ਜੈਵਿਕ ਬਾਸਮਤੀ ਦੀ ਖੇਤੀ ਲਈ ਅਹਿਮ ਨੁਕਤੇ
ਅਮਨਪ੍ਰੀਤ ਸਿੰਘ/ਵੀਕੇ ਰਾਮਪਾਲ/ ਅਮਨਦੀਪ ਸਿੰਘ ਸਿੱਧੂ
ਬਾਸਮਤੀ ਆਪਣੇ ਲੰਮੇ ਦਾਣੇ, ਸੂਖਮ ਸੁਗੰਧ ਅਤੇ ਸੁਆਦ ਕਰਕੇ ‘ਚੌਲਾਂ ਦਾ ਰਾਜਾ’ ਮੰਨਿਆ ਜਾਂਦਾ ਹੈ। ਇਸ ਦੀ ਮੰਗ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਾਫ਼ੀ ਹੈ, ਜਿਸ ਦਾ ਨਿਰਯਾਤ ਖਾੜੀ ਦੇਸ਼ਾਂ, ਸਾਊਦੀ ਅਰਬ ਅਤੇ ਯੂਰਪੀ ਦੇਸ਼ਾਂ ਤੱਕ ਕੀਤਾ ਜਾਂਦਾ ਹੈ। ਕਈ ਵਾਰੀ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਅਣਗੌਲਿਆ ਕਰਕੇ ਆਪਣੀ ਮਨਮਰਜ਼ੀ ਨਾਲ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਕਾਰਨ ਉਤਪਾਦ ਵਿੱਚ ਇਨ੍ਹਾਂ ਰਸਾਇਣਾਂ ਦੇ ਰਹਿੰਦ-ਖੂੰਹਦ ਪਾਏ ਜਾਂਦੇ ਹਨ ਜੋ ਨਿਰਯਾਤ ਸਮੇਂ ਮੁਸ਼ਕਲਾਂ ਪੈਦਾ ਕਰਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ ਨਿਰਯਾਤ ’ਤੇ ਰੋਕ ਵੀ ਲੱਗ ਸਕਦੀ ਹੈ
ਜਦੋਂ ਕਿਸਾਨ ਬਾਸਮਤੀ ਦੀ ਜੈਵਿਕ ਤਰੀਕੇ ਨਾਲ ਖੇਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਆਮ ਤੌਰ ’ਤੇ ਹੋਰ ਫ਼ਸਲਾਂ ਦੇ ਮੁਕਾਬਲੇ ਵਧੀਆ ਮੁੱਲ ਮਿਲਦਾ ਹੈ ਕਿਉਂਕਿ ਖ਼ਰੀਦਦਾਰ ਜੈਵਿਕ ਉਤਪਾਦਾਂ ਲਈ ਵਾਧੂ ਭੁਗਤਾਨ ਕਰਨ ਲਈ ਤਿਆਰ ਰਹਿੰਦੇ ਹਨ। ਇਹ ਵੀ ਗੱਲ ਧਿਆਨਯੋਗ ਹੈ ਕਿ ਬਾਸਮਤੀ ਨੂੰ ਘੱਟ ਖਾਦਾਂ ਦੀ ਲੋੜ ਪੈਂਦੀ ਹੈ ਜੋ ਕਿ ਹਰੀ ਖਾਦ ਵਰਤ ਕੇ ਆਸਾਨੀ ਨਾਲ ਪੂਰੀ ਹੋ ਸਕਦੀ ਹੈ। ਇਸ ਵਜ੍ਹਾ ਕਰਕੇ ਜਦੋਂ ਵੀ ਜੈਵਿਕ ਤਰੀਕੇ ਨਾਲ ਬਾਸਮਤੀ ਦੀ ਖੇਤੀ ਕਰਨੀ ਹੋਵੇ ਤਾਂ ਸਹੀ ਤਕਨੀਕਾਂ ਅਤੇ ਉਤਪਾਦਨ ਪੱਧਤੀਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਿਨ੍ਹਾਂ ਸਬੰਧੀ ਇੱਥੇ ਗੱਲ ਕਰਾਂਗੇ।
ਨਰਸਰੀ ਦੀ ਬਿਜਾਈ ਸਮੇਂ ਧਿਆਨ ਦੇਣ ਵਾਲੀਆਂ ਗੱਲਾਂ: ਜੈਵਿਕ ਬਾਸਮਤੀ ਦੀ ਖੇਤੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਨਰਸਰੀ ਲਗਾਉਣ ਦੀ ਵਿਧੀ ਅਤੇ ਬੀਜ ਦੀ ਮਾਤਰਾ ਆਮ ਤਰੀਕੇ ਵਰਗੀ ਹੀ ਹੁੰਦੀ ਹੈ, ਪਰ ਇਸ ਵਿੱਚ ਕਿਸੇ ਵੀ ਰਸਾਇਣਕ ਖਾਦ ਜਾਂ ਸਪਰੇਅ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪੌਦਿਆਂ ਨੂੰ ਪੈਰਾਂ ਦੀ ਗਲਣ ਬਿਮਾਰੀ ਤੋਂ ਬਚਾਉਣ ਲਈ ਬੀਜ ਬੀਜਣ ਤੋਂ ਪਹਿਲਾਂ ‘ਟ੍ਰਾਈਕੋਡਰਮਾ ਹਾਰਜ਼ੀਐਨਮ’ ਨੂੰ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਲਗਾ ਕੇ ਸੋਧਣਾ ਚਾਹੀਦਾ ਹੈ।
ਖਾਦਾਂ ਦੀ ਵਰਤੋਂ: ਬਾਸਮਤੀ ਦੀ ਪੌਸ਼ਟਿਕ ਲੋੜ ਨੂੰ ਪੂਰਾ ਕਰਨ ਲਈ ਹਰੀ ਖਾਦ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ। ਕਣਕ ਦੀ ਕਟਾਈ ਮਗਰੋਂ ਢੈਂਚਾ, ਸਣ ਜਾਂ ਰਵਾਂਹ ਵਰਗੀਆਂ ਹਰੀਆਂ ਖਾਦਾਂ ਦੇ ਲਗਭਗ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਛੱਟਾ ਦੇ ਦਿਓ। ਜਦੋਂ ਇਹ ਹਰੀ ਫ਼ਸਲ ਤਕਰੀਬਨ 50 ਦਿਨ ਦੀ ਹੋ ਜਾਵੇ ਤਾਂ ਉਸ ਨੂੰ ਖੇਤ ਵਿੱਚ ਮਿਲਾ ਦਿਓ ਤਾਂ ਜੋ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਉਪਲੱਬਧਤਾ ਵਧ ਸਕੇ। ਇਹ ਕਾਰਵਾਈ ਪਨੀਰੀ ਲਗਾਉਣ ਤੋਂ ਠੀਕ ਪਹਿਲਾਂ ਕਰਨੀ ਚਾਹੀਦੀ ਹੈ।
ਪਨੀਰੀ ਲਗਾਉਣ ਦੀ ਤਿਆਰੀ: ਪਨੀਰੀ ਨੂੰ ਖੇਤ ਵਿੱਚ ਲਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮਾ ਹਾਰਜ਼ੀਐਨਮ ਦੇ 15 ਗ੍ਰਾਮ ਪ੍ਰਤੀ ਲਿਟਰ ਪਾਣੀ ਵਾਲੇ ਘੋਲ ਵਿੱਚ ਛੇ ਘੰਟਿਆਂ ਲਈ ਭਿਉਂ ਕੇ ਰੱਖੋ। ਇਸ ਕਾਰਵਾਈ ਨਾਲ ਬੂਟਿਆਂ ਨੂੰ ਮਿੱਟੀ ਵਿੱਚ ਪੈਣ ਵਾਲੀਆਂ ਲਾਗਾਂ ਤੋਂ ਬਚਾਅ ਹੁੰਦਾ ਹੈ। ਬੂਟਿਆਂ ਨੂੰ ਜੀਵਾਣੂ ਖਾਦ ਦੇ ਨਾਲ ਟੀਕਾ ਲਗਾਉਣ ਲਈ ਅਜ਼ੋਸਪੀਰੀਲੀਅਮ ਦੇ ਇੱਕ ਪੈਕੇਟ ਨੂੰ ਪਾਣੀ ਵਿੱਚ ਘੋਲੋ ਅਤੇ ਉਸ ਘੋਲ ਵਿੱਚ ਪਨੀਰੀ ਦੀਆਂ ਜੜ੍ਹਾਂ ਨੂੰ ਲਗਭਗ 45 ਮਿੰਟ ਲਈ ਭਿਉਂ ਕੇ ਰੱਖੋ। ਇਸ ਦੇ ਨਾਲ ਬੂਟੇ ਜੜ੍ਹਾਂ ਰਾਹੀਂ ਨਾਈਟ੍ਰੋਜਨ ਫਿਕਸ ਕਰਨ ਯੋਗ ਬਣ ਜਾਂਦੇ ਹਨ। ਟੀਕਾ ਲਗਾਉਣ ਤੋਂ ਬਾਅਦ ਪਨੀਰੀ ਨੂੰ ਤਿਆਰ ਕੀਤੇ ਖੇਤ ਵਿੱਚ ਲਗਾ ਦੇਵੋ।
