DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਗਾਂ ਵਿੱਚ ਪਰਾਲੀ ਨਾਲ ਮਲਚਿੰਗ

ਜਗਦੀਸ਼ ਅਰੋੜਾ, ਮਨਵੀਨ ਕੌਰ ਬਾਠ ਤੇ ਗਗਨਦੀਪ ਕੌਰ ਨਦੀਨ ਬਾਗ਼ਾਂ ਵਿੱਚ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਹਨ ਕਿਉਂਕਿ ਨਦੀਨ ਬਾਗ਼ਾਂ ਵਿੱਚ ਖਾਦ-ਖ਼ੁਰਾਕ ਅਤੇ ਪਾਣੀ ਦਾ ਬਹੁਤ ਵੱਡਾ ਹਿੱਸਾ ਖ਼ਪਤ ਕਰ ਜਾਂਦੇ ਹਨ। ਇੰਨਾ ਹੀ ਨਹੀਂ ਇਹ ਨਦੀਨ ਕਈ ਤਰ੍ਹਾਂ ਦੀਆਂ...
  • fb
  • twitter
  • whatsapp
  • whatsapp
Advertisement

ਜਗਦੀਸ਼ ਅਰੋੜਾ, ਮਨਵੀਨ ਕੌਰ ਬਾਠ ਤੇ ਗਗਨਦੀਪ ਕੌਰ

ਨਦੀਨ ਬਾਗ਼ਾਂ ਵਿੱਚ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਹਨ ਕਿਉਂਕਿ ਨਦੀਨ ਬਾਗ਼ਾਂ ਵਿੱਚ ਖਾਦ-ਖ਼ੁਰਾਕ ਅਤੇ ਪਾਣੀ ਦਾ ਬਹੁਤ ਵੱਡਾ ਹਿੱਸਾ ਖ਼ਪਤ ਕਰ ਜਾਂਦੇ ਹਨ। ਇੰਨਾ ਹੀ ਨਹੀਂ ਇਹ ਨਦੀਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ। ਗਰਮੀਆਂ ਦੇ ਮੌਸਮ ਵਿੱਚ ਵਿੱਚ ਬਾਗ਼ਾਂ ਨੂੰ ਲਗਾਤਾਰ ਪਾਣੀ ਲਾਉਣ ਨਾਲ ਜ਼ਿਆਦਾ ਨਦੀਨ ਉੱਗਦੇ ਹਨ। ਇਸ ਤੋਂ ਇਲਾਵਾ ਜ਼ਮੀਨ ਵਿਚ ਜ਼ਿਆਦਾ ਖੁਸ਼ਕੀ ਫਲਾਂ ਦੇ ਕੇਰੇ ਅਤੇ ਬੂਟਿਆਂ ਦੀ ਕਮਜ਼ੋਰੀ ਦਾ ਕਾਰਨ ਬਣਦੀ ਹੈ। ਇਸ ਨਾਲ ਮਿੱਟੀ ਦਾ ਤਾਪਮਾਨ ਜ਼ਿਆਦਾ ਹੋਣ ਕਰ ਕੇ ਨਾਲ ਹੀ ਮਿੱਟੀ ਦੀ ਨਮੀ ਘੱਟ ਹੋਣ ਨਾਲ ਬੂਟਿਆਂ ਦੇ ਵਾਧੇ ’ਤੇ ਮਾੜਾ ਅਸਰ ਪੈਂਦਾਂ ਹੈ ਅਤੇ ਫਲਾਂ ਦੇ ਕੇਰੇ ਦਾ ਕਾਰਨ ਬਣਦਾ ਹੈ।

