Amritsar blast accused killed in encounter : ਧਾਰਮਿਕ ਅਸਥਾਨ ’ਤੇ ਵਿਸਫੋਟਕ ਸੁੱਟਣ ਵਾਲਾ ਮੁਲਜ਼ਮ ਪੁੁਲੀਸ ਮੁਕਾਬਲੇ ’ਚ ਹਲਾਕ, ਦੂਜਾ ਫ਼ਰਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਾਰਚ
ਇਥੇ ਖੰਡ ਵਾਲਾ ਵਿਖੇ ਧਾਰਮਿਕ ਅਸਥਾਨ ’ਤੇ ਧਮਾਕਾ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਇਕ ਮੁਲਜ਼ਮ ਦੀ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ ਜਦੋਂਕਿ ਦੂਜਾ ਫ਼ਰਾਰ ਹੋ ਗਿਆ।
ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਖੰਡ ਵਾਲਾ ਵਿਖੇ ਠਾਕੁਰ ਦੁਆਰਾ ਮੰਦਰ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗ੍ਰਨੇਡ ਵਰਗੀ ਕੋਈ ਵਿਸਫੋਟਕ ਸਮੱਗਰੀ ਸੁੱਟੀ ਗਈ ਸੀ। ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਮੋਟਰਸਾਈਕਲ ਦੇ ਨੰਬਰ ਤੋਂ ਇਸ ਦੇ ਮਾਲਕ ਅਤੇ ਬਾਅਦ ਵਿੱਚ ਘਟਨਾ ਵੇਲੇ ਮੋਟਰਸਾਈਕਲ ਵਰਤਣ ਵਾਲਿਆਂ ਦੀ ਪਛਾਣ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਵੱਲੋਂ ਉਨ੍ਹਾਂ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੂੰ ਇਨ੍ਹਾਂ ਦੇ ਏਅਰਪੋਰਟ ਰੋਡ ’ਤੇ ਰਾਜਾਸਾਂਸੀ ਨੇੜੇ ਹੋਣ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਦਾ ਪਿੱਛਾ ਕੀਤਾ। ਜਦੋਂ ਇਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਪੁਲੀਸ ’ਤੇ ਗੋਲੀ ਚਲਾਈ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿਚ ਇੱਕ ਦੀ ਮੌਤ ਹੋ ਗਈ ਹੈ ਜਦੋਂਕਿ ਦੂਜਾ ਫ਼ਰਾਰ ਹੋ ਗਿਆ।
Acting on specific intelligence, Commissionerate Police Amritsar decisively tracked down those responsible for the attack on Thakur Dwara Mandir, #Amritsar, on March 15, 2025. An FIR has been registered at PS Chheharta under the Explosive Substances Act, and intelligence-based…
— DGP Punjab Police (@DGPPunjabPolice) March 17, 2025
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਰਾਜਾਸਾਂਸੀ ਨੇੜੇ ਹੋਏ ਮੁਕਾਬਲੇ ’ਚ ਇਕ ਮੁਲਜ਼ਮ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਵਿਚ ਗੋਲੀ ਲੱਗੀ। ਯਾਦਵ ਨੇ ਕਿਹਾ ਕਿ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਹਵਾਈ ਅੱਡਾ ਪੁਲੀਸ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਮਗਰੋਂ ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਮਾਰੇ ਗਏ ਮੁਲਜ਼ਮ ਦੀ ਸ਼ਨਾਖਤ ਗੁਰਸਿਧਕ ਸਿੰਘ ਵੱਜੋਂ ਹੋਈ ਹੈ। ਉਸ ਦਾ ਸਾਥੀ ਵਿਸ਼ਾਲ ਉਰਫ ਚੁਈ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉ
ਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਇਹ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਸੀ। ਹਵਾਈ ਅੱਡਾ ਰੋਡ ’ਤੇ ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਪੁਲੀਸ ਪਾਰਟੀ ’ਤੇ ਫਾਇਰਿੰਗ ਕੀਤੀ। ਇਨ੍ਹਾਂ ਵੱਲੋਂ ਪੰਜ ਫਾਇਰ ਕੀਤੇ ਗਏ, ਜਿਸ ਵਿੱਚੋਂ ਇੱਕ ਗੋਲੀ ਪੁਲੀਸ ਵਾਹਨ ’ਤੇ ਲੱਗੀ ਹੈ, ਇੱਕ ਹੈਡ ਕਾਂਸਟੇਬਲ ਦੀ ਖੱਬੀ ਬਾਂਹ ਤੇ ਅਤੇ ਇੱਕ ਇੰਸਪੈਕਟਰ ਦੀ ਪੱਗ ਵਿੱਚ ਲੱਗੀ ਹੈ। ਬਚਾਅ ਵਜੋਂ ਪੁਲੀਸ ਨੇ ਵੀ ਗੋਲੀ ਚਲਾਈ, ਜਿਸ ਵਿੱਚ ਗੁਰਸਿਧਕ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਜ਼ਖ਼ਮੀ ਹੋਏ ਹੈਡ ਕਾਂਸਟੇਬਲ ਅਤੇ ਮੁਲਜ਼ਮ ਦੋਵਾਂ ਨੂੰ ਹਸਪਤਾਲ ਲੈ ਕੇ ਗਈ ਸੀ, ਜਿੱਥੇ ਮੁਲਜ਼ਮ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਰ ਹਮਲੇ ਪਿੱਛੇ ਵਿਦੇਸ਼ ਬੈਠੇ ਗੈਂਗਸਟਰਾਂ ਅਤੇ ਅਤਿਵਾਦੀਆਂ ਦਾ ਹੱਥ ਹੈ, ਜੋ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।