ਧਾਤਾਂ ਦੀ ਘਾਟ ਨਾਲ ਪਸ਼ੂਆਂ ਵਿੱਚ ਹੋਣ ਵਾਲੀਆਂ ਅਲਾਮਤਾਂ
ਪਸ਼ੂਆਂ ਦੀ ਖੁਰਾਕ ਵਿੱਚ ਊਰਜਾ, ਪ੍ਰੋਟੀਨ ਤੋਂ ਇਲਾਵਾ ਧਾਤਾਂ ਵੀ ਪ੍ਰਮੁੱਖ ਭੂਮਿਕਾ ਅਦਾ ਕਰਦੀਆਂ ਹਨ। ਧਾਤਾਂ ਦੀ ਕਮੀ ਨਾਲ ਪਸ਼ੂਆਂ ਵਿੱਚ ਕਈ ਕਿਸਮ ਦੀਆਂ ਅਲਾਮਤਾਂ ਜਿਵੇਂ ਕਿ ਦੁੱਧ ਦਾ ਘਟਣਾ, ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਕਮੀ ਆਉਣਾ,...
ਪਸ਼ੂਆਂ ਦੀ ਖੁਰਾਕ ਵਿੱਚ ਊਰਜਾ, ਪ੍ਰੋਟੀਨ ਤੋਂ ਇਲਾਵਾ ਧਾਤਾਂ ਵੀ ਪ੍ਰਮੁੱਖ ਭੂਮਿਕਾ ਅਦਾ ਕਰਦੀਆਂ ਹਨ। ਧਾਤਾਂ ਦੀ ਕਮੀ ਨਾਲ ਪਸ਼ੂਆਂ ਵਿੱਚ ਕਈ ਕਿਸਮ ਦੀਆਂ ਅਲਾਮਤਾਂ ਜਿਵੇਂ ਕਿ ਦੁੱਧ ਦਾ ਘਟਣਾ, ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਕਮੀ ਆਉਣਾ, ਪ੍ਰਜਣਨ ਸ਼ਕਤੀ ਦਾ ਪ੍ਰਭਾਵਿਤ ਹੋਣਾ, ਭੁੱਖ ਘੱਟ ਲੱਗਣੀ, ਕੰਮ ਕਰਨ ਦੀ ਸਮਰੱਥਾ ਵਿੱਚ ਕਮੀ ਆਉਣਾ ਅਤੇ ਪਾਚਨ ਸ਼ਕਤੀ ਦਾ ਘਟਣਾ ਆਦਿ ਹੋ ਸਕਦੀਆਂ ਹਨ।
ਪਸ਼ੂ ਪਾਲਣ ਦੇ ਕਿੱਤੇ ਵਿੱਚ ਧਾਤਾਂ ਦੀ ਮਹੱਤਤਾ ਨੂੰ ਹੁਣ ਤੱਕ ਅਣਗੌਲਿਆ ਜਾਂਦਾ ਰਿਹਾ ਹੈ। ਇਹ ਧਾਤਾਂ ਪਸ਼ੂਆਂ ਦੀ ਚੰਗੀ ਸਿਹਤ ਅਤੇ ਉਤਪਾਦਨ ਸਮਰੱਥਾ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿੱਚੋਂ ਕੁਝ ਧਾਤਾਂ ਮੁੱਖ ਹੁੰਦੀਆਂ ਹਨ ਅਤੇ ਕੁਝ ਲਘੂ ਧਾਤਾਂ ਹੁੰਦੀਆਂ ਹਨ। ਮੁੱਖ ਧਾਤਾਂ ਵਿੱਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਕਲੋਰੀਨ ਅਤੇ ਸਲਫਰ ਅਤੇ ਲਘੂ ਧਾਤਾਂ ਵਿੱਚ ਲੋਹਾ, ਜ਼ਿੰਕ, ਆਇਓਡੀਨ, ਸਲੀਨੀਅਮ, ਕੋਬਾਲਟ, ਤਾਂਬਾ ਅਤੇ ਮੈਗਨੀਜ਼ ਆਉਂਦੀਆਂ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਧਾਤਾਂ ਦੀ ਕਮੀ ਕਾਰਨ ਪਸ਼ੂਆਂ ਵਿੱਚ ਕੀ ਸਮੱਸਿਆਵਾਂ ਆਉਂਦੀਆਂ ਹਨ।