ਬਾਗ਼ਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਬਹੁਤ ਸਾਰੇ ਢੰਗ ਤਰੀਕੇ ਅਪਣਾਏ ਜਾਂਦੇ ਹਨ। ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਤਹਿਤ ਹਲਕੀ ਵਹਾਈ, ਗੋਡੀ, ਨਦੀਨਾਂ ਦੀ ਲਗਾਤਾਰ ਕਟਾਈ ਜਾਂ ਪਰਾਲੀ ਨਾਲ ਮਲਚਿੰਗ ਵੀ ਕੀਤੀ ਜਾਂਦੀ ਹੈ। ਇਨ੍ਹਾਂ ਤਰੀਕਿਆਂ ਵਿੱਚੋਂ ਮਲਚਿੰਗ ਕਰਨ ਨਾਲ ਨਾ ਸਿਰਫ਼ ਨਦੀਨਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ, ਸਗੋਂ ਨਦੀਨਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਇਹ ਬਾਗ਼ਾਂ ਵਿੱਚ ਨਮੀ ਅਤੇ ਤਾਪਮਾਨ ਬਰਕਰਾਰ ਰੱਖਣ ਵਿੱਚ ਵੀ ਮਦਦ ਕਰਦੀ ਹੈ। ਪਰਾਲੀ ਦੀ ਮਲਚਿੰਗ ਕਰਨ ਨਾਲ ਫਲਾਂ ਦੀ ਕੇਰਾ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ ਅਤੇ ਫ਼ਲਾਂ ਦਾ ਝਾੜ ਵਧ ਜਾਂਦਾ ਹੈ। ਫਲਾਂ ਦੇ ਆਕਾਰ ਅਤੇ ਗੁਣਵੱਤਾ ’ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ। ਪਰਾਲੀ ਦੀ ਮਲਚ ਦੇ ਗਲਣ-ਸੜਣ ਨਾਲ ਜ਼ਮੀਨ ਵਿੱਚ ਖ਼ੁਰਾਕੀ ਤੱਤ ਵਧਦੇ ਹਨ ਅਤੇ ਨਾਲ ਪਰਾਲੀ ਦੀ ਸੁਚੱਜੀ ਵਰਤੋਂ ਵੀ ਹੁੰਦੀ ਹੈ। ਬਾਗ਼ਾਂ ਵਿੱਚ ਨਦੀਨਾਂ ਨੂੰ ਕਾਰਗਰ ਤਰੀਕੇ ਨਾਲ ਖ਼ਤਮ ਕਰਨ ਲਈ ਪਰਾਲੀ ਦੀ ਵਰਤੋਂ ਬਹੁਤ ਹੀ ਵਧੀਆ ਤਰੀਕਾ ਸਾਬਿਤ ਹੋ ਰਿਹਾ ਹੈ। ਪਰਾਲੀ ਦੀ ਮਲਚਿੰਗ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਤੁਰੰਤ ਕੀਤੀ ਜਾਂਦੀ ਹੈ। ਬਾਗ਼ਾਂ ਵਿੱਚ ਬੂਟਿਆਂ ਦੀ ਛਤਰੀ ਦੇ ਹੇਠਲੇ ਖੇਤਰ ਸਣੇ ਬਾਗ਼ ਕੇ ਕੁੱਲ ਰਕਬੇ ਦੇ ਤਕਰੀਬਨ ਦੋ ਤਿਹਾਈ ਹਿੱਸੇ ਵਿੱਚ ਮਲਚਿੰਗ ਕੀਤੀ ਜਾਂਦੀ ਹੈ।

