ਅੰਮ੍ਰਿਤਸਰ ਜ਼ਿਲ੍ਹੇ ਦੇ 140 ਪਿੰਡ ਹੜ੍ਹਾਂ ਦੀ ਮਾਰ ਹੇਠ
ਅੰਮ੍ਰਿਤਸਰ ਜ਼ਿਲ੍ਹੇ ਦੇ 140 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ, ਜਿਨ੍ਹਾਂ ਵਿੱਚ ਲਗਪਗ ਇਕ ਲੱਖ 17 ਹਜ਼ਾਰ ਤੋਂ ਵੱਧ ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਰਾਵੀ ਦੀ ਸਭ ਤੋਂ ਵੱਧ ਮਾਰ ਹੇਠ ਆਏ ਇਲਾਕੇ ਜੋ ਕਿ ਰਮਦਾਸ ਤੋਂ ਵੀ ਅੱਗੇ ਦੇ ਪਿੰਡ ਹਨ, ’ਚ ਰਹਿ ਰਹੇ ਲੋਕਾਂ ਦੀ ਸਾਰ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਟਰੈਕਟਰ ਉੱਤੇ ਚੜ੍ਹ ਕੇ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਏਡੀਸੀ ਰੋਹਿਤ ਗੁਪਤਾ, ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਤੇ ਰਾਹਤ ਕੰਮਾਂ ਵਿੱਚ ਲੱਗੇ ਹੋਰ ਅਧਿਕਾਰੀ ਵੀ ਸਨ। ਉਕਤ ਟੀਮ ਨੇ ਨੰਗੇ ਪੈਰੀਂ ਪਾਣੀ ਵਿੱਚ ਕਈ ਕਿਲੋਮੀਟਰ ਤੁਰ ਕੇ ਅੜਾਇਆ, ਬਉਲੀ, ਮੌਲੀ ਆਦਿ ਪਿੰਡਾਂ ਅਤੇ ਡੇਰਿਆਂ ਉੱਤੇ ਰਹਿ ਰਹੇ ਲੋਕਾਂ ਤੱਕ ਪਹੁੰਚ ਕੀਤੀ। ਉਨ੍ਹਾਂ ਨੇ ਲੋਕਾਂ ਦੀ ਸਿਹਤ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੇ ਘਰ-ਬਾਰ ਤੇ ਮਾਲ ਡੰਗਰ ਦੇ ਨੁਕਸਾਨ ਦਾ ਜਾਇਜ਼ਾ ਲਿਆ।
ਡੀਸੀ ਨੇ ਕਿਹਾ ਕਿ ਉਹ ਲੋਕ ਜਿਨਾਂ ਦੇ ਘਰਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ, ਨੂੰ ਵਿਸ਼ੇਸ਼ ਤੌਰ ਉੱਤੇ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 140 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ, ਜਿਨ੍ਹਾਂ ਵਿੱਚ ਲਗਪਗ ਇਕ ਲੱਖ 17 ਹਜ਼ਾਰ ਤੋਂ ਵੱਧ ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਹੁਣ ਤੱਕ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ। ਇਸ ਤੋਂ ਇਲਾਵਾ 6 ਪਸ਼ੂਆਂ ਦੇ ਮਰਨ, 73 ਘਰਾਂ ਢਹਿਣ, ਲਗਪਗ 23 ਹਜ਼ਾਰ ਹੈਕਟੇਅਰ ਫਸਲ ਬਰਬਾਦ ਹੋਣ ਅਤੇ ਖੇਤੀ ਮਸ਼ੀਨਰੀ ਨੁਕਸਾਨੀ ਜਾਣ ਜਾਂ ਰੁੜਨ ਦੀਆਂ ਰਿਪੋਰਟਾਂ ਮਿਲੀਆਂ ਹਨ। ਡੀਸੀ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ 16 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿੱਥੋਂ ਲੋੜਵੰਦਾਂ ਨੂੰ ਲੋੜੀਂਦੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ, ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੰਕਟ ਵੇਲੇ ਜ਼ਿਲ੍ਹਾ ਹੈਲਪ ਲਾਈਨ ਨੰਬਰ 0183-2229125 ’ਤੇ ਫੋਨ ਕਰਨ ਦੀ ਅਪੀਲ ਕੀਤੀ।