ਕੈਲਸ਼ੀਅਮ : ਪਸ਼ੂਆਂ ਦੇ ਸਰੀਰ ਵਿੱਚ ਹੱਡੀਆਂ ਅਤੇ ਦੰਦਾਂ ਦੇ ਬਣਨ ਲਈ ਕੈਲਸ਼ੀਅਮ ਤੱਤ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਘਾਟ ਨਾਲ ਛੋਟੀ ਉਮਰ ਦੇ ਪਸ਼ੂਆਂ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਮੁੜ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਤਾਜ਼ੇ ਸੂਏ ਪਸ਼ੂਆਂ ਵਿੱਚ ਇਸ ਦੀ ਕਮੀ ਕਰਕੇ ਸੂਤਕੀ ਬੁਖਾਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲਵੇਰਿਆਂ ਵਿੱਚ ਕੈਲਸ਼ੀਅਮ ਦੁੱਧ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਕਮੀ ਕਰਕੇ ਦੁੱਧ ਉਤਪਾਦਨ ਵਿੱਚ ਕਮੀ ਆ ਜਾਂਦੀ ਹੈ। ਇਸ ਤੋਂ ਇਲਾਵਾ ਸਰੀਰਕ ਵਾਧਾ ਰੁਕਣਾ ਵੀ ਇਸ ਦੀ ਘਾਟ ਦੇ ਲੱਛਣ ਹੋ ਸਕਦੇ ਹਨ।
ਫਾਸਫੋਰਸ: ਪਸ਼ੂਆਂ ਵਿੱਚ ਮਿੱਟੀ ਖਾਣਾ, ਲੱਕੜ ਚੱਬਣਾ ਅਤੇ ਪੱਥਰ ਚੱਟਣਾ ਫਾਸਫੋਰਸ ਤੱਤ ਦੀ ਘਾਟ ਦੀਆਂ ਮੁੱਖ ਨਿਸ਼ਾਨੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਰੀਰਕ ਵਾਧਾ ਰੁਕਣਾ ਅਤੇ ਪਸ਼ੂਆਂ ਦਾ ਸਮੇਂ ਸਿਰ ਹੇਹੇ ਵਿੱਚ ਨਹੀਂ ਆਉਣਾ, ਇਸ ਦੀ ਘਾਟ ਦੇ ਮੁੱਖ ਲੱਛਣ ਹੋ ਸਕਦੇ ਹਨ। ਕਈ ਪਸ਼ੂਆਂ ਵਿੱਚ ਇਸ ਦੀ ਘਾਟ ਨਾਲ ਲਹੂ ਮੂਤਣ ਦੀ ਬਿਮਾਰੀ ਹੋ ਜਾਂਦੀ ਹੈ।
ਕਾਪਰ (ਤਾਂਬਾ) : ਤਾਂਬਾ ਚਮੜੀ ਨੂੰ ਉਸ ਦਾ ਕਾਲਾਪਣ ਦੇਣ ਦਾ ਕੰਮ ਕਰਦਾ ਹੈ। ਇਸ ਦੀ ਘਾਟ ਨਾਲ ਪਸ਼ੂਆਂ ਵਿੱਚ ਚਮੜੀ ਦਾ ਰੰਗ ਬਦਲਣ ਲੱਗ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਇਸ ਦੀ ਘਾਟ ਕਾਰਨ ਫੁਲਵਹਿਰੀ ਵਰਗੀ ਬਿਮਾਰੀ ਹੋ ਜਾਂਦੀ ਹੈ। ਇਸ ਦੀ ਘਾਟ ਕਾਰਨ ਛੋਟੀ ਉਮਰ ਦੇ ਪਸ਼ੂਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਕਿਉਂਕਿ ਤਾਂਬਾ ਸਰੀਰ ਵਿੱਚ ਖੂਨ ਬਣਾਉਣ ਦੇ ਕੰਮ ਵਿੱਚ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਵਿੱਚ ਅਸਥਾਈ ਬਾਂਝਪਣ, ਮੋਕ ਲੱਗਣਾ, ਭਾਰ ਘਟਣਾ ਆਦਿ ਲੱਛਣ ਹੋ ਸਕਦੇ ਹਨ।
ਮੈਗਨੀਜ਼: ਇਸ ਦੀ ਘਾਟ ਨਾਲ ਪਸ਼ੂ ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਉਮਰ ਦੇ ਪਸ਼ੂਆਂ ਵਿੱਚ ਇਸ ਦੀ ਘਾਟ ਨਾਲ ਅਸਥਾਈ ਬਾਂਝਪਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਹੱਡੀਆਂ ਦੇ ਜੋੜ ਮੋਟੇ ਹੋ ਜਾਂਦੇ ਹਨ।
ਜ਼ਿੰਕ : ਜ਼ਿੰਕ ਦੀ ਘਾਟ ਕਰਕੇ ਪਸ਼ੂਆਂ ਦੀ ਚਮੜੀ ਆਮ ਨਾਲੋਂ ਮੋਟੀ ਹੋ ਜਾਂਦੀ ਹੈ ਅਤੇ ਚਮੜੀ ਖੁਰਦਰੀ ਜਾਂ ਸਿੱਕਰੀ ਜਮ੍ਹਾਂ ਹੋ ਗਈ ਹੋਵੇ ਇੰਝ ਜਾਪਦੀ ਹੈ। ਇਸ ਦੀ ਘਾਟ ਦੇ ਨਾਲ ਉਨ੍ਹਾਂ ਦੀ ਵਿਕਾਸ ਦਰ ਵਿੱਚ ਕਮੀ ਆਉਂਦੀ ਹੈ ਅਤੇ ਪ੍ਰਜਣਨ ਸ਼ਕਤੀ ਵੀ ਘਟਦੀ ਹੈ।
ਆਇਓਡੀਨ : ਇਹ ਧਾਤ ਥਾਈਰਡ ਹਾਰਮੋਨ ਦਾ ਮੁੱਖ ਹਿੱਸਾ ਹੁੰਦੀ ਹੈ ਜੋ ਕਿ ਪਸ਼ੂਆਂ ਦੀਆਂ ਅੰਦਰੂਨੀ ਰਸਾਇਣਕ ਕਿਰਿਆਵਾਂ ਵਿੱਚ ਸਹਾਇਕ ਹੁੰਦਾ ਹੈ। ਇਸ ਦੀ ਘਾਟ ਨਾਲ ਪਸ਼ੂਆਂ ਵਿੱਚ ਬਾਂਝਪਣ ਦੀ ਸਮੱਸਿਆ ਆ ਜਾਂਦੀ ਹੈ। ਪਸ਼ੂ ਸਮੇਂ ਤੋਂ ਪਹਿਲਾਂ ਤੂ ਜਾਂਦੇ ਹਨ ਜਾਂ ਮਰਿਆ ਹੋਇਆ ਬੱਚਾ ਪੈਦਾ ਹੁੰਦਾ ਹੈ। ਪਸ਼ੂ ਸਮੇਂ-ਸਿਰ ਹੇਹੇ ਵਿੱਚ ਨਹੀਂ ਆਉਂਦੇ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਚੱਲ ਰਹੀ ਘਾਟ ਨਾਲ ਪਸ਼ੂ ਘੱਟ ਖੁਰਾਕ ਲੈਂਦਾ ਹੈ।
