ਇਕ ਨਜ਼ਰ
ਕੁਆਰਟਰ ’ਚੋਂ ਗਹਿਣੇ ਤੇ ਨਕਦੀ ਚੋਰੀ
ਕਪੂਰਥਲਾ: ਰੇਲ ਕੋਚ ਫ਼ੈਕਟਰੀ ਵਿੱਚ ਸਥਿਤ ਕੁਆਰਟਰ ’ਚ ਚੋਰੀ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਹੁਸੈਨਪੁਰ ਰੇਲ ਕੋਚ ਫੈਕਟਰੀ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਸਰਕਾਰੀ ਕੁਆਰਟਰ ਨੂੰ ਤਾਲਾ ਲਾ ਕੇ ਪਿੰਡ ਹਿਮਾਚਲ ਪ੍ਰਦੇਸ਼ ਗਏ ਹੋਏ ਸਨ। ਉਨ੍ਹਾਂ ਨੇ ਜਦੋਂ ਵਾਪਸ ਆ ਕੇ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਤੇ ਅੰਦਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਏ ਸਨ। -ਪੱਤਰ ਪ੍ਰੇਰਕ
ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ
ਫਗਵਾੜਾ: ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਰੱਖਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਜੋ ਕਿ ਸਕੂਲ ਵਿੱਚ ਪੜ੍ਹਦੀ ਹੈ ਤੇ ਬਿਨਾਂ ਕੁਝ ਦੱਸੇ ਕਿਧਰੇ ਚੱਲੇ ਗਈ। ਭਾਲ ਕਰਨ ’ਤੇ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਵਿਅਕਤੀ ਨੇ ਲੜਕੀ ਨੂੰ ਕਿਤੇ ਹਿਰਾਸਤ ’ਚ ਰੱਖਿਆ ਹੈ। -ਪੱਤਰ ਪ੍ਰੇਰਕ
ਅਣ-ਅਧਿਕਾਰਤ ਕਲੋਨੀ ’ਚ ਉਸਾਰੀ ਢਾਹੀ
ਅੰਮ੍ਰਿਤਸਰ: ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏਡੀਏ ਦੇ ਰੈਗੂਲੇਟਰੀ ਵਿੰਗ ਵੱਲੋਂ ਅੰਮ੍ਰਿਤਸਰ-ਤਰਨ ਤਾਰਨ ਰੋਡ ਤੋਂ ਪਿੰਡ ਚਾਟੀਵਿੰਡ ਨੂੰ ਜਾਂਦੀ ਲਿੰਕ ਸੜਕ ’ਤੇ ਨਵੀਂ ਬਣ ਰਹੀ ਕਿੰਗ ਐਵੀਨਿਊ ਨਾਮਕ ਅਣ-ਅਧਿਕਾਰਤ ਕਲੋਨੀ ਵਿਰੁੱਧ ਕਾਰਵਾਈ ਕਰਦੇ ਹੋਏ ਉਸਾਰੀ ਨੂੰ ਢਾਹ ਦਿੱਤਾ ਗਿਆ। ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਪਿੰਡ ਚਾਟੀਵਿੰਡ ਵਿੱਚ ਨਵੀਂ ਬਣ ਰਹੀ ਅਣ-ਅਧਿਕਾਰਤ ਕਲੋਨੀ ਕਿੰਗ ਐਵੀਨਿਊ ਨੂੰ ਪਾਪਰਾ ਐਕਟ-1995 ਅਧੀਨ ਨੋਟਿਸ ਜਾਰੀ ਕਰਦਿਆਂ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। -ਖੇਤਰੀ ਪ੍ਰਤੀਨਿਧ
ਹੈਰੋਇਨ ਸਣੇ ਔਰਤ ਕਾਬੂ
ਕਪੂਰਥਲਾ: ਸੁਭਾਨਪੁਰ ਪੁਲੀਸ ਨੇ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਬਰਾਮਦ ਕੀਤੀ ਹੈ। ਥਾਣੇਦਾਰ ਪੂਰਨ ਚੰਦ ਨੇ ਦੱਸਿਆ ਕਿ ਪੁਲੀਸ ਨੇ ਜੋਗਿੰਦਰ ਕੌਰ ਉਰਫ਼ ਰੱਜੀ ਪੁੱਤਰ ਕਸ਼ਮੀਰ ਸਿੰਘ ਵਾਸੀ ਮੁਹੱਲਾ ਜਗਜੀਤ ਨਗਰ ਹਮੀਰਾ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। -ਪੱਤਰ ਪ੍ਰੇਰਕ