ਅੰਮ੍ਰਿਤਸਰ: ਪੁਲੀਸ ਮੁਕਾਬਲੇ ਵਿਚ ਵਿਦੇਸ਼ ਬੈਠੇ ਗੈਂਗਸਟਰਾਂ ਦਾ ਗੁਰਗਾ ਹਲਾਕ, ਦੂਜਾ ਫ਼ਰਾਰ
ਮੁਕਾਬਲੇ ਵਾਲੀ ਥਾਂ ਤੋਂ ਦੋ ਪਿਸਤੌਲ ਤੇ ਮੋਬਾਈਲ ਬਰਾਮਦ
ਅੰਮ੍ਰਿਤਸਰ ਪੁਲੀਸ ਦੇ ਐਂਟੀ ਗੈਂਗਸਟਰ ਸਟਾਫ਼ ਨਾਲ ਬੀਤੀ ਦੇਰ ਰਾਤ ਹੋਏ ਇਕ ਮੁਕਾਬਲੇ ਵਿਚ ਬਦਨਾਮ ਅਪਰਾਧੀ ਹਰਜਿੰਦਰ ਸਿੰਘ ਉਰਫ਼ ਹੈਰੀ ਮਾਰਿਆ ਗਿਆ। ਹੈਰੀ ਦੇ ਵਿਦੇਸ਼ ਬੈਠੇ ਗੈਂਗਸਟਰਾਂ ਅਤੇ ਪਾਕਿਸਤਾਨ ਅਧਾਰਤ ਦੇਸ਼ ਵਿਰੋਧੀ ਅਨਸਰਾਂ ਨਾਲ ਸਬੰਧ ਸਨ। ਮੁਕਾਬਲੇ ਦੌਰਾਨ ਹੈਰੀ ਦਾ ਇਕ ਹੋਰ ਸਾਥੀ, ਜਿਸ ਦੀ ਪਛਾਣ ਅਟਾਰੀ ਦੇ ਸੰਨੀ ਵਜੋਂ ਹੋਈ ਹੈ, ਹਨੇਰੇ ਦਾ ਲਾਹਾ ਲੈਂਦਿਆਂ ਖੇਤਾਂ ਵਿਚ ਦੀ ਭੱਜਣ ਵਿਚ ਸਫ਼ਲ ਰਿਹਾ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਹੈਰੀ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਇਕ ਮੋਬਾਈਲ ਸਣੇ 9 ਐੱਮਐੱਮ ਗਲੋਕ ਪਿਸਟਲ ਤੇ .30 ਬੋਰ ਪਿਸਟਲ ਬਰਾਮਦ ਕੀਤੇ ਹਨ, ਜੋ ਪਾਕਿਸਤਾਨ ਤੋਂ ਸਮਗਲ ਕੀਤੇ ਗਏ ਸਨ। ਭੁੱਲਰ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਐਂਟੀ ਗੈਂਗਸਟਰ ਸਟਾਫ ਨੂੰ ਸੂਹ ਮਿਲੀ ਸੀ ਕਿ ਮੁਲਜ਼ਮ ਸ਼ਹਿਰ ਵਿੱਚ ਟਾਰਗੇਟ ਕਿਲਿੰਗ ਲਈ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਮੋਬਾਈਲ ਦੀ ਸ਼ੁਰੂਆਤੀ ਜਾਂਚ ਵਿੱਚ ਕੁਝ ਵਰਚੁਅਲ ਨੰਬਰਾਂ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕਾਲਾਂ ਦਾ ਪਤਾ ਲੱਗਿਆ ਹੈ। ਭੁੱਲਰ ਨੇ ਕਿਹਾ ਕਿ ਦੂਜੇ ਭਗੌੜੇ ਮੁਲਜ਼ਮ ਨੂੰ ਫੜਨ ਲਈ ਛਾਪੇ ਜਾਰੀ ਹੈ।