ਪਿਛਲੇ ਕਈ ਦਿਨਾਂ ਤੋਂ ਕਹਿਰ ਢਾਹ ਰਹੇ ਰਾਵੀ ਦਰਿਆ ਵਿਚ ਪਾਣੀ ਮੁੜ ਵਧਣ ਕਾਰਨ ਪਾਣੀ ਪਿੰਡਾਂ ਵਿਚ ਮੁੜ ਦਾਖਲ ਹੋ ਗਿਆ ਹੈ। ਰਾਵੀ ਦਰਿਆ ਵਿਚ ਮੁੜ ਪਾਣੀ ਆਉਣ ਕਾਰਨ ਉਸਨੇ ਮੁੜ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਗਿਆ। ਭਾਰੀ ਬਰਸਾਤ ਕਾਰਨ ਇਕ ਵਾਰ ਮੁੜ ਰਾਵੀ ਦਾ ਪਾਣੀ ਨੇੜਲੇ ਪਿੰਡਾਂ ਜੱਟਾਂ,ਪੰਛੀਆਂ, ਘੋਨੇਵਾਲ, ਸ਼ਹਿਜ਼ਾਦਾ ਵਿਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਆਪਣੇ ਘਰਾਂ ਵਿਚੋਂ ਪਾਣੀ ਉਤਰਨ ਕਾਰਨ ਘਰਾਂ ਨੂੰ ਵਾਪਸ ਪਰਤੇ ਲੋਕਾਂ ਨੂੰ ਮੁੜ ਭਾਜੜਾਂ ਪੈ ਗਈਆਂ ਹਨ।
ਰਾਵੀ ਦਰਿਆ ’ਚ ਵੱਧ ਪਾਣੀ ਚੱਲਣ ਕਾਰਨ ਲੋਕ ਸਹਿਮੇ
ਪਠਾਨਕੋਟ (ਪੱਤਰ ਪ੍ਰੇਰਕ): ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋ ਰਹੀ ਤੇਜ਼ ਬਾਰਿਸ਼ ਅਤੇ ਚਮੇਰਾ ਪ੍ਰਾਜੈਕਟ ਦੀ ਤਰਫੋਂ ਛੱਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਹੈ। ਖ਼ਤਰੇ ਦਾ ਲੈਵਲ 527.91 ਮੀਟਰ ਹੈ ਜਦ ਕਿ ਅੱਜ ਝੀਲ ਵਿੱਚ ਪਾਣੀ ਦਾ ਲੈਵਲ 527.065 ਮੀਟਰ ਦਰਜ ਕੀਤਾ ਗਿਆ। ਰਣਜੀਤ ਸਾਗਰ ਡੈਮ ਦੇ ਪ੍ਰਸ਼ਾਸਨ ਵੱਲੋਂ ਸਪਿਲਵੇ ਦੇ ਫਲੱਡ ਗੇਟ ਖੋਲ੍ਹ ਕੇ 70751 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈਡ ਵਰਕਸ ਦੀ ਤਰਫ ਛੱਡਿਆ ਗਿਆ। ਇਸ ਪਾਣੀ ਵਿੱਚ ਰਸਤੇ ’ਚ ਪੈਂਦੀਆਂ ਖੱਡਾਂ ਦਾ ਪਾਣੀ ਜੁੜ ਕੇ ਕਥਲੌਰ ਵਿਖੇ ਰਾਵੀ ਦਰਿਆ ਵਿੱਚ ਕਰੀਬ 1, 39 ਹਜ਼ਾਰ ਕਿਊਸਿਕ ਪਾਣੀ ਚੱਲਿਆ, ਜਿਸ ਨਾਲ ਪਹਿਲਾਂ ਹੀ ਧੁੱਸੀ ਬੰਨ੍ਹ ਟੁੱਟਣ ਨਾਲ ਝੰਬੇ ਪਏ ਕੋਹਲੀਆਂ, ਪੰਮਾ ਆਦਿ ਪਿੰਡਾਂ ਦੇ ਲੋਕਾਂ ਵਿੱਚ ਮੁੜ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਰਣਜੀਤ ਸਾਗਰ ਡੈਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਝੀਲ ਵਿੱਚ ਚਮੇਰਾ ਪ੍ਰਾਜੈਕਟ ਵੱਲੋਂ 94508 ਕਿਊਸਿਕ ਪਾਣੀ ਆ ਰਿਹਾ ਸੀ ਜਦ ਕਿ ਡੈਮ ਤੋਂ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਅਤੇ 70751 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈਡ ਵਰਕਸ ਦੀ ਤਰਫ ਛੱਡਿਆ ਜਾ ਰਿਹਾ ਸੀ।
