DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰਮੀਆਂ ਵਿੱਚ ਕਮਾਦ ਦੀ ਸਾਂਭ ਸੰਭਾਲ

ਪ੍ਰਦੀਪ ਗੋਇਲ/ਜਸ਼ਨਜੋਤ ਕੌਰ/ ਕੁਲਦੀਪ ਸਿੰਘ ਕਮਾਦ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ। ਕਿਸਾਨ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਵਿੱਚ ਕਮਾਦ ਦੀ ਫ਼ਸਲ ਵੱਡਾ ਯੋਗਦਾਨ ਪਾਉਂਦੀ ਹੈ। ਕਮਾਦ ਨੂੰ ਮੁਨਾਫ਼ੇਯੋਗ ਬਣਾਉਣ ਲਈ ਇਸ ਦੀ ਵਿਗਿਆਨਕ ਖੇਤੀ ਦੀ ਬਹੁਤ ਮਹੱਤਤਾ ਹੈ।...
  • fb
  • twitter
  • whatsapp
  • whatsapp
featured-img featured-img
Version 1.0.0
Advertisement

ਪ੍ਰਦੀਪ ਗੋਇਲ/ਜਸ਼ਨਜੋਤ ਕੌਰ/ ਕੁਲਦੀਪ ਸਿੰਘ

ਕਮਾਦ ਪੰਜਾਬ ਦੀ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ। ਕਿਸਾਨ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਵਿੱਚ ਕਮਾਦ ਦੀ ਫ਼ਸਲ ਵੱਡਾ ਯੋਗਦਾਨ ਪਾਉਂਦੀ ਹੈ। ਕਮਾਦ ਨੂੰ ਮੁਨਾਫ਼ੇਯੋਗ ਬਣਾਉਣ ਲਈ ਇਸ ਦੀ ਵਿਗਿਆਨਕ ਖੇਤੀ ਦੀ ਬਹੁਤ ਮਹੱਤਤਾ ਹੈ। ਬਿਜਾਈ ਤੋਂ ਬਾਅਦ ਖਾਦ, ਨਦੀਨ ਅਤੇ ਪਾਣੀ ਪ੍ਰਬੰਧ ਵਧੀਆ ਤਰੀਕਿਆਂ ਨਾਲ ਕੀਤਾ ਜਾਵੇ ਤਾਂ ਇਸ ਦੇ ਝਾੜ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ।

Advertisement

ਖਾਦ ਪ੍ਰਬੰਧ: ਫਰਵਰੀ-ਮਾਰਚ ਵਿੱਚ ਬੀਜੇ ਕਮਾਦ ਨੂੰ ਅੱਧੀ ਯੂਰੀਆ ਖਾਦ ਪਹਿਲੇ ਪਾਣੀ ਨਾਲ ਪਾ ਦਿੱਤੀ ਜਾਵੇ ਅਤੇ ਬਾਕੀ ਰਹਿੰਦੀ ਅੱਧੀ 65 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਮਈ ਅਖੀਰ ਜਾਂ ਜੂਨ ਮਹੀਨੇ ਵਿੱਚ ਕਮਾਦ ਦੀਆਂ ਕਤਾਰਾਂ ਦੇ ਨਾਲ ਪਾਓ। ਮੂਢੀ ਫ਼ਸਲ ਨੂੰ ਤੀਜੀ ਅਤੇ ਆਖਰੀ ਕਿਸ਼ਤ 65 ਕਿਲੋ ਯੂਰੀਆ ਪ੍ਰਤੀ ਏਕੜ ਪਾਓ।

ਲੋਹੇ ਦੀ ਘਾਟ: ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜੋ ਕਿ ਪਹਿਲਾਂ ਨਵੇਂ ਪੱਤਿਆਂ ਵਿੱਚ ਹਰੀਆਂ ਨਾੜਾਂ ਵਿਚਕਾਰ ਪੀਲੀਆਂ ਧਾਰੀਆਂ ਦੇ ਰੂਪ ਵਿੱਚ ਆਉਂਦੀ ਹੈ। ਘਾਟ ਦੇ ਲੱਛਣ ਆਉਣ ’ਤੇ 2-3 ਛਿੜਕਾਅ 1 ਪ੍ਰਤੀਸ਼ਤ ਫੈਰੇਸ ਸਲਫੇਟ (1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿੱਚ) ਦੇ ਹਫ਼ਤੇ-ਹਫ਼ਤੇ ਦੇ ਫ਼ਰਕ ’ਤੇ ਕਰੋ।

ਫ਼ਸਲਾਂ ਦੀ ਰਹਿੰਦ ਖੂੰਹਦ ਨਾਲ ਮਲਚਿੰਗ: ਕਮਾਦ ਵਿਚਲੀਆਂ ਕਤਾਰਾਂ ਨੂੰ ਝੋਨੇ ਦੀ ਪਰਾਲੀ ਜਾਂ ਧਾਨ ਦੇ ਛਿਲਕੇ ਜਾਂ ਕਮਾਦ ਦੀ ਖੋਰੀ ਨਾਲ ਢੱਕ ਦਿਓ। ਇਸ ਨਾਲ ਜਿੱਥੇ ਨਦੀਨ ਘੱਟ ਉੱਗਣਗੇ ਉੱਥੇ ਜ਼ਮੀਨ ਦੀ ਨਮੀ ਵੀ ਸਾਂਭੀ ਰਹਿੰਦੀ ਹੈ ਅਤੇ ਆਗ ਦਾ ਗੜੂੰਆ ਵੀ ਘੱਟ ਨੁਕਸਾਨ ਕਰਦਾ ਹੈ।

