ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਸਬੰਧੀ ਸੰਗਤ ’ਚ ਉਤਸ਼ਾਹ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਨਵੰਬਰ
ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ (ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਸਾਲਾਨਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਾਬਾ ਜੀ ਦਾ ਜਨਮ ਪਿਤਾ ਗਰਜਾ ਸਿੰਘ ਬਾਠ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ 18 ਮੱਘਰ 1755 ਈ: ਨੂੰ ਨਾਰੰਗ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਜਿਨ੍ਹਾਂ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਮਗਰੋਂ 1823 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਸਿੱਖ ਰਾਜ ਦੇ ਮਹਾਨ ਥੰਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਦਸੰਬਰ 1845 ਈ: ਨੂੰ ਸਿੱਖ ਰਾਜ ਦੇ ਅਹਿਲਕਾਰ ਡੋਗਰੇ ਗੁਲਾਬ ਸਿੰਘ, ਮਿਸ਼ਰ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਅੰਦਰਖਾਤੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਸੌਦਾ ਕਰ ਲਿਆ ਸੀ ਤਾਂ ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ ਸ਼ਾਮ ਸਿੰਘ ਅਟਾਰੀ ਨੂੰ ਖਾਲਸਾ ਪੰਥ ਬੁੱਢਾ ਦਲ ਦੇ ਨਾਮ ਸੰਦੇਸ਼ ਲਿਖ ਕੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਨੂੰ ਭੇਜਿਆ। ਬਾਬਾ ਜੀ ਨੇ ਉਸੇ ਵੇਲੇ 32000 ਸਿੰਘਾਂ ਸਮੇਤ ਮੈਦਾਨੇ ਜੰਗ ਲਈ ਚਾਲੇ ਪਾ ਦਿੱਤੇ। ਮੁਦਕੀ ਅਤੇ ਫੇਰੂ ਸ਼ਹਿਰ ਵਿੱਚ ਸਿੰਘਾਂ ਅਤੇ ਅੰਗਰੇਜ਼ਾਂ ਵਿੱਚ ਘਮਾਸਾਨ ਦਾ ਯੁੱਧ ਹੋਇਆ, ਜਿਸ ਵਿੱਚ ਸਿੰਘਾਂ ਨੇ 10 ਹਜ਼ਾਰ ਤੋਂ ਵੱਧ ਅੰਗਰੇਜ਼ ਫੌਜੀ ਨੂੰ ਮੌਤ ਦੇ ਘਾਟ ਉਤਾਰਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ।
ਘੜਾਮ ਪਹੁੰਚ ਕੇ ਬਾਬਾ ਹਨੂੰਮਾਨ ਸਿੰਘ ਤੋਪ ਦਾ ਗੋਲਾ ਲੱਗਣ ਕਾਰਨ ਸਖ਼ਤ ਜ਼ਖ਼ਮੀ ਹੋ ਗਏ ਅਤੇ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸੋਹਾਣਾ ਵਿੱਚ ਪਹੁੰਚੇ ਅਤੇ ਹਜ਼ਾਰਾਂ ਸਿੰਘਾਂ ਸਮੇਤ ਇਸ ਅਸਥਾਨ ’ਤੇ ਸ਼ਹੀਦੀ ਦਾ ਜਾਮ ਪੀ ਗਏ। ਇਸ ਅਸਥਾਨ ’ਤੇ 3 ਦਸੰਬਰ ਨੂੰ ਹਰੇਕ ਸਾਲ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਧਾਰਮਿਕ ਸਮਾਗਮ ’ਚ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉੱਘੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ, ਭਾਈ ਬਲਬੀਰ ਸਿੰਘ ਪਾਰਸ ਅਤੇ ਅੰਮ੍ਰਿਤਸਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਸਿੰਗਤ ਨੂੰ ਨਿਹਾਲ ਕਰੇਗਾ। ਇਸ ਦਿਨ ਮਾਨਵਤਾ ਦੇ ਭਲੇ ਲਈ ਮੈਗਾ ਖੂਨਦਾਨ ਕੈਂਪ ਸਵੇਰੇ 8 ਵਜੇ ਤੋਂ ਦੇਰ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ।