ਟੇਬਲ ਟੈਨਿਸ: ਜ਼ੇਂਗ ਨੂੰ ਹਰਾ ਕੇ ਸ੍ਰੀਜਾ ਪ੍ਰੀ-ਕੁਆਰਟਰਜ਼ ’ਚ
ਪੈਰਿਸ, 31 ਜੁਲਾਈ ਭਾਰਤ ਦੀ ਸ੍ਰੀਜਾ ਅਕੁਲਾ ਨੇ ਸਖ਼ਤ ਮੁਕਾਬਲੇ ਵਿੱਚ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ 4-2 ਨਾਲ ਹਰਾ ਕੇ ਪੈਰਿਸ ਓਲੰਪਿਕ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉਧਰ ਮਨਿਕਾ ਬੱਤਰਾ ਪ੍ਰੀ-ਕੁਆਰਟਰ ਫਾਈਨਲ ਵਿੱਚ...
ਪੈਰਿਸ, 31 ਜੁਲਾਈ
ਭਾਰਤ ਦੀ ਸ੍ਰੀਜਾ ਅਕੁਲਾ ਨੇ ਸਖ਼ਤ ਮੁਕਾਬਲੇ ਵਿੱਚ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ 4-2 ਨਾਲ ਹਰਾ ਕੇ ਪੈਰਿਸ ਓਲੰਪਿਕ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉਧਰ ਮਨਿਕਾ ਬੱਤਰਾ ਪ੍ਰੀ-ਕੁਆਰਟਰ ਫਾਈਨਲ ਵਿੱਚ ਜਪਾਨ ਦੀ ਮਿਊ ਹਿਰਾਨੇ ਤੋਂ 1-4 ਨਾਲ ਹਾਰ ਕੇ ਬਾਹਰ ਹੋ ਗਈ ਜਿਸ ਮਗਰੋਂ ਟੇਬਲ ਟੈਨਿਸ ਦੇ ਸਿੰਗਲਜ਼ ਵਰਗ ਵਿੱਚ ਸ੍ਰੀਜਾ ਹੀ ਭਾਰਤ ਦੀ ਇਕਲੌਤੀ ਉਮੀਦ ਰਹਿ ਗਈ ਹੈ।
ਆਪਣੇ 26ਵੇਂ ਜਨਮ ਦਿਨ ’ਤੇ ਸ੍ਰੀਜਾ ਨੇ 9-11, 12-10, 11-4, 11-5, 10-12, 12-10 ਨਾਲ ਜਿੱਤ ਹਾਸਲ ਕੀਤੀ। ਸ੍ਰੀਜਾ ਨੇ 51 ਮਿੰਟ ਤੱਕ ਚੱਲਿਆ ਇਹ ਮੁਕਾਬਲਾ ਪਹਿਲੀ ਗੇਮ ਹਾਰਨ ਤੋਂ ਬਾਅਦ ਜਿੱਤਿਆ। ਹੁਣ ਸ੍ਰੀਜਾ ਦਾ ਸਾਹਮਣਾ ਚੀਨ ਦੀ ਨੰਬਰ ਇਕ ਖਿਡਾਰਨ ਸੁਨ ਯਿੰਗਸ਼ਾ ਨਾਲ ਹੋਵੇਗਾ।

ਪਹਿਲੀ ਗੇਮ ਹਾਰਨ ਤੋਂ ਬਾਅਦ ਸ੍ਰੀਜਾ ਨੇ ਦੂਜੀ ਗੇਮ ਜਿੱਤ ਕੇ ਬਰਾਬਰੀ ਕੀਤੀ। ਦੂਜੀ ਗੇਮ ’ਚ ਕਾਫੀ ਗਲਤੀਆਂ ਕਰਨ ਦੇ ਬਾਵਜੂਦ ਉਹ ਜਿੱਤਣ ’ਚ ਕਾਮਯਾਬ ਰਹੀ। ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੀ ਅਤੇ ਚੌਥੀ ਗੇਮ ਵੀ ਜਿੱਤ ਲਈ। ਸਿੰਗਾਪੁਰ ਦੀ ਖਿਡਾਰਨ ਨੇ ਪੰਜਵੀਂ ਗੇਮ ਜਿੱਤ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸ੍ਰੀਜਾ ਨੇ ਛੇਵੀਂ ਗੇਮ ਜਿੱਤ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ।
ਪਿਛਲੇ ਮਹੀਨੇ ਆਪਣੇ ਕਰੀਅਰ ਦੀ ਸਰਬੋਤਮ 24ਵੀਂ ਵਿਸ਼ਵ ਰੈਂਕਿੰਗ ਹਾਸਲ ਕਰਨ ਵਾਲੀ ਸ੍ਰੀਜਾ ਮਨਿਕਾ ਨੂੰ ਪਛਾੜ ਕੇ ਭਾਰਤ ਦੀ ਸਿਖਰਲੀ ਮਹਿਲਾ ਟੇਬਲ ਟੈਨਿਸ ਖਿਡਾਰਨ ਬਣੀ ਸੀ। ਦੋ ਵਾਰ ਦੀ ਕੌਮੀ ਚੈਂਪੀਅਨ ਸ੍ਰੀਜਾ ਨੇ ਜੂਨ ਵਿੱਚ ਲਾਗੋਸ ਵਿੱਚ ਡਬਲਿਊਟੀਟੀ ਕੰਟੈਂਡਰ ਸਿੰਗਲਜ਼ ਦਾ ਖਿਤਾਬ ਜਿੱਤਿਆ ਸੀ। ਉਹ ਸ਼ਰਤ ਕਮਲ ਨਾਲ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਮਿਕਸਡ ਡਬਲਜ਼ ਵਿੱਚ ਸੋਨ ਤਗ਼ਮਾ ਵੀ ਜਿੱਤ ਚੁੱਕੀ ਹੈ। -ਪੀਟੀਆਈ

