲਜ਼ਮਾਂ ਨੂੰ ਪਨਾਹ ਦੇਣ ਅਤੇ ਸਬੂਤ ਨਸ਼ਟ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਹੈ।
ਇੱਕ ਹੋਰ ਮੁੱਖ ਮੁਲਜ਼ਮ ਸ਼ਰਨਜੀਤ ਕੁਮਾਰ ਨੂੰ 5 ਸਤੰਬਰ ਨੂੰ ਬਿਹਾਰ ਦੇ ਗਯਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਉਸ ਦੇ ਅਤੇ ਫਰਾਰ ਮੁਲਜ਼ਮ ਬਾਦਲਪ੍ਰੀਤ ਸਿੰਘ, ਜੋ ਕਿ ਵਿਦੇਸ਼ ਵਿੱਚ ਮੰਨਿਆ ਜਾਂਦਾ ਹੈ, ਵਿਰੁੱਧ ਜਾਂਚ ਜਾਰੀ ਹੈ।’’ ਏਜੰਸੀ ਨੇ ਕਿਹਾ ਕਿ ਉਸ ਤੋਂ ਕੀਤੀ ਪੁੱਛਪੜਤਾਲ ਵਿੱਚ ਯੂਪੀਆਈ ਅਤੇ ਐੱਮਟੀਐਸਐਸ ਚੈਨਲਾਂ ਰਾਹੀਂ ਵਿਦੇਸ਼ੀ ਹੈਂਡਲਰਾਂ ਤੋਂ ਸਥਾਨਕ ਸੰਚਾਲਕਾਂ ਨੂੰ ਅਤਿਵਾਦੀ ਫੰਡਾਂ ਦੇ ਟ੍ਰਾਂਸਫਰ ਦਾ ਖੁਲਾਸਾ ਹੋਇਆ ਹੈ।
ਅਧਿਕਾਰੀ ਨੇ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਟਰੈਕ ਕਰਨ, ਭਗੌੜਿਆਂ ਦੀ ਪਛਾਣ ਕਰਨ ਅਤੇ ਮਾਡਿਊਲ ਦੇ ਕੌਮਾਂਤਰੀ ਸਬੰਧਾਂ ਬਾਰੇ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਅਤੇ ਇਸ ਤੋਂ ਬਾਹਰ ਡਰ ਫੈਲਾਉਣ ਅਤੇ ਫਿਰਕੂ ਅਸ਼ਾਂਤੀ ਭੜਕਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ।