ਝੋਨੇ ਅਤੇ ਬਾਸਮਤੀ ਵਿੱਚ ਜ਼ਿੰਕ ਦੀ ਘਾਟ
ਅਸ਼ੋਕ ਕੁਮਾਰ ਗਰਗ/ਗੁਰਪ੍ਰੀਤ ਸਿੰਘ
ਝੋਨਾ ਪੰਜਾਬ ਵਿੱਚ ਸਾਉਣੀ ਦੀਆਂ ਪ੍ਰਮੁੱਖ ਫ਼ਸਲਾਂ ਵਿੱਚੋਂ ਇੱਕ ਹੈ ਅਤੇ ਹਰ ਸਾਲ ਝੋਨੇ ਹੇਠ ਰਕਬਾ ਵਧਦਾ ਜਾ ਰਿਹਾ ਹੈ। ਸਾਲ 2023-2024 ਦੌਰਾਨ ਸੂਬੇ ਵਿੱਚ ਲਗਭਗ 79.48 ਲੱਖ ਏਕੜ ਰਕਬੇ ’ਤੇ ਝੋਨੇ ਦੀ ਕਾਸ਼ਤ ਕੀਤੀ ਗਈ। ਕਿਉਂਕਿ ਝੋਨਾ ਇੱਕ ਵੱਧ ਝਾੜ ਦੇਣ ਵਾਲੀ ਫ਼ਸਲ ਹੈ, ਇਸ ਕਰਕੇ ਇਹ ਜ਼ਮੀਨ ’ਚੋਂ ਖੁਰਾਕੀ ਤੱਤਾਂ ਦੀ ਵੱਡੀ ਮਾਤਰਾ ਕੱਢ ਲੈਂਦਾ ਹੈ। ਜੇਕਰ ਘਾਟ ਵਾਲੇ ਤੱਤਾਂ ਦੀ ਸਹੀ ਸਮੇਂ ’ਤੇ ਪੂਰਤੀ ਨਾ ਕੀਤੀ ਜਾਵੇ ਤਾਂ ਫ਼ਸਲ ਦਾ ਝਾੜ ਘੱਟ ਸਕਦਾ ਹੈ। ਝੋਨੇ ਦੀ ਕਾਸ਼ਤ ਵਿੱਚ ਯੂਰੀਏ ਤੋਂ ਇਲਾਵਾ ਜ਼ਿੰਕ ਇੱਕ ਅਹਿਮ ਖੁਰਾਕੀ ਤੱਤ ਹੈ। ਜ਼ਿੰਕ ਦੀ ਘਾਟ ਆਮ ਤੌਰ ’ਤੇ ਹੇਠ ਲਿਖੀਆਂ ਜ਼ਮੀਨਾਂ/ਸਥਿਤੀਆਂ ਵਿੱਚ ਪਾਈ ਜਾਂਦੀ ਹੈ:
ੳ) ਘੱਟ ਜੈਵਿਕ ਕਾਰਬਨ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ
ਅ) ਜ਼ਿਆਦਾ ਖਾਰੀ ਅੰਗ ਅਤੇ ਵੱਧ ਕੈਲਸ਼ੀਅਮ ਕਾਰਬੋਨੇਟ ਵਾਲੀਆਂ ਜ਼ਮੀਨਾਂ ਵਿੱਚ
ੲ) ਵੱਧ ਫਾਸਫੋਰਸ ਵਾਲੀਆਂ ਜ਼ਮੀਨਾਂ ਵਿੱਚ
ਸ) ਪਾਣੀ ਵਿੱਚ ਡੁੱਬੀਆਂ ਹੋਈਆਂ ਜ਼ਮੀਨਾਂ ਵਿੱਚ
ਹ) ਖਾਰੇ ਪਾਣੀ ਨਾਲ ਸਿੰਚਾਈ ਵਾਲੀਆਂ ਜ਼ਮੀਨਾਂ ਵਿੱਚ
ਜ਼ਿੰਕ ਦੀ ਘਾਟ ਨਾਲ ਨਜਿੱਠਣ ਵਿੱਚ ਲਾਪਰਵਾਹੀ ਜਾਂ ਅਣਗਹਿਲੀ ਨਾਲ ਫ਼ਸਲ ਦੇ ਝਾੜ ਦਾ ਕਾਫ਼ੀ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਫ਼ਸਲ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ ਸਮੇਂ ਸਿਰ ਢੁੱਕਵੇਂ ਉਪਾਅ ਕਰਨ ਲਈ ਜ਼ਿੰਕ ਦੀ ਘਾਟ ਦੇ ਕਾਰਨ, ਲੱਛਣਾਂ ਅਤੇ ਇਲਾਜ ਦੇ ਢੰਗ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਜ਼ਿੰਕ ਦੀ ਘਾਟ ਦੇ ਕਾਰਨ
