ਗੁਰਦਾਸਪੁਰ ਦੇ ਸਰਹੱਦੀ ਖੇਤਰ ’ਚੋਂ ਏਕੇ 47 ਰਾਈਫਲਾਂ ਤੇ ਹੈਂਡ ਗ੍ਰਨੇਡ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜੁਲਾਈ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਕਾਰਵਾਈ ਤਹਿਤ ਸਰਹੱਦੀ ਖੇਤਰ ਵਿੱਚੋਂ 2 ਏਕੇ 47 ਰਾਈਫਲ, ਕਾਰਤੂਸ, ਮੈਗਜ਼ੀਨ ਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਇਹ ਖੁਲਾਸਾ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਰਾਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵਿਸ਼ੇਸ਼ ਕਾਰਵਾਈ ਤਹਿਤ ਦੋ ਏਕੇ47 ਰਾਈਫਲ, 16 ਕਾਰਤੂਸ, ਦੋ ਮੈਗਜ਼ੀਨ ਅਤੇ ਪੀ86 ਕਿਸਮ ਦੇ 2 ਹੈਂਡ ਗ੍ਰਨੇਡ ਇਲਾਕੇ ਦੇ ਜੰਗਲਾਤ ਖੇਤਰ ਵਿੱਚੋਂ ਬਰਾਮਦ ਕੀਤੇ ਹਨ।
In an intelligence-led operation, the Anti-Gangster Task Force (#AGTF) Punjab successfully foiled a major terror plot orchestrated by Harwinder Rinda, a Babbar Khalsa International (BKI) operative based in #Pakistan and backed by Pakistan’s ISI.
Acting swiftly on human… pic.twitter.com/hr1xlr7bFO
— DGP Punjab Police (@DGPPunjabPolice) July 9, 2025
ਡੀਜੀਪੀ ਨੇ ਕਿਹਾ ਕਿ ਪੁਲੀਸ ਦੀ ਇਸ ਕਾਰਵਾਈ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨ ਹਰਵਿੰਦਰ ਰਿੰਦਾ ਦੀ ਦਹਿਸ਼ਤੀ ਕਾਰਵਾਈ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਈ ਹੈ, ਜਿਸ ਨੂੰ ਪਾਕਿਸਤਾਨੀ ਏਜੰਸੀਆਂ ਅਤੇ ਹਰਵਿੰਦਰ ਰਿੰਦਾ ਵੱਲੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਦਹਿਸ਼ਤੀ ਕਾਰਵਾਈਆਂ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਹਥਿਆਰਾਂ ਦੀ ਖੇਪ ਰਿੰਦਾ ਦੇ ਹੋਰ ਸਹਿਯੋਗੀਆਂ ਕੋਲ ਪੁੱਜਦੀ, ਏਜੀਟੀਐਫ ਨੇ ਖੁਫੀਆ ਜਾਣਕਾਰੀ ’ਤੇ ਅਧਾਰਤ ਕਾਰਵਾਈ ਤਹਿਤ ਇਸ ਸੰਭਾਵਿਤ ਦਹਿਸ਼ਤੀ ਕਾਰਵਾਈ ਦੀ ਯੋਜਨਾ ਨੂੰ ਅਸਫਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ। ਇਸ ਸਬੰਧ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਖੇਪ ਕਿਸ ਕੋਲ ਪੁੱਜਣੀ ਸੀ ਅਤੇ ਕਿਸ ਨੇ ਪ੍ਰਾਪਤ ਕਰਨੀ ਸੀ, ਆਦਿ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।