ਸਕੁਐਸ਼: ਦੀਪਿਕਾ-ਹਰਿੰਦਰਪਾਲ ਦੀ ਜੋੜੀ ਨੇ ਸੋਨਾ ਜਿੱਤਿਆ
ਹਾਂਗਜ਼ੂ, 5 ਅਕਤੂਬਰ
ਭਾਰਤ ਦੀ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਨੇ ਅੱਜ ਇੱਥੇ ਮਲੇਸ਼ੀਆ ਦੀ ਜੋੜੀ ਨੂੰ ਸਿੱਧੀ ਗੇਮ ਵਿੱਚ ਹਰਾ ਕੇ ਏਸ਼ਿਆਈ ਖੇਡਾਂ ਦੇ ਸਕੁਐਸ਼ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਦੀਪਿਕਾ ਅਤੇ ਹਰਿੰਦਰਪਾਲ ਨੇ ਫਾਈਨਲ ਵਿੱਚ ਆਇਫਾ ਬਿੰਟੀ ਅਜਮਨ ਅਤੇ ਮੁਹੰਮਦ ਸਯਾਫਿਕ ਬਨਿ ਮੁਹੰਮਦ ਕਮਲ ਨੂੰ 35 ਮਿੰਟ ਵਿੱਚ 11-10, 11-10 ਨਾਲ ਹਰਾਇਆ। ਦੂਜੀ ਗੇਮ ਵਿੱਚ ਇੱਕ ਵੇਲੇ ਭਾਰਤੀ ਜੋੜੀ ਬੜੀ ਆਸਾਨੀ ਨਾਲ ਲੀਡ ਵੱਲ ਵਧ ਰਹੀ ਸੀ ਪਰ ਇਸ ਮਗਰੋਂ ਟੀਮ ਦੀ ਇਕਾਗਰਤਾ ਭੰਗ ਹੋਈ, ਜਿਸ ਕਾਰਨ ਮਲੇਸ਼ੀਆ ਦੀ ਜੋੜੀ ਮੁਕਾਬਲੇ ਨੂੰ ਕਰੀਬੀ ਬਣਾਉਣ ਵਿੱਚ ਸਫ਼ਲ ਰਹੀ। ਮਲੇਸ਼ੀਆ ਦੀ ਜੋੜੀ ਨੇ 3-9 ਦੇ ਸਕੋਰ ’ਤੇ ਲਗਾਤਾਰ ਸੱਤ ਅੰਕ ਨਾਲ 10-9 ਦੀ ਲੀਡ ਬਣਾਈ ਪਰ ਦੀਪਿਕਾ ਅਤੇ ਹਰਿੰਦਰ ਨੇ ਸਬਰ ਤੋਂ ਕੰਮ ਲੈਂਦਿਆਂ ਲਗਾਤਾਰ ਦੋ ਅੰਕਾਂ ਨਾਲ ਜਿੱਤ ਦਰਜ ਕੀਤੀ। ਏਸ਼ਿਆਈ ਖੇਡਾਂ ਵਿੱਚ ਸੰਭਾਵਿਤ ਆਖ਼ਰੀ ਵਾਰ ਖੇਡ ਰਹੀ ਦੀਪਿਕਾ ਨੇ ਆਪਣੀ ਮੁਹਿੰਮ ਦਾ ਅੰਤ ਦੋ ਤਗ਼ਮਿਆਂ ਨਾਲ ਕੀਤਾ। ਉਹ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਮਹਿਲਾ ਟੀਮ ਦਾ ਵੀ ਹਿੱਸਾ ਸੀ। ਇਹ 32 ਸਾਲਾ ਖਿਡਾਰਨ ਚਾਰ ਏਸ਼ਿਆਈ ਖੇਡਾਂ ਵਿੱਚ ਛੇ ਤਗ਼ਮੇ ਜਿੱਤ ਚੁੱਕੀ ਹੈ, ਜਿਸ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੇ ਦੇ ਤਗ਼ਮੇ ਸ਼ਾਮਲ ਹਨ। -ਪੀਟੀਆਈ
ਸਿੰਗਲਜ਼ ਦੇ ਫਾਈਨਲ ਵਿੱਚ ਸੌਰਵ ਘੋਸ਼ਾਲ ਦੀ ਚਾਂਦੀ![]()
ਸਕੁਐਸ਼ ਸਿੰਗਲਜ਼ ਦੇ ਫਾਈਨਲ ਵਿੱਚ ਸੌਰਵ ਘੋਸ਼ਾਲ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਖਿਡਾਰੀ ਫਾਈਨਲ ਵਿੱਚ ਮਲੇਸ਼ੀਆ ਦੇ ਇਆਨ ਯਿਊ ਨੇਗ ਤੋਂ 3-1 ਨਾਲ ਹਾਰ ਗਿਆ। ਹਾਲਾਂਕਿ ਘੋਸ਼ਾਲ ਨੇ ਪਹਿਲੀ ਖੇਡ 11-9 ਨਾਲ ਜਿੱਤੀ ਪਰ ਇਸ ਮਗਰੋਂ ਅਗਲੇ ਤਿੰਨ ਸੈੱਟ ਉਹ ਮਲੇਸ਼ਿਆਈ ਖਿਡਾਰੀ ਤੋਂ 9-11, 5-11, 7-11 ਨਾਲ ਹਾਰ ਗਿਆ। ਮੈਚ ਮਗਰੋਂ ਗੱਲਬਾਤ ਕਰਦਿਆਂ ਸੌਰਵ ਘੋਸ਼ਾਲ ਨੇ ਕਿਹਾ, ‘‘ਮੈਂ ਠੀਕਠਾਕ ਖੇਡਿਆ ਪਰ ਦੂਜੀ ਗੇਮ ਵਿੱਚ ਲੈਅ ਬਰਕਰਾਰ ਨਹੀਂ ਰਹਿ ਸਕੀ। ਯਿਊ ਬਹੁਤ ਚੰਗਾ ਖੇਡਿਆ ਪਰ ਮੈਂ ਚੰਗਾ ਨਹੀਂ ਖੇਡ ਸਕਿਆ। ਇਸ ਦੇ ਬਾਵਜੂਦ ਆਪਣੀਆਂ ਕੋਸ਼ਿਸ਼ਾਂ ’ਤੇ ਮੈਨੂੰ ਮਾਣ ਹੈ।’’