ਨਦੀਨਾਂ ਦੀ ਰੋਕਥਾਮ: ਜੈਵਿਕ ਤਰੀਕੇ ਨਾਲ ਬਾਸਮਤੀ ਦੀ ਖੇਤੀ ਕਰਦੇ ਹੋਏ, ਕਿਸੇ ਵੀ ਕਿਸਮ ਦੇ ਰਸਾਇਣਕ ਨਦੀਨ ਨਾਸ਼ਕ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਇਸ ਸੰਦਰਭ ਵਿੱਚ ਨਦੀਨਾਂ ਨੂੰ ਕਾਬੂ ਵਿੱਚ ਰੱਖਣ ਲਈ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਪਹਿਲੇ 20 ਤੋਂ 25 ਦਿਨਾਂ ਤੱਕ ਪਾਣੀ ਨੂੰ ਖੜ੍ਹਾ ਰੱਖਣਾ ਲਾਭਕਾਰੀ ਰਹਿੰਦਾ ਹੈ। ਜਿੱਥੇ ਲੋੜ ਪਏ ਉੱਥੇ ਨਦੀਨਾਂ ਦੀ ਹੱਥੀਂ ਪੁਟਾਈ ਕਰਕੇ ਵੀ ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਪੌਦ ਸੁਰੱਖਿਆ: ਬਾਸਮਤੀ ਦੀ ਫ਼ਸਲ ਵਿੱਚ ਤਣੇ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਵਰਗੇ ਕੀੜਿਆਂ ਤੋਂ ਬਚਾਅ ਲਈ ਟ੍ਰਾਈਕੋਗਰਾਮਾ ਦੀ ਵਰਤੋਂ ਇੱਕ ਪ੍ਰਭਾਵੀ ਤਰੀਕਾ ਹੈ। ਪਨੀਰੀ ਲਗਾਉਣ ਤੋਂ ਤਕਰੀਬਨ 30 ਦਿਨਾਂ ਬਾਅਦ ਟ੍ਰਾਈਕੋਗਰਾਮਾ ਜੈਪੋਨਿਕਮ ਅਤੇ ਟ੍ਰਾਈਕੋਗਰਾਮਾ ਕਿਲੋਨਿਸ ਦੇ ਟ੍ਰਾਈਕੋ ਕਾਰਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰ ਹਫ਼ਤੇ ਇੱਕ-ਇੱਕ ਕਾਰਡ ਪ੍ਰਤੀ ਏਕੜ ਲਗਾਓ ਅਤੇ ਇਹ ਕਾਰਵਾਈ ਲਗਭਗ 5-6 ਹਫ਼ਤਿਆਂ ਤੱਕ ਜਾਰੀ ਰੱਖੋ। ਹਰੇਕ ਟ੍ਰਾਈਕੋ ਕਾਰਡ ਨੂੰ 20 ਸਟ੍ਰਿਪਾਂ ਵਿੱਚ ਕੱਟ ਕੇ ਸ਼ਾਮ ਸਮੇਂ ਖੇਤ ਵਿੱਚ 40 ਥਾਵਾਂ ’ਤੇ ਪੱਤਿਆਂ ਦੇ ਹੇਠਲੇ ਪਾਸੇ ਨੱਥੀ ਕਰ ਦਿਓ। ਕਿਸੇ ਵੀ ਕਿਸਮ ਦੇ ਸ਼ੁਰੂਆਤੀ ਹਮਲੇ ਨੂੰ ਰੋਕਣ ਲਈ ਨਿੰਮ ਆਧਾਰਿਤ ਕੁਦਰਤੀ ਕੀਟਨਾਸ਼ਕ ਵਰਤਣੇ ਲਾਭਕਾਰੀ ਰਹਿੰਦੇ ਹਨ। ਜਿਵੇਂ ਕਿ 80 ਮਿਲੀਲਿਟਰ ਈਕੋਟਿਨ (ਅਜ਼ੈਡੀਰੈਕਟਿਨ 5%) ਜਾਂ 1 ਲਿਟਰ ਨਿੰਮ ਕਵਚ/ਅਚੂਕ (ਅਜ਼ੈਡੀਰੈਕਟਿਨ 