ਅੰਮ੍ਰਿਤਸਰ ਮਜੀਠਾ ਰੋਡ ’ਤੇ ਧਮਾਕਾ, ਵਿਸਫੋਟਕ ਲੈਣ ਆਏ ਵਿਅਕਤੀ ਦੀ ਮੌਤ
ਘਟਨਾ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਤੇ ਬੱਬਰ ਖਾਲਸਾ ਦਾ ਹੱਥ ਹੋਣ ਦਾ ਸ਼ੱਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਮਈ
Blast on Amritsar's Majitha road ਇੱਥੇ ਸਥਾਨਕ ਅੰਮ੍ਰਿਤਸਰ-ਮਜੀਠਾ ਬਾਈਪਾਸ ਰੋਡ ’ਤੇ ਪਿੰਡ ਨਸ਼ਹਿਰਾ ਨੇੜੇ ਅੱਜ ਸਵੇਰੇ ਧਮਾਕਾ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਘਟਨਾ ਸੜਕ ਨੇੜੇ ਇੱਕ ਖਾਲੀ ਥਾਂ ਵਿੱਚ ਵਾਪਰੀ ਹੈ, ਜਿੱਥੇ ਇੱਕ ਜ਼ਖਮੀ ਵਿਅਕਤੀ ਵੀ ਮਿਲਿਆ ਸੀ। ਧਮਾਕੇ ਨਾਲ ਇਸ ਵਿਅਕਤੀ ਦੇ ਕੁਝ ਅੰਗ ਸਰੀਰ ਨਾਲੋਂ ਵੱਖ ਹੋ ਗਏ ਸਨ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਧਮਾਕੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਤੇ ਬੱਬਰ ਖਾਲਸਾ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਸਨ। ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਅਤੇ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਹੈ ਅਤੇ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਵੀ ਅਤਿਵਾਦੀ ਜਥੇਬੰਦੀ ਦਾ ਮੈਂਬਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਇਸ ਉਜਾੜ ਅਤੇ ਖਾਲੀ ਥਾਂ ਤੋਂ ਇਹ ਵਿਸਫੋਟਕ ਸਮੱਗਰੀ ਲੈਣ ਵਾਸਤੇ ਆਇਆ ਸੀ ਅਤੇ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਆਦਾਤਰ ਮਾਮਲਿਆਂ ਵਿੱਚ ਹਥਿਆਰ ਜਾਂ ਵਿਸਫੋਟਕ ਸਮੱਗਰੀ ਨੂੰ ਕਿਸੇ ਉਜਾੜ ਜਾਂ ਖਾਲੀ ਥਾਂ ’ਤੇ ਛੱਡ ਦਿੱਤਾ ਜਾਂਦਾ ਹੈ ਅਤੇ ਕਿਸੇ ਦੂਜੇ ਵਿਅਕਤੀ ਨੂੰ ਉਥੋਂ ਪ੍ਰਾਪਤ ਕਰਨ ਲਈ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦਾ ਹੱਥ ਹੋਣ ਦੀ ਸੰਭਾਵਨਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ਵਿੱਚੋਂ ਕੁਝ ਸਬੂਤ ਮਿਲੇ ਹਨ ਅਤੇ ਪੁਲੀਸ ਉਸ ਦੀ ਸ਼ਨਾਖਤ ਅਤੇ ਹੋਰ ਅਗਲੇਰੀ ਜਾਂਚ ਕਰ ਰਹੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਇੱਕ ਤੇਜ਼ ਆਵਾਜ਼ ਦਾ ਧਮਾਕਾ ਸੁਣਿਆ ਅਤੇ ਮੌਕੇ ’ਤੇ ਪੁੱਜੇ ਤਾਂ ਇੱਕ ਵਿਅਕਤੀ ਨੂੰ ਇੱਥੇ ਜ਼ਖਮੀ ਹਾਲਤ ਵਿੱਚ ਦੇਖਿਆ। ਲੋਕਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਵਿਅਕਤੀ ਦੇ ਕੋਲ ਹੀ ਕੋਈ ਵਿਸਫੋਟਕ ਸੀ ਜਿਸ ਦੇ ਵਿਸਫੋਟ ਹੋਣ ਨਾਲ ਧਮਾਕਾ ਹੋਇਆ ਹੈ ਅਤੇ ਉਹ ਜ਼ਖਮੀ ਹੋ ਗਿਆ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਵੀ ਇਕੱਠੇ ਹੋ ਗਏ ਸਨ, ਜਿਨ੍ਹਾਂ ਨੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚਣ ਮਗਰੋਂ ਇਸ ਸਥਾਨ ਨੂੰ ਖਾਲੀ ਕਰਵਾਇਆ ਅਤੇ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ’ਚ ਅਸਫ਼ਲ: ਮਜੀਠੀਆ
ਸਾਬਕਾ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੁਲੀਸ ਵੱਲੋਂ ਪਹਿਲਾਂ ਇਸ ਬੰਬ ਧਮਾਕੇ ਦੀ ਘਟਨਾ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਸੀ ਅਤੇ ਹੁਣ ਮੀਡੀਆ ਵਿੱਚ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਮੰਨਿਆ ਹੈ ਕਿ ਅਤਿਵਾਦੀ ਸੰਗਠਨ ਦੀ ਕਾਰਵਾਈ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ ਅਤੇ ਸੂਬੇ ਦੀ ਸਰਕਾਰ ਸਥਿਤੀ ਨੂੰ ਸੰਭਾਲਣ ਤੇ ਲੋਕਾਂ ਨੂੰ ਸੁਰੱਖਿਤ ਮਾਹੌਲ ਮੁਹੱਈਆ ਕਰਨ ਵਿੱਚ ਅਸਫਲ ਹੈ।