ਆਮ ਤੌਰ ’ਤੇ ਮਿੱਟੀ ਵਿੱਚ ਜ਼ਿੰਕ ਦੀ ਘੱਟ ਮਾਤਰਾ ਜੇਕਰ 0.6 ਕਿੱਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਜਾਂ ਮਿੱਟੀ ਵਿੱਚ ਉਪਲੱਬਧ ਜ਼ਿੰਕ ਦੀ ਗ਼ੈਰ-ਉਪਲੱਬਧਤਾ ਜਾਂ ਅਘੁਲਣਸ਼ੀਲ ਰੂਪਾਂ ਵਿੱਚ ਬਦਲ ਜਾਣ ਤਾਂ ਇਹ ਇਸ ਦੀ ਘਾਟ ਲਈ ਜ਼ਿੰਮੇਵਾਰ ਹੁੰਦਾ ਹੈ। ਕਈ ਵਾਰ ਜ਼ਿੰਕ ’ਤੇ ਫਾਸਫੋਰਸ ਤੱਤ ਦੀ ਵੱਧ ਮਾਤਰਾ ਅਤੇ ਕਾਰਬੋਨੇਟਸ ਦਾ ਵਿਰੋਧੀ ਪ੍ਰਭਾਵ ਇਸ ਤੱਤ ਦੀ ਉਪਲੱਬਧਤਾ ਨੂੰ ਘਟਾ ਦਿੰਦਾ ਹੈ। ਇਸੇ ਕਰਕੇ ਕਿਸਾਨਾਂ ਨੂੰ ਡੀਏਪੀ ਅਤੇ ਜ਼ਿੰਕ ਵਾਲੀਆਂ ਖਾਦਾਂ ਨੂੰ ਨਾ ਰਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਿੰਕ ਦੀ ਘਾਟ ਦੇ ਲੱਛਣਾਂ ਦੀ ਪਛਾਣ
ਜ਼ਿੰਕ ਦੀ ਕਮੀ ਦੇ ਲੱਛਣ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ’ਤੇ ਅੰਦਰੂਨੀ ਖੇਤਰ ਵਿੱਚ ਹਲਕੇ-ਪੀਲੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਨ੍ਹਾਂ ਧੱਬਿਆਂ ਦਾ ਰੰਗ ਜਲਦੀ ਹੀ ਪੀਲੇ ਭੂਰੇ ਵਿੱਚ ਬਦਲ ਜਾਂਦਾ ਹੈ ਅਤੇ ਪ੍ਰਭਾਵਿਤ ਪੱਤੇ ਹਲਕੇ ਪੀਲੇ ਭੂਰੇ ਦਿਖਾਈ ਦਿੰਦੇ ਹਨ। ਬਾਅਦ ਵਿੱਚ ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਨੂੰ ਲਾਲ ਭੂਰੇ ਜਾਂ ਜੰਗਾਲ ਵਾਲੀ ਦਿੱਖ ਦੇਣ ਲਈ ਇਕੱਠੇ ਹੋ ਜਾਂਦੇ ਹਨ। ਗੰਭੀਰ ਘਾਟ ਦੀਆਂ ਸਥਿਤੀਆਂ ਵਿੱਚ ਪੂਰਾ ਬੂਟਾ ਜੰਗਾਲਿਆ ਦਿਖਾਈ ਦਿੰਦਾ ਹੈ। ਪ੍ਰਭਾਵਿਤ ਪੱਤੇ ਸੁੱਕ ਜਾਂਦੇ ਹਨ ਅਤੇ ਅੰਤ ਵਿੱਚ ਮਰ ਜਾਂਦੇ ਹਨ। ਬੂਟਿਆਂ ਦੇ ਅੱਗੇ ਵਧਣ ਵਿੱਚ ਰੁਕਾਵਟ ਆਉਂਦੀ ਹੈ, ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਝਾੜੀਦਾਰ ਦਿੱਖ ਦਿੰਦੇ ਹਨ।
