Amritsar News ਸੁਰੱਖਿਆ ਕਰਮਚਾਰੀ ਵੱਲੋਂ ਬਦਸਲੂਕੀ, GNDU ਵਿਦਿਆਰਥੀਆਂ ਨੇ ਦੋਵੇਂ ਦਾਖਲਾ ਗੇਟ ਬੰਦ ਕਰਕੇ ਲਾਇਆ ਧਰਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ(GNDU) ਦੇ ਵਿਦਿਆਰਥੀਆਂ ਨੇ ਅੱਜ ਯੂਨੀਵਰਸਿਟੀ ਵਿੱਚ ਸੁਰੱਖਿਆ ਕਰਮਚਾਰੀਆਂ ਖਿਲਾਫ ਰੋਸ ਵਿਖਾਵਾ ਕਰਦਿਆਂ ਯੂਨੀਵਰਸਿਟੀ ਦੇ ਦੋਵੇਂ ਦਾਖਲਾ ਗੇਟ ਬੰਦ ਕਰਕੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸੁਰੱਖਿਆ ਕਰਮਚਾਰੀਆਂ ’ਤੇ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ। ਇਹ ਮਾਮਲਾ ਉਸ ਵੇਲੇ ਖਤਮ ਹੋਇਆ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇੱਕ ਸੁਰੱਖਿਆ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਇੱਕ ਮਾਮਲੇ ਨੂੰ ਲੈ ਕੇ ਹੋਸਟਲ ਦੇ ਦੋ ਵਿਦਿਆਰਥੀਆਂ ਦੀ ਸੁਰੱਖਿਆ ਕਰਮਚਾਰੀ ਨਾਲ ਬਹਿਸ ਹੋਈ ਸੀ। ਇਹ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਇਹ ਵਿਦਿਆਰਥੀ ਹੋਸਟਲ ਪਾਰਕਿੰਗ ਖੇਤਰ ਵਿੱਚ ਵਾਹਨ ਖੜ੍ਹਾ ਕਰਨ ਮਗਰੋਂ ਹੋਸਟਲ ਦੇ ਅੰਦਰ ਜਾਣ ਲੱਗੇ। ਇੱਥੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਤੋਂ ਬਾਹਰੋਂ ਆਏ ਹੋਏ ਦਸਦਿਆਂ ਅੰਦਰ ਜਾਣ ਤੋਂ ਮਨਾਹੀ ਕੀਤੀ। ਮਾਮਲਾ ਉਸ ਵੇਲੇ ਵਧ ਗਿਆ ਜਦੋਂ ਇਸ ਮਾਮਲੇ ਨੂੰ ਲੈ ਕੇ ਬਹਿਸ ਸ਼ੁਰੂ ਹੋਈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਇਸ ਸੁਰੱਖਿਆ ਕਰਮਚਾਰੀ ਨੇ ਵਿਦਿਆਰਥੀ ਨੂੰ ਧੱਕਾ ਮਾਰਿਆ ਅਤੇ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਦਸਤਾਰ ਵੀ ਉਤਰ ਗਈ।
ਇਸ ਦੌਰਾਨ ਹੋਰ ਵੀ ਵਿਦਿਆਰਥੀ ਪਹੁੰਚ ਗਏ। ਵਿਦਿਆਰਥੀਆ ਵੱਲੋਂ ਸੁਰੱਖਿਆ ਕਰਮਚਾਰੀਆਂ ’ਤੇ ਵਧੀਕੀ ਤੇ ਦੁਰਵਿਹਾਰ ਦੇ ਦੋਸ਼ ਲਾਏ ਗਏ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਦੋਵਾਂ ਗੇਟਾਂ ’ਤੇ ਧਰਨਾ ਦੇ ਕੇ ਗੇਟ ਬੰਦ ਕਰ ਦਿੱਤੇ।
ਉਪਰੰਤ ਯੂਨੀਵਰਸਿਟੀ ਦੇ ਸਟੂਡੈਂਟਸ ਵੈਲਫੇਅਰ ਦੇ ਡੀਨ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਰਜਿਸਟਰਾਰ ਡਾ. ਕੇਐੱਸ ਕਾਹਲੋਂ ਨੇ ਇਸ ਮਾਮਲੇ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਅਤੇ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਸਬੰਧਤ ਸੁਰੱਖਿਆ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਫਾਰਗ ਕਰਨ ਦੇ ਆਦੇਸ਼ ਦਿੱਤੇ ਹਨ।
ਯੂਨੀਵਰਸਿਟੀ ਵਿਦਿਆਰਥੀਆਂ ਦੀ ਜਥੇਬੰਦੀ ਸੱਥ ਦੇ ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਦੁਰਵਿਹਾਰ ਕਰਨ ਵਾਲੇ ਸੁਰੱਖਿਆ ਕਰਮਚਾਰੀ ਵੱਲੋਂ ਮਾਫੀ ਮੰਗੀ ਜਾਵੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸੁਰੱਖਿਆ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨਾਲ ਵਧੀਕੀ ਅਤੇ ਦੁਰਵਿਹਾਰ ਕਰਨ ਦਾ ਇਹ ਵਤੀਰਾ ਨਿਰੰਤਰ ਚੱਲ ਰਿਹਾ ਹੈ ਜਿਸ ਖਿਲਾਫ ਪਹਿਲਾਂ ਵੀ ਰੋਸ ਵਿਖਾਵੇ ਕੀਤੇ ਜਾ ਚੁੱਕੇ ਹਨ।