ਲੋਹਾ : ਲੋਹੇ ਦੀ ਘਾਟ ਕਾਰਨ ਖੂਨ ਵਿੱਚ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ। ਸੂਰਾਂ ਦੇ ਬੱਚਿਆਂ ਵਿੱਚ ਇਸ ਦੀ ਕਮੀ ਦੇ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਅਤੇ ਮਾੜੇ ਹਾਲਾਤ ਵਿੱਚ ਮੌਤ ਵੀ ਹੋ ਸਕਦੀ ਹੈ। ਲੋਹੇ ਦੀ ਘਾਟ ਕਾਰਨ ਪਸ਼ੂ ਥੱਕਿਆ ਰਹਿੰਦਾ ਹੈ ਅਤੇ ਪ੍ਰਭਾਵਿਤ ਪਸ਼ੂਆਂ ਵਿੱਚ ਅਨੀਮੀਆ ਹੋ ਜਾਂਦਾ ਹੈ।
ਨਮਕ : ਇਸ ਦੀ ਘਾਟ ਕਾਰਨ ਪਸ਼ੂਆਂ ਦੀ ਭੁੱਖ ਘਟਣ, ਦੁੱਧ ਉਤਪਾਦਨ ਵਿੱਚ ਕਮੀ ਆਉਣਾ, ਕੰਮ ਕਰਨ ਦੀ ਸਮਰੱਥਾ ਘਟਣਾ ਅਤੇ ਭਾਰ ਘਟਣਾ ਆਦਿ ਨਿਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਪਸ਼ੂਆਂ ਲਈ ਵੰਡ ਤਿਆਰ ਕਰਦੇ ਵੇਲੇ ਇੱਕ ਕੁਇੰਟਲ ਵੰਡ ਵਿੱਚ ਇੱਕ ਕਿੱਲੋਗ੍ਰਾਮ ਨਮਕ ਪਾਉਣਾ ਯਕੀਨੀ ਬਣਾਓ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਨ੍ਹਾਂ ਅੱਡ-ਅੱਡ ਧਾਤਾਂ ਦਾ ਇਲਾਕਾ ਆਧਾਰਿਤ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਧਾਤਾਂ ਦਾ ਚੂਰਾ (ਮਿਨਰਲ ਮਿਕਸ਼ਰ) ਆਖਿਆ ਜਾਂਦਾ ਹੈ। ਇਸ ਧਾਤਾਂ ਦੇ ਚੂਰੇ ਨੂੰ ਪਸ਼ੂਆਂ ਨੂੰ ਦੇਣਾ ਲਾਭਕਾਰੀ ਰਹਿੰਦਾ ਹੈ ਅਤੇ ਪਸ਼ੂਆਂ ਵਿੱਚ ਇਨ੍ਹਾਂ ਧਾਤਾਂ ਦੀ ਕਮੀ ਨਾਲ ਹੋਣ ਵਾਲੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ। ਪਸ਼ੂ-ਪਾਲਕ ਵੀਰ ਆਪਣੇ ਨੇੜਲੇ ਕ੍ਰਿਸ਼ੀ ਵਿਗਆਨ ਕੇਂਦਰਾਂ ਵਿੱਚੋਂ ਵੀ ਇਸ ਦੀ ਖ਼ਰੀਦ ਕਰ ਸਕਦੇ ਹਨ।
ਧਾਤਾਂ ਦੇ ਮਿਸ਼ਰਣ ਦੀ ਰੋਜ਼ਾਨਾ ਖੁਰਾਕ ਦਾ ਵੇਰਵਾ ਹੈ; ਵਧ ਰਹੇ ਕੱਟੜੂ-ਵੱਛੜੂ ਨੂੰ 20-30 ਗ੍ਰਾਮ, 5-7 ਕਿੱਲੋ ਦੁੱਧ ਦੇਣ ਵਾਲੇ ਲਵੇਰੇ ਨੂੰ 50 ਗ੍ਰਾਮ, 8-10 ਕਿੱਲੋ ਦੁੱਧ ਦੇਣ ਵਾਲੇ ਲਵੇਰੇ ਨੂੰ 60 ਗ੍ਰਾਮ ਅਤੇ 11+ ਕਿੱਲੋ ਦੁੱਧ ਦੇਣ ਵਾਲੇ ਲਵੇਰੇ ਨੂੰ 100 ਗ੍ਰਾਮ ਦੇਣ ਦੀ ਜ਼ਰੂਰਤ ਹੁੰਦੀ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