ਨਦੀਨਾਂ ਦਾ ਪ੍ਰਬੰਧ: ਜੇਕਰ ਖੇਤ ਵਿੱਚ ਘਾਹ ਫੂਸ ਜਾਂ ਪਰਾਲੀ ਦੀ ਮਲਚਿੰਗ ਨਹੀਂ ਕੀਤੀ ਹੈ ਤਾਂ 2-3 ਗੋਡੀਆਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਜਾਂ ਰੋਟਰੀ ਵੀਡਰ ਨਾਲ ਕਰੋ। ਕਾਸ਼ਤਕਾਰੀ ਢੰਗਾਂ ਤੋਂ ਇਲਾਵਾ ਰਸਾਇਣਾਂ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕਮਾਦ ਵਿੱਚ ਮੌਸਮੀ ਘਾਹ, ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ਗ੍ਰਾਮ ਟ੍ਰਿਸਕੇਲ-ਤ੍ਰਿਸ਼ੂਕ (2,4 ਡੀ ਸੋਡੀਅਮ ਸਾਲਟ 44% + ਮੈਟ੍ਰੀਬਿਊਜ਼ਿਨ 35% + ਪਾਈਰਾਜ਼ੋਸਲਫਿਉਰਾਨ ਈਥਾਈਲ 1%) ਡਬਲਯੂ ਡੀ ਜੀ ਜਾਂ 1000 ਗ੍ਰਾਮ ਸਿੰਡਿਕਾ (2.4 ਡੀ ਸੋਡੀਅਮ ਸਾਲਟ 48% + ਮੈਟ੍ਰੀਬਿਊਜ਼ਿਨ 32% + ਕਲੋਰੀਮਿਊਰੋਨ ਈਥਾਈਲ 0 %) ਡਬਲਯੂ ਡੀ ਜੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ, ਜਦੋਂ ਨਦੀਨ 3-5 ਪੱਤਿਆਂ ਦੀ ਅਵਸਥਾ ਵਿੱਚ ਹੋਣ ਤਾਂ ਛਿੜਕਾਅ ਕਰੋ। ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿੱਚ 800 ਗ੍ਰਾਮ ਪ੍ਰਤੀ ਏਕੜ 2,4 ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਅਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 800 ਗ੍ਰਾਮ 2,4 ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲੀਲੀਟਰ 2,4 ਡੀ ਅਮਾਈਨ ਸਾਲਟ 58 ਈ ਐੱਸ ਐੱਲ ਦਾ ਛਿੜਕਾਅ ਕਰੋ। ਜੇਕਰ ਕਮਾਦ ਵਿੱਚ ਕਿਸੇ ਵੀ ਅੰਤਰ ਫ਼ਸਲ ਦੀ ਕਾਸ਼ਤ ਕੀਤੀ ਗਈ ਹੈ ਤਾਂ ਉਪਰੋਕਤ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ। ਨਰਮੇਂ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ 2.4 ਡੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।

ਪਾਣੀ ਪ੍ਰਬੰਧ: ਜੂਨ ਵਿੱਚ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ 7-10 ਦਿਨਾਂ ਦੇ ਵਕਫ਼ੇ ’ਤੇ ਲੋੜ ਮੁਤਾਬਿਕ ਪਾਣੀ ਲਾਉਂਦੇ ਰਹੋ। ਬਾਰਸ਼ਾਂ ਦੇ ਦਿਨਾਂ ਵਿੱਚ ਲੋੜ ਅਨੁਸਾਰ ਹੀ ਸਿੰਚਾਈ ਕਰੋ। ਜੇ ਹੋ ਸਕੇ ਤਾਂ ਬਾਰਸ਼ਾਂ ਦੌਰਾਨ ਵਾਧੂ ਪਾਣੀ ਖੇਤ ਵਿੱਚੋਂ ਕੱਢ ਦਿੱਤਾ ਜਾਵੇ।

ਕਮਾਦ ਨੂੰ ਡਿੱਗਣ ਤੋਂ ਬਚਾਉਣ ਲਈ: ਕਮਾਦ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮਿੱਟੀ ਚੜ੍ਹਾਓ। ਕਮਾਦ ਡਿੱਗਣ ਨਾਲ ਜਿੱਥੇ ਚੂਹੇ ਦਾ ਹਮਲਾ ਵਧ ਜਾਂਦਾ ਹੈ, ਉੱਥੇ ਝਾੜ ਅਤੇ ਖੰਡ ਦੀ ਰਿਕਵਰੀ ਵਿੱਚ ਵੀ ਕਾਫ਼ੀ ਗਿਰਾਵਟ ਆਉਂਦੀ ਹੈ। ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਫ਼਼ਸਲ ਦੇ ਮੂਏ ਬੰਨ੍ਹ ਦਿਓ।

*ਖੇਤਰੀ ਖੋਜ ਕੇਦਰ, ਫ਼ਰੀਦਕੋਟ ਅਤੇ ਕਪੂਰਥਲਾ

ਸੰਪਰਕ: 95011-16278

Advertisement
×