ਆਨਲਾਈਨ ਗੇਮਿੰਗ ਬਿੱਲ: ਡਰੀਮ 11 ਦੇ ਲਾਂਭੇ ਹੋਣ ਮਗਰੋਂ ਬੀਸੀਸੀਆਈ ਨੂੰ ਨਵੇਂ ਟਾਈਟਲ ਸਪਾਂਸਰ ਦੀ ਤਲਾਸ਼
ਫੈਂਟਸੀ ਸਪੋਰਟਸ ਕੰਪਨੀ ਡਰੀਮ 11 ਦੇ ਭਾਰਤੀ ਕ੍ਰਿਕਟ ਟੀਮ ਦੇ ਟਾਈਟਲ ਸਪਾਂਸਰ ਵਜੋਂ ਲਾਂਭੇ ਹੋਣ ਤੋਂ ਬਾਅਦ ਬੋਰਡ ਨੇ ਨਵੇਂ ਸਪਾਂਸਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੀ ਚੋਣ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਤੋਂ ਪਹਿਲਾਂ ਹੋਣ ਦੀ ਉਮੀਦ ਹੈ।
ਹਾਲ ਹੀ ਵਿੱਚ ‘ਆਨਲਾਈਨ ਗੇਮਿੰਗ ਸੰਸ਼ੋਧਨ ਅਤੇ ਰੈਗੂਲੇਸ਼ਨ ਐਕਟ 2025’ ਦੇ ਅਧੀਨ ਸਰਕਾਰ ਵੱਲੋਂ ਗੇਮਿੰਗ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਕੋਲ ਮੌਜੂਦਾ ਸਮੇਂ ਹੁਣ ਕੋਈ ਟਾਈਟਲ ਸਪਾਂਸਰ ਨਹੀਂ ਹੈ।
ਬੀਸੀਸੀਆਈ (BCCI) ਸਕੱਤਰ ਦੇਵਜੀਤ ਸੈਕੀਆ ਨੇ ਪੁਸ਼ਟੀ ਕੀਤੀ ਕਿ ਡਰੀਮ 11 ਦੇ ਨਾਲ ਉਨ੍ਹਾਂ ਦਾ ਸਮਝੌਤਾ ਖ਼ਤਮ ਹੋ ਗਿਆ ਹੈ ਅਤੇ ਕ