ਲੋਕਾਂ ਦੇ ਨੁਕਸਾਨ ਦਾ ਜਲਦ ਮਿਲੇਗਾ ਮੁਆਵਜ਼ਾ: ਚੱਬੇਵਾਲ
ਫਗਵਾੜਾ (ਜਸਬੀਰ ਸਿੰਘ ਚਾਨਾ): ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਲਗਾਤਾਰ ਪੈ ਰਹੇ ਮੀਂਹ ਕਾਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਫਗਵਾੜਾ ’ਚ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਹੜ੍ਹਾਂ ਤੇ ਭਾਰੀ ਬਾਰਿਸ਼ਾਂ ਕਰਕੇ ਪੀੜਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਚਾਰਾ, ਡਾਕਟਰੀ ਸਹਾਇਤਾ ਤੇ ਹੋਰ ਲੋੜੀਂਦੀਆ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਫ਼ਸਲਾਂ ਦੇ ਖਰਾਬੇ ਦੀ ਗਿਰਦਾਵਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਡਾ. ਚੱਬੇਵਾਲ ਨੇ ਦੱਸਿਆ ਕਿ ਫਗਵਾੜਾ ਵਿਖੇ ਭਾਰੀ ਬਾਰਿਸ਼ ਕਰਕੇ ਡਰੇਨਾਂ ’ਚ ਪਾਣੀ ਦਾ ਪੱਧਰ ਵਧਿਆ ਹੈ ਪਰ ਇਥੇ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਮੀਂਹ ਕਾਰਨ ਫਗਵਾੜਾ ’ਚ ਡਰੇਨਾਂ ਤੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਲੋੜੀਂਦੀਆਂ ਵਸਤਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਲੋੜਵੰਦਾਂ ਨੂੰ ਤਰਪਾਲ਼ਾਂ ਦੀ ਵੀ ਵੰਡ ਕੀਤੀ।
ਕੇਂਦਰ ਵੱਲੋਂ ਹੜ੍ਹਾਂ ਦੌਰਾਨ ਪੰਜਾਬ ਦੀ ਬਾਂਹ ਨਾ ਫੜਨਾ ਮੰਦਭਾਗਾ: ਭਗਤ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਹੜ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਪੰਜਾਬ ਨੂੰ ਵਿੱਤੀ ਸਹਾਇਤਾ ਨਾ ਦੇਣ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਸਰਕਟ ਹਾਊਸ ਜਲੰਧਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਪੂਰਾ ਸੂਬਾ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ, ਕੇਂਦਰ ਨੇ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੀ ਸਹਾਇਤਾ ਲਈ ਅਜੇ ਤੱਕ ਕਿਸੇ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ। ਭਗਤ ਨੇ ਕੇਂਦਰ ਦੀ ਉਦਾਸੀਨਤਾ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਨੇ ਉਸ ਤਬਾਹੀ ਪ੍ਰਤੀ ਅੱਖਾਂ ਮੀਟ ਲਈਆਂ ਹਨ, ਜਿਸ ਕਰਕੇ ਜਾਇਦਾਦ ਅਤੇ ਜਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।