0.15%) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਫ਼ਸਲ ਦੇ ਨਿੱਸਰਨ ਤੋਂ ਪਹਿਲਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਨੂੰ ਖੇਤ ਵਿੱਚ ਫ਼ਸਲ ਦੇ ਉੱਪਰਲੇ ਹਿੱਸੇ ’ਤੇ ਦੋ ਵਾਰੀ ਘੁਮਾ ਦਿਓ। ਇਹ ਕਾਰਵਾਈ ਸ਼ਾਮ ਸਮੇਂ ਕਰੋ ਅਤੇ ਯਕੀਨੀ ਬਣਾਓ ਕਿ ਉਸ ਵੇਲੇ ਖੇਤ ਵਿੱਚ ਪਾਣੀ ਖੜ੍ਹਾ ਹੋਵੇ।
ਟਿੱਡਿਆਂ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਵੀ ਨਿੰਮ ਆਧਾਰਿਤ ਛਿੜਕਾਅ ਸਾਰਥਕ ਸਾਬਤ ਹੁੰਦਾ ਹੈ। 80 ਮਿਲੀਲਿਟਰ ਈਕੋਟਿਨ (ਅਜ਼ੈਡੀਰੈਕਟਿਨ 5%) ਜਾਂ 4 ਲਿਟਰ ਘਰੇਲੂ ਤਰੀਕੇ ਨਾਲ ਤਿਆਰ ਕੀਤਾ ਪੀ.ਏ.ਯੂ. ਨਿੰਮ ਦਾ ਘੋਲ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜੇ ਜ਼ਰੂਰਤ ਹੋਵੇ, ਤਾਂ ਇਹ ਸਪਰੇਅ 5-7 ਦਿਨ ਬਾਅਦ ਦੁਹਰਾਓ। ਬਿਹਤਰ ਨਤੀਜਿਆਂ ਲਈ ਛਿੜਕਾਅ ਨੂੰ ਬੂਟਿਆਂ ਦੀਆਂ ਜੜਾਂ ਵੱਲ ਕੇਂਦਰਿਤ ਕਰੋ।
ਮਾਰਕੀਟਿੰਗ ਅਤੇ ਪ੍ਰਮਾਣੀਕਰਣ: ਜੈਵਿਕ ਬਾਸਮਤੀ ਦੀ ਵਧੀਆ ਕੀਮਤ ਹਾਸਲ ਕਰਨ ਲਈ ਸਭ ਤੋਂ ਜ਼ਰੂਰੀ ਕੜੀ ਮਾਰਕੀਟਿੰਗ ਦੀ ਹੈ। ਹਾਲਾਂਕਿ, ਪੰਜਾਬ ਵਿੱਚ ਇਸ ਮੌਕੇ ਕੋਈ ਢੰਗ ਦੀ ਸੰਗਠਿਤ ਮਾਰਕੀਟਿੰਗ ਪ੍ਰਣਾਲੀ ਵਿਕਸਤ ਨਹੀਂ ਹੋਈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਘਰੇਲੂ ਲੋੜ ਜਾਂ ਸਿੱਧੇ ਗਾਹਕਾਂ ਦੀ ਮੰਗ ਦੇ ਆਧਾਰ ’ਤੇ ਹੀ ਜੈਵਿਕ ਬਾਸਮਤੀ ਦੀ ਖੇਤੀ ਕਰਨ। ਜੇ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਉਤਪਾਦ ’ਤੇ ਗਾਹਕ ਪੂਰਾ ਭਰੋਸਾ ਕਰ ਸਕਣ ਤਾਂ ਉਨ੍ਹਾਂ ਲਈ ਆਪਣੀ ਖੇਤੀ ਨੂੰ ਸਰਟੀਫਾਈ ਕਰਵਾਉਣਾ ਬਹੁਤ ਜ਼ਰੂਰੀ ਹੈ। ਇਹ ਪ੍ਰਮਾਣੀਕਰਣ ਕਿਸਾਨ ਦੇ ਉਤਪਾਦ ਨੂੰ ਮਾਰਕੀਟ ਵਿੱਚ ਇੱਕ ਵਿਸ਼ੇਸ਼ ਪਛਾਣ ਦਿਵਾਉਂਦਾ ਹੈ।
ਸੰਪਰਕ: 94785-54997
*ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