AMRITSAR NEWS: ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਚਾਰ ਵਿਅਤੀਆ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲੋ 12 ਕਿਲੋਗ੍ਰਾਮ ਹੈਰੋਇਨ, 30 ਬੋਰ ਪਿਸਤੌਲ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਅੱਜ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਇਸ ਤੋ ਪਹਿਲਾ ਪੁਲੀਸ ਨੇ ਇਸ ਮਾਮਲੇ ਵਿਚ 8.1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰਦਿਆਂ ਹੁਣ ਪੁਲੀਸ ਨੇ 12 ਕਿਲੋ ਹੈਰੋਇਅ ਹੋਰ ਬਰਾਮਦ ਕੀਤੀ ਹੈ, ਜਿਸ ਨਾਲ ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ ਹੈਰੋਇਨ 20.1 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਭੇਜ ਸਿੰਘ (50) ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ (22) ਦੋਵੇਂ ਵਾਸੀ ਪਿੰਡ ਨਾਰਲਾ (ਤਰਨਤਾਰਨ), ਮਲਕੀਤ ਸਿੰਘ (50) ਵਾਸੀ ਪਿੰਡ ਡੱਲ (ਤਰਨਤਾਰਨ) ਅਤੇ ਗੁਰਜੀਤ ਸਿੰਘ (29) ਵਾਸੀ ਪਿੰਡ ਕੋਟਲੀ ਸੱਕਾ ਅਜਨਾਲਾ (ਅੰਮ੍ਰਿਤਸਰ) ਵਜੋਂ ਹੋਈ ਹੈ।
ਡੀਜੀਪੀ ਨੇ ਦੱਸਿਆ ਕਿ ਇਹ ਸਫਲਤਾ ਪੁਲੀਸ ਵੱਲੋਂ ਕਥਿਤ ਨਸ਼ਾ ਤਸਕਰ ਸੋਨੀ ਸਿੰਘ ਉਰਫ਼ ਸੋਨੀ ਨੂੰ ਉਸ ਦੇ ਚਾਰ ਸਾਥੀਆਂ ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ ਉਰਫ਼ ਗੋਲਾ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਸਮੇਤ ਗ੍ਰਿਫ਼ਤਾਰ ਕਰਕੇ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕਰਨ ਉਪਰੰਤ ਹਾਸਲ ਹੋਈ ਹੈ।ਪੁਲਿਸ ਨੇ ਉਨ੍ਹਾਂ ਕੋਲੋਂ 8.1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਉਨ੍ਹਾਂ ਕਿਹਾ ਕਿ ਹੁਣ ਦੀਆਂ ਗ੍ਰਿਫ਼ਤਾਰੀਆਂ ਨਾਲ ਤਰਨਤਾਰਨ ਅਤੇ ਅੰਮ੍ਰਿਤਸਰ ਪੇਂਡੂ ਖੇਤਰਾਂ ਵਿੱਚ ਸਰਹੱਦ ਪਾਰੋਂ ਚੱਲ ਰਹੇ ਕਾਰਟੈਲ ਦੇ ਇੱਕ ਹੋਰ ਮਜ਼ਬੂਤ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਸਾਰੇ ਮੁਲਜ਼ਮ ਇੱਕ ਦੂਜੇ ਨਾਲ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਗੱਲਬਾਤ ਕਰਨ ਲਈ ਵਟਸਐਪ ਦੀ ਵਰਤੋਂ ਕਰ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਫਿਲਹਾਲ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਗੁਰਸੇਵਕ ਸਿੰਘ ਨੇ ਖੁਲਾਸਾ ਕੀਤਾ ਕਿ ਪਿਓ-ਪੁੱਤਰ, ਗੁਰਭੇਜ ਸਿੰਘ ਅਤੇ ਗੁਰਦਿੱਤ ਸਿੰਘ, ਮਲਕੀਤ ਸਿੰਘ ਨਾਲ ਮਿਲ ਕੇ ਇਸ ਖੇਤਰ ਵਿੱਚ ਡਰੱਗ ਸਿੰਡੀਕੇਟ ਚਲਾ ਰਹੇ ਸਨ। ਗੁਰਭੇਜ ਸਿੰਘ ਤਰਨਤਾਰਨ ਦੇ ਸਰਹੱਦੀ ਖੇਤਰ ਵਿੱਚ ਤਸਕਰੀ ਨੂੰ ਅੰਜਾਮ ਦੇ ਰਿਹਾ ਸੀ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦਾ ਸੀ।