ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਮਿਲੀ ਆਈਐੱਸਓ ਸਰਟੀਫਿਕੇਸ਼ਨ
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਅਹਿਮ ਮੀਲ ਪੱਥਰ ਕੀਤਾ ਹਾਸਲ; ਪਸ਼ੂ ਪਾਲਣ ਮੰਤਰੀ ਖੁੱਡੀਆਂ ਨੇ ਦਿੱਤੀ ਜਾਣਕਾਰੀ
Advertisement
ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ਼ ਸਟੈਂਡਰਡਾਈਜ਼ੇਸ਼ਨ (ਆਈਐੱਸਓ) ਦੀ ਸਰਟੀਫਿਕੇਸ਼ਨ ਮਿਲਣ ਦੇ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ। ਇਹ ਸਰਟੀਫਿਕੇਸ਼ਨ ਪਸ਼ੂ ਪਾਲਣ ਸੇਵਾਵਾਂ ਵਿੱਚ ਗੁਣਵੱਤਾ ਦੇ ਮਿਆਰਾਂ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਦੋ ਸੀਮਨ ਬੈਂਕਾਂ ਨੇ ਆਈਐੱਸਓ ਸਰਟੀਫੀਕੇਸ਼ਨ ਹਾਸਲ ਕੀਤੀ ਹੈ, ਜੋ ਸੂਬਾ ਸਰਕਾਰ ਦੇ ਦ੍ਰਿੜ੍ਹ ਸਮਰਪਣ ਨੂੰ ਦਰਸਾਉਂਦਾ ਹੈ। ਸੀਮਨ ਸਟੇਸ਼ਨ ਰੂਪਨਗਰ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 1.06 ਲੱਖ ਸੀਮਨ ਸਟਰਾਅ ਤਿਆਰ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਵਿੱਚ 5.20 ਲੱਖ ਸੀਮਨ ਸਟਰਾਅ ਪੈਦਾ ਕਰਨ ਦਾ ਟੀਚਾ ਹੈ। ਸ੍ਰੀ ਖੁੱਡੀਆਂ ਨੇ ਕਿਹਾ ਕਿ ਵਿਭਾਗ ਦੇ ਆਧੁਨਿਕੀਕਰਨ ਨਾਲ ਕਿਸਾਨਾਂ ਨੂੰ ਡੇਅਰੀ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਖੇਤੀ ਧੰਦਿਆਂ ਰਾਹੀਂ ਆਪਣੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਨਾਭਾ ਦੇ ਸੀਮਨ ਸਟੇਸ਼ਨ ਨੂੰ ਭਾਰਤ ਸਰਕਾਰ ਵੱਲੋਂ ਆਈਐੱਸਓ 9001:2015 ਪ੍ਰਾਪਤ ਹੈ ਅਤੇ ਇਸ ਨੂੰ ਗ੍ਰੇਡ ‘ਏ’ ਦਾ ਦਰਜਾ ਦਿੱਤਾ ਗਿਆ ਹੈ। ਨਾਭਾ ਦੇ ਸੀਮਨ ਸਟੇਸ਼ਨ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 3,11,000 ਸੀਮਨ ਸਟਰਾਅ ਪੈਦਾ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਅੰਦਰ 16.39 ਲੱਖ ਸੀਮਨ ਸਟਰਾਅ ਪੈਦਾ ਕਰਨ ਦਾ ਟੀਚਾ ਹੈ, ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਇਨ੍ਹਾਂ ਸਟਰਾਅਜ਼ ਦੀ ਵਰਤੋਂ ਨਾਲ ਚੰਗੀ ਨਸਲ ਦੀਆਂ ਕੱਟੀਆਂ ਤੇ ਵੱਛੀਆਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ, ਜਿਸ ਨਾਲ ਦੁੱਧ ਉਤਪਾਦਨ ਨੂੰ ਰਿਕਾਰਡ ਪੱਧਰ ਤੱਕ ਵਧਾਉਣ ਵਿੱਚ ਮਦਦ ਮਿਲਦੀ ਹੈ।
Advertisement
Advertisement