ਅੰਮ੍ਰਿਤਸਰ: ਗੋਲੀਬਾਰੀ ਦੌਰਾਨ ਲੋੜੀਂਦਾ ਮੁਲਜ਼ਮ ਕਾਬੂ
ਜਿਲ੍ਹਾ ਦਿਹਾਤੀ ਪੁਲੀਸ ਨੇ ਬੀਤੀ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਇੱਕ ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਸਦੀ ਪਛਾਣ ਉਜਵਲ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ...
ਜਿਲ੍ਹਾ ਦਿਹਾਤੀ ਪੁਲੀਸ ਨੇ ਬੀਤੀ ਰਾਤ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਇੱਕ ਪਿਸਤੌਲ, ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਇਸਦੀ ਪਛਾਣ ਉਜਵਲ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਜੰਡਿਆਲਾ ਦੇ ਕਿਰਪਾਲ ਸਿੰਘ ਜੋ ਕਿ ਪੰਸਾਰੀ ਦੀ ਦੁਕਾਨ ਕਰਦਾ ਹੈ, ’ਤੇ ਸ਼ਾਮ 7:30 ਵਜੇ 3 ਅਣਪਛਾਤੇ ਸ਼ੂਟਰਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਨਾਮਜਦ ਕੀਤਾ ਸੀ, ਜਿਨਾਂ ਵਿੱਚ ਆਕਾਸ਼ ਅਤੇ ਉੱਜਵਲ ਦੋਵੇਂ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਅਤੇ ਰਵੀ ਵਾਸੀ ਪਿੰਡ ਪੰਡੋਰੀ ਸ਼ਾਮਿਲ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਨਾਮਜਦ ਤਿੰਨ ਮੁਲਜ਼ਮਾਂ ਵਿੱਚ ਸ਼ਾਮਿਲ ਉੱਜਵਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਉਦੋਕੇ ਤੋਂ ਪਿੰਡ ਬੋਪਾ ਰਾਏ ਵੱਲ ਨੂੰ ਜਾ ਰਿਹਾ ਹੈ। ਪੁਲੀਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਬੋਪਾ ਰਾਏ ਨੇੜੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਆਪਣਾ ਮੋਟਰਸਾਈਕਲ ਮੋੜ ਕੇ ਭੱਜਣ ਦਾ ਯਤਨ ਕੀਤਾ ਅਤੇ ਡਿੱਗ ਗਿਆ।
ਇਸ ਦੌਰਾਨ ਮੁਲਜਮ ਨੇ ਆਪਣੀ ਪਿਸਤੌਲ ਨਾਲ ਪੁਲੀਸ ਤੇ ਗੋਲੀ ਚਲਾ ਦਿੱਤੀ ਅਤੇ ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਮੁਲਜਮ ਦੀ ਲੱਤ ਤੇ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜਮ ਨੂੰ ਮੌਕੇ ਤੋਂ ਕਾਬੂ ਕਰਦਿਆਂ ਪੁਆਇੰਟ 30 ਬੋਰ ਦਾ ਇੱਕ ਪਿਸਤੌਲ ,ਤਿੰਨ ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਮੁਲਜ਼ਮ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

