ਝੋਨੇ ਦੀ ਮੈਟ ਟਾਈਪ ਪਨੀਰੀ ਦੇ ਵਧੀਆ ਨਤੀਜੇ
ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਨੂੰ ਹੱਥ ਨਾਲ ਲਾ ਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਵਿਧੀ ਨਾਲ ਝੋਨੇ ਦੀ ਲੁਆਈ ਦੌਰਾਨ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਈ ਵਾਰ ਸਮੇਂ ਸਿਰ ਲੇਬਰ ਨਾ ਮਿਲਣ ਕਰਕੇ ਝੋਨੇ ਦੀ ਲੁਆਈ ਲੇਟ ਹੋ ਜਾਂਦੀ ਹੈ ਤੇ ਲੇਬਰ ਵੀ ਮਨਚਾਹੇ ਪੈਸੇ ਲੈਂਦੀ ਹੈ, ਜਿਸ ਨਾਲ ਝੋਨੇ ਦੀ ਲੁਆਈ ਦੀ ਲਾਗਤ ਵਿੱਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਕਿਸਾਨਾਂ ਦਾ ਰੁਝਾਨ ਝੋਨੇ ਦੀ ਮਸ਼ੀਨੀ ਲੁਆਈ ਵੱਲ ਵਧਿਆ ਹੈ, ਜਿਸ ਨਾਲ ਲੇਬਰ ਦੀ ਬੱਚਤ ਅਤੇ ਝੋਨੇ ਦੀ ਲੁਆਈ ਸਮੇਂ ਸਿਰ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਲੁਆਈ ਲਈ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਹੈ।
ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਪਨੀਰੀ ਦੀ ਲੋੜ ਹੁੰਦੀ ਹੈ। ਝੋਨੇ ਦੀ ਮਸ਼ੀਨੀ ਲੁਆਈ ਦੀ ਕਾਰਜਕੁਸ਼ਲਤਾ, ਝੋਨੇ ਦੀ ਮੈਟ ਟਾਈਪ ਪਨੀਰੀ ’ਤੇ ਬਹੁਤ ਨਿਰਭਰ ਕਰਦੀ ਹੈ ਅਤੇ ਮੈਟਾਂ ਵਿੱਚ ਪੁੰਗਰਿਆ ਹੋਇਆ ਬੀਜ ਇਕਸਾਰ ਖਿੱਲਰਿਆ ਹੋਣਾ ਚਾਹੀਦਾ ਹੈ। ਰਵਾਇਤੀ ਤਰੀਕੇ ਨਾਲ 2 ਕਾਮੇ ਪ੍ਰਤੀ ਦਿਨ ਵਿੱਚ 5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਮੈਟ ਤਿਆਰ ਕਰ ਸਕਦੇ ਹਨ। 2.5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਲਗਭਗ 50 ਵਰਗ ਮੀਟਰ ਨਰਸਰੀ ਖੇਤਰ ਦੀ ਲੋੜ ਹੁੰਦੀ ਹੈ। ਲੇਬਰ ਦੁਆਰਾ ਮੈਟ ਟਾਈਪ ਪਨੀਰੀ ਤਿਆਰ ਕਰਨ ਲਈ ਬਹੁਤ ਸਾਰੇ ਕੰਮ (ਪਨੀਰੀ ਵਾਲਾ ਖੇਤ ਤਿਆਰ ਹੋਣ ਉਪਰੰਤ ਪਲਾਸਟਿਕ ਦੀ ਸ਼ੀਟ ਨੂੰ ਵਿਛਾਉਣਾ, ਵਿਛਾਈ ਹੋਈ ਸ਼ੀਟ ਉੱਪਰ ਫਰੇਮਾਂ ਨੂੰ ਰੱਖਣਾ, ਫਰੇਮ ਦੇ ਦੋਨੋਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰਾ ਕਰਨਾ, ਹਰੇਕ ਖਾਨੇ ਵਿੱਚ 50-60 ਗ੍ਰਾਮ ਪੁੰਗਰੇ ਝੋਨੇ ਦੇ ਬੀਜ ਨੂੰ ਰੋਲਰ ਦੀ ਸਹਾਇਤਾ ਨਾਲ ਖਿਲਾਰਨਾ ਤਾਂ ਜੋ 2 ਜਾਂ 3 ਦਾਣੇ ਪ੍ਰਤੀ ਸੈਂਟੀਮੀਟਰ ਖੇਤਰਫਲ ਵਿੱਚ ਆਉਣ, ਬੀਜ ਨੂੰ ਮਿੱਟੀ ਦੀ ਬਾਰੀਕ ਪਰਤ ਨਾਲ ਢੱਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਦਾ ਛਿੜਕਾਅ ਕਰਨਾ ਤਾਂ ਜੋ ਮਿੱਟੀ ਜੰਮ ਜਾਵੇ, ਫਰੇਮਾਂ ਨੂੰ ਹੌਲੀ ਚੁੱਕਣਾ ਅਤੇ ਅੱਗੇ ਵਿਛਾਈ ਹੋਈ ਪਲਾਸਟਿਕ ਸ਼ੀਟ ’ਤੇ ਰੱਖਣਾ) ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਕਾਮੇ ਨੂੰ ਵੀ ਬਹੁਤ ਸਰੀਰਕ ਥਕਾਵਟ ਮਹਿਸੂਸ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕਿਸਾਨ ਇਸ ਤਰੀਕੇ ਨੂੰ ਘੱਟ ਪਸੰਦ ਕਰਦੇ ਹਨ।
ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਨੂੰ ਆਸਾਨ ਅਤੇ ਤੇਜ਼ੀ ਨਾਲ ਕਰਨ ਲਈ ਸਾਲ 2021 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਮੈਟ ਟਾਈਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਵਿਕਸਤ ਕੀਤੀ ਹੈ। ਇਸ ਮਸ਼ੀਨ ਨਾਲ ਆਸਾਨੀ ਨਾਲ ਮੈਟ ਤਿਆਰ ਕੀਤੇ ਜਾ ਸਕਦੇ ਹਨ। ਇਸ ਮਸ਼ੀਨ ਵਿੱਚ ਦੋਵੇਂ ਪਾਸੇ ਤੋਂ ਮਿੱਟੀ ਕੱਟਣ ਵਾਲਾ ਬਲੇਡ ਲੱਗਾ ਹੁੰਦਾ ਹੈ ਅਤੇ ਨਾਲ ਹੀ ਡੂੰਘਾਈ ਕੰਟਰੋਲ ਕੀਤੀ ਜਾਂਦੀ ਹੈ, ਜਿਸ ਨਾਲ ਤਿਆਰ ਕਰਨ ਵੇਲੇ ਮਿੱਟੀ ਦੀ ਕਟਾਈ ਦੀ ਮਾਤਰਾ ਨੂੰ ਨਿਰਧਾਰਤ ਕੀਤਾ ਜਾਂਦਾ ਹੈ। ਮਿੱਟੀ ਨੂੰ ਕਨਵੇਆਰ ਅਤੇ ਔਗਰ ਰਾਹੀਂ ਛਾਣਨੀ ਵਾਲੀ ਇਕਾਈ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਮਿੱਟੀ ਦੇ ਛੋਟੇ ਡਲੇ ਜਾਂ ਹੋਰ ਰੋੜੇ, ਮਿੱਟੀ ਤੋਂ ਵੱਖ ਹੋ ਜਾਂਦੇ ਹਨ ਅਤੇ ਸਾਫ਼ ਮਿੱਟੀ ਹੌਪਰ ਵਿੱਚ ਜਾਂਦੀ ਹੈ। ਇੱਕ ਪੌਲੀਥੀਨ ਸ਼ੀਟ ਰੋਲ ਹੌਪਰ ਦੇ ਸਾਹਮਣੇ ਲਗਾਈ ਗਈ ਰਾਡ ਵਿੱਚ ਪਾਇਆ ਜਾਂਦਾ ਹੈ ਤਾਂ ਜੋ 1.0 ਮੀਟਰ ਚੌੜੇ ਮਿੱਟੀ ਦੇ ਬੈੱਡ ’ਤੇ ਪੌਲੀਥੀਨ ਸ਼ੀਟ (50-60 ਗੇਜ਼) ਨੂੰ ਵਿਛਾਇਆ ਜਾ ਸਕੇ ਤੇ ਉਸ ’ਤੇ ਮਿੱਟੀ ਡਿੱਗਦੀ ਹੋ ਜਾਵੇ। ਛਾਣਨੀ ਵਾਲੇ ਯੂਨਿਟ ਦੇ ਪਿੱਛੇ ਬੀਜ ਬਕਸਾ ਲੱਗਾ ਹੁੰਦਾ ਹੈ, ਇਸ ਤੋਂ ਮਿਣਤੀ ਕੀਤਾ ਝੋਨੇ ਦਾ ਬੀਜ ਮੈਟ ’ਤੇ ਗਿਰਦਾ ਹੈ, ਜਿਸ ਤੋਂ ਬਾਅਦ ਇਸ ਝੋਨੇ ਦੇ ਬੀਜ ਨੂੰ ਢਕਣ ਲਈ ਮਸ਼ੀਨ ਦੁਆਰਾ ਹਲਕੀ ਮਿੱਟੀ ਦੀ ਪਰਤ ਵੀ ਪਾਈ ਜਾਂਦੀ ਹੈ। ਇਹ ਮਸ਼ੀਨ ਆਸਾਨੀ ਨਾਲ 40 ਹਾਰਸ ਪਾਵਰ ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ। ਇਹ ਮਸ਼ੀਨ ਇੱਕ ਦਿਨ ਵਿੱਚ 150 ਏਕੜ ਦੀ ਪਨੀਰੀ ਲਈ ਮੈਟ ਤਿਆਰ ਕਰ ਦਿੰਦੀ ਹੈੈ। ਇਹ ਮਸ਼ੀਨ ਔਸਤਨ 4.65 ਲਿਟਰ/ਘੰਟਾ ਡੀਜ਼ਲ ਦੀ ਖਪਤ ਕਰਦੀ ਹੈ। ਇਸ ਮਸ਼ੀਨ ਦੁਆਰਾ ਮੈਟ ਦੀ ਮੋਟਾਈ 24-27 ਮਿਲੀਮੀਟਰ ਤੱਕ ਹੁੰਦੀ ਹੈ।
ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਦੀ ਵਰਤੋਂ ਦੇ ਫਾਇਦੇ:
•ਰਵਾਇਤੀ ਢੰਗ ਨਾਲ ਮੈਟ ਵਾਲੀ ਪਨੀਰੀ ਦੇ ਬਿਜਾਈ ਦੇ ਮੁਕਾਬਲੇ ਲਾਗਤ ਵਿੱਚ 64-68% ਅਤੇ ਮਜ਼ਦੂਰੀ ਵਿੱਚ 93-94.4% ਦੀ ਬੱਚਤ ਹੁੰਦੀ ਹੈ।
•ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਨਾਲ ਮੈਟ ਦੀ ਬਿਜਾਈ ਪ੍ਰਕਿਰਿਆ ਤੇਜ਼ ਅਤੇ ਨਿਰਵਿਘਨ ਹੁੰਦੀ ਹੈ, ਜਦੋਂ ਕਿ ਮੈਟ ਵਾਲੀ ਪਨੀਰੀ ਦੀ ਹੱਥੀਂ ਬਿਜਾਈ ਹੌਲੀ ਅਤੇ ਜ਼ਿਆਦਾ ਸਰੀਰਕ ਥਕਾਵਟ ਵਾਲੀ ਹੁੰਦੀ ਹੈ।
•ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਬੈੱਡ ਤਿਆਰ ਕਰਨ ਦੇ ਨਾਲ ਪੌਲੀਥੀਨ ਸ਼ੀਟ ਵਿਛਾਉਂਦੀ ਹੋਈ ਤੇ ਨਾਲ ਹੀ ਮਿੱਟੀ ਪਾਉਂਦੀ ਜਾਂਦੀ ਹੈ, ਉਸ ਉੱਪਰ ਬੀਜ ਵੀ ਕੇਰ ਕੇ ਨਾਲ ਦੀ ਨਾਲ ਹਲਕੀ ਮਿੱਟੀ ਦੀ ਪਰਤ ਵੀ ਵਿਛਾਉਂਦੀ ਹੈ। ਇਸ ਤਰ੍ਹਾਂ ਮਸ਼ੀਨ ਬਹੁਤ ਸਾਰੇ ਕੰਮ ਇੱਕ ਹੀ ਗੇੜੇ ਵਿੱਚ ਕਰਨ ਦੇ ਸਮਰੱਥ ਹੈ।
•ਮਸ਼ੀਨ ਦੁਆਰਾ ਬਣਾਏ ਮੈਟਾਂ ਵਿੱਚ ਝੋਨੇ ਦਾ ਬੀਜ ਇਕਸਾਰ ਖਿਲਰਦਾ ਹੈ।
•ਲੇਬਰ ਦੁਆਰਾ ਮੈਟ ਪਨੀਰੀ ਦੀ ਬਿਜਾਈ ਜ਼ਿਆਦਾ ਸਮਾਂ, ਘੱਟ ਸਮਰੱਥਾ ਅਤੇ ਜ਼ਿਆਦਾ ਸਰੀਰਕ ਥਕਾਵਟ ਹੋਣ ਕਰਕੇ ਕਈ ਕਿਸਾਨ ਝੋਨੇ ਦੀ ਮਸ਼ੀਨੀ ਲੁਆਈ ਛੱਡ ਗਏ ਸਨ, ਪਰ ਮੈਟ ਟਾਈਪ ਪਨੀਰੀ ਦੀ ਮਸ਼ੀਨੀ ਬਿਜਾਈ ਕਰਕੇ ਬਹੁਤ ਸਾਰੇ ਕਿਸਾਨ ਫਿਰ ਤੋਂ ਝੋਨੇ ਦੀ ਮਸ਼ੀਨੀ ਲੁਆਈ ਵਾਲੇ ਪਾਸੇ ਉਤਸ਼ਾਹਿਤ ਹੋਏ ਹਨ।
ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਧਿਆਨ ਵਿੱਚ ਰੱਖਣ ਵਾਲੇ ਮਹੱਤਵਪੂਰਨ ਨੁਕਤੇ:
•ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਵਾਲਾ ਖੇਤ ਲੇਜ਼ਰ ਕਰਾਹੇ ਨਾਲ ਪੱਧਰਾ ਹੋਣਾ ਚਾਹੀਦਾ ਹੈ ਅਤੇ ਖੇਤਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਰੂੜੀ ਖਾਦ ਦੀ ਵਰਤੋਂ ਕਰੋ। ਪਨੀਰੀ ਵਾਲੇ ਖੇਤ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖ਼ਤ ਵਸਤੂ ਨਹੀਂ ਹੋਣੀ ਚਾਹੀਦੀ।
•ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਝੋਨੇ ਦੀ ਮੈਟ ਟਾਈਪ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਅਤੇ ਟਿਊਬਵੈੱਲ ਤੇ ਦਰੱਖਤਾਂ ਤੋਂ ਵੀ ਘੱਟੋ ਘੱਟ 20 ਮੀਟਰ ਦੀ ਦੂਰੀ ’ਤੇ ਹੋਣਾ ਚਾਹੀਦਾ ਹੈ।
•ਬਿਜਾਈ ਤੋਂ ਪਹਿਲਾਂ ਪਨੀਰੀ ਵਾਲਾ ਖੇਤ ਸੁੱਕਾ ਹੋਣਾ ਚਾਹੀਦਾ ਹੈ।
•ਬਿਜਾਈ ਤੋਂ ਪਹਿਲਾਂ ਝੋਨੇ ਦਾ ਬੀਜ ਸਿਫਾਰਸ਼ ਕੀਤੇ ਉੱਲੀਨਾਸ਼ਕਾਂ ਨਾਲ ਸੋਧਿਆ ਹੋਣਾ ਚਾਹੀਦਾ ਹੈ।
•ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਵਿੱਚ ਮੈਟ ਦੀ ਮੋਟਾਈ ਲਗਭਗ 1 ਇੰਚ ’ਤੇ ਸੈੱਟ ਕਰੋ ਅਤੇ ਇਸ ਸੈਟਿੰਗ ਲਈ ਸਾਹਮਣੇ ਵਾਲੇ ਰੋਲਰ ਦਾ ਲੈਵਲ ਸੈੱਟ ਕਰੋ।
ਸਫਲਤਾ ਦੀ ਕਹਾਣੀ : ਮੈਟ ਦੀ ਮਸ਼ੀਨੀ ਬਿਜਾਈ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਅਧੀਨ ਆਉਂਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਦੀਆਂ ਸਿਖਲਾਈਆਂ, ਖੇਤ ਪ੍ਰਦਰਸ਼ਨੀਆਂ ਅਤੇ ਖੇਤ ਦਿਵਸ ਲਗਾਤਾਰ ਕੀਤੇ ਜਾ ਰਹੇ ਹਨ। ਇਨ੍ਹਾਂ ਖੇਤੀ ਪਸਾਰ ਗਤੀਵਿਧੀਆਂ ਰਾਹੀਂ ਕਿਸਾਨਾਂ ਨੂੰ ਇਸ ਨਵੀਨਤਮ ਮਸ਼ੀਨ ਨੂੰ ਚਲਾਉਣ ਅਤੇ ਤਿਆਰ ਪਨੀਰੀ ਦੀ ਦੇਖਭਾਲ ਬਾਬਤ ਮਾਹਿਰਾਂ ਵੱਲੋਂ ਖੇਤੀ ਦੌਰੇ ਵੀ ਕੀਤੇ ਜਾਂਦੇ ਹਨ।