Advertisement

ਕਿੰਨੂ ਦੇ ਬਾਗ਼ਾਂ ਵਿੱਚ ਬੂਟਿਆਂ ਹੇਠ ਪਰਾਲੀ ਦੀ ਅਖੀਰ-ਦਸੰਬਰ ਵਿੱਚ ਦੇਸੀ ਅਤੇ ਰਸਾਇਣਕ ਖਾਦਾਂ ਪਾਉਣ ਤੋਂ ਬਾਅਦ ਜਾਂ ਅਪਰੈਲ ਮਹੀਨੇ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਬਾਅਦ ਤਹਿ ਵਿਛਾ ਦਿਉ। ਆੜੂ ਅਤੇ ਅਲੂਚੇ ਦੇ ਬਾਗਾਂ ਵਿੱਚ ਪਰਾਲੀ ਨਾਲ ਮਾਰਚ-ਅਪਰੈਲ ਮਹੀਨੇ ਮਲਚਿੰਗ ਕੀਤੀ ਜਾ ਸਕਦੀ ਹੈ, ਨਾਖ ਦੇ ਬਾਗ਼ਾਂ ਵਿਚ ਅਪਰੈਲ ਮਹੀਨੇ, ਬੇਰਾਂ ਦੇ ਬਾਗਾਂ ਵਿੱਚ ਅਕਤੂਬਰ ਮਹੀਨੇ ਮਲਚਿੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਸਾਰੇ ਬਾਗ਼ਾਂ ਵਿੱਚ ਪਰਾਲੀ ਵਿਛਾਉਣ ਦਾ ਕੰਮ, ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਬਾਅਦ ਕਰਨਾ ਚਾਹੀਦਾ ਹੈ। ਅਮਰੂਦ ਦੇ ਬਾਗ਼ਾਂ ਵਿੱਚ ਪਰਾਲੀ ਨਾਲ ਮਲਚਿੰਗ ਮਈ ਮਹੀਨੇ ਨਾਲ ਕਰਨੀ ਚਾਹੀਦੀ ਹੈ। ਇਹ ਕੰਮ ਦੇਸੀ ਰੂੜੀ ਅਤੇ ਰਸਇਣਿਕ ਖਾਦਾਂ ਦੀ ਪਹਿਲੀ ਕਿਸ਼ਤ ਪਾਉਣ ਤੋਂ ਬਾਅਦ ਕੀਤਾ ਜਾਂਦਾ ਹੈ। ਅਮਰੂਦਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਸਤੰਬਰ-ਅਕਤੂਬਰ ਵਿੱਚ ਪਾਈ ਜਾਂਦੀ ਹੈ ਅਤੇ ਉਸ ਸਮੇ ਤੱਕ ਬਾਰਸ਼ਾਂ ਨਾਲ ਪਰਾਲੀ ਬਾਗ਼ ਵਿੱਚ ਹੀ ਗਲ-ਸੜ ਜਾਂਦੀ ਹੈ ਅਤੇ ਖਾਦਾਂ ਦੀ ਦੂਜੀ ਕਿਸ਼ਤ ਸਣੇ ਗਲੀ-ਸੜੀ ਮਲਚ ਨੂੰ ਜ਼ਮੀਨ ਵਿੱਚ ਮਿਲਾਅ ਦਿੱਤਾ ਜਾਂਦਾ ਹੈ।

ਇਸ ਲਈ ਝੋਨੇ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਜਾਂ ਇਸ ਸਮੇਂ ਪਰਾਲੀ ਦੀ ਉਪਲੱਬਧੀ ਸੌਖੀ ਹੈ। ਇਸ ਲਈ ਆਪਣੇ ਬਾਗ਼ਾਂ ਵਿੱਚ ਪਰਾਲੀ ਨਾਲ ਮਲਚਿੰਗ ਕਰਨ ਲਈ ਪਰਾਲੀ ਇਕੱਠੀ ਕਰਨੀ ਅਤੇ ਉਸ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬਾਗ਼ਾਂ ਵਿੱਚ ਮਲਚਿੰਗ ਕਰਨ ਦਾ ਸਮਾਂ ਮਾਰਚ ਤੋਂ ਮਈ ਤੱਕ ਹੈ, ਇਸ ਲਈ ਉਸ ਸਮੇਂ ਤੱਕ ਪਰਾਲੀ ਨੂੰ ਢੁਕਵੀਂ ਜਗ੍ਹਾ ’ਤੇ ਇਕੱਠੀ ਕਰ ਲਵੋ ਤਾਂ ਕਿ ਠੀਕ ਸਮੇਂ ’ਤੇ ਇਸ ਦੀ ਵਰਤੋਂ ਲਈ ਤੁਹਾਡੇ ਬਾਗ਼ਾਂ ਵਿੱਚ ਮਲਚਿੰਗ ਕਰਨ ਲਈ ਪਰਾਲੀ ਮੌਜੂਦ ਹੋਵੇ। ਇਹ ਨਾ ਸਿਰਫ਼ ਬਾਗਾਂ ਲਈ ਫ਼ਇਦੇਮੰਦ ਹੈ ਸਗੋਂ ਪਰਾਲੀ ਦੀ ਅੱਗ ਦੀ ਸਮੱਸਿਆ ਹੱਲ ਕਰਨ ਵਿੱਚ ਵੀ ਯੋਗਦਾਨ ਹੋਵੇਗਾ।

Advertisement
×