ਜ਼ਿੰਕ ਦੀ ਘਾਟ ਦਾ ਇਲਾਜ
ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿੱਲੋ ਹੈਪਟਾਹਾਈਡ੍ਰੇਟ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜਾਂ 16 ਕਿੱਲੋ ਮੋਨੋਹਾਈਡ੍ਰੇਟ ਜ਼ਿੰਕ ਸਲਫੇਟ (33% ਜ਼ਿੰਕ) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਗੰਭੀਰ ਹਲਾਤਾਂ ਅਧੀਨ ਮਿੱਟੀ ਵਿੱਚ ਜ਼ਿੰਕ ਦੀ ਵਰਤੋਂ ਦੇ ਨਾਲ-ਨਾਲ ਹੈਪਟਾਹਾਈਡ੍ਰੇਟ ਜ਼ਿੰਕ ਸਲਫੇਟ ਦੇ 0.5% ਦਾ ਘੋਲ (500 ਗ੍ਰਾਮ/100 ਲਿਟਰ ਪਾਣੀ) ਜਾਂ 0.4% ਮੋਨੋਹਾਈਡ੍ਰੇਟ ਜ਼ਿੰਕ ਸਲਫੇਟ ਦੇ ਘੋਲ (400 ਗ੍ਰਾਮ/100 ਲਿਟਰ ਪਾਣੀ) ਬਣਾ ਕੇ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਕਿਸਾਨ ਜ਼ਿੰਕ ਦੀ ਪੂਰੀ ਮਾਤਰਾ ਨਹੀਂ ਪਾਉਂਦੇ, ਉਹ ਕੇਵਲ 5-7 ਕਿੱਲੋ ਜ਼ਿੰਕ ਸਲਫੇਟ ਹੀ ਪ੍ਰਤੀ ਏਕੜ ਪਾਉਂਦੇ ਹਨ, ਜਿਸ ਕਰਕੇ ਜ਼ਿੰਕ ਦੀ ਘਾਟ ਪੂਰੀ ਨਹੀਂ ਹੁੰਦੀ। ਇਸ ਲਈ ਕਿਸਾਨਾਂ ਨੂੰ ਜ਼ਿੰਕ ਸਲਫੇਟ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਹੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਬਹੁਤੀਆਂ ਮਾੜੀਆਂ ਜ਼ਮੀਨਾਂ ਵਿੱਚ ਜੇਕਰ ਫਿਰ ਵੀ ਜ਼ਿੰਕ ਦੀ ਘਾਟ ਪੂਰੀ ਨਹੀਂ ਹੁੰਦੀ ਤਾਂ 10 ਕਿੱਲੋ ਹੈਪਟਾਹਾਈਡ੍ਰੇਟ ਜ਼ਿੰਕ ਸਲਫੇਟ ਜਾਂ 6.5 ਕਿੱਲੋ ਮੋਨੋਹਾਈਡ੍ਰੇਟ ਜ਼ਿੰਕ ਸਲਫੇਟ ਨੂੰ ਬਰਾਬਰ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੀਆਂ ਥਾਵਾਂ ’ਤੇ ਛੱਟਾ ਦਿੱਤਾ ਜਾ ਸਕਦਾ ਹੈ।
*ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਅਤੇ ਪਟਿਆਲਾ
ਸੰਪਰਕ: 95018-55223