ਸਾਉਣੀ 2023 ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੇ ਮਿਲਕੇ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਖ਼ਰੀਦਿਆ। ਕੇ.ਵੀ.ਕੇ. ਹੁਸ਼ਿਆਰਪੁਰ ਦੇ ਤਕਨੀਕੀ ਮਾਹਿਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਕਿਸਾਨਾਂ ਨੇ ਲਗਭਗ 300 ਏਕੜ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਪਨੀਰੀ ਦੀ ਸਫਲਤਾਪੂਰਵਕ ਬਿਜਾਈ ਕੀਤੀ। ਇਸ ਮਸ਼ੀਨ ਦੀ ਕਾਰਜਗੁਜ਼ਾਰੀ ਦੇਖ ਕੇ ਹੋਰ ਕਿਸਾਨ ਵੀ ਸੰਤੁਸ਼ਟ ਹਨ ਅਤੇ ਹੋਰ ਕਿਸਾਨ ਵੀ ਹੁਣ ਇਹ ਮਸ਼ੀਨ ਖ਼ਰੀਦ ਰਹੇ ਹਨ ਜਾਂ ਕਿਰਾਏ ਰਾਹੀਂ ਵਰਤ ਰਹੇ ਹਨ। ਮਾਰਚ 2025 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ ਇਨ੍ਹਾਂ ਕਿਸਾਨਾਂ ਵਿੱਚੋਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਦੇ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਨੂੰ ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਣਾਉਣ ਬਾਬਤ ਸੀ.ਆਈ.ਆਰ. ਪੰਪਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਸਾਉਣੀ 2025 ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਵੱਲੋਂ ਇਸ ਮਸ਼ੀਨ ਦੀ ਵਰਤੋਂ ਕਰਕੇ 500 ਏਕੜ ਦੀ ਮੈਟ-ਟਾਈਪ ਪਨੀਰੀ ਦੀ ਸਫਲਤਾਪੂਰਵਕ ਬਿਜਾਈ ਕੀਤੀ ਗਈ। ਇਸ ਮਸ਼ੀਨ ਦੀ ਕੀਮਤ 3,35,000/- ਰੁਪਏ ਹੈ ਅਤੇ ਸਰਕਾਰ ਵੱਲੋਂ 40% ਸਬਸਿਡੀ ’ਤੇ ਇਹ ਮਸ਼ੀਨ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਮੈਸਰਜ਼ ਰਾਜੜ ਐਗਰੀਕਲਚਰਲ ਵਰਕਸ, ਮੁੱਲਾਂਪੁਰ, ਲੁਧਿਆਣਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 28 ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਵੇਚ ਚੁੱਕੇ ਹਨ। ਇਹ ਤਕਨੀਕ ਹੁਣ ਝੋਨੇ ਦੀ ਮੈਟ ਕਿਸਮ ਦੀ ਪਨੀਰੀ ਦੀ ਬਿਜਾਈ ਵਿੱਚ ਇੱਕ ਸਫਲ ਤੇ ਭਰੋਸੇਯੋਗ ਹੱਲ ਵਜੋਂ ਆਪਣੀ ਪਛਾਣ ਬਣਾਉਂਦੀ ਜਾ ਰਹੀ ਹੈ।
*ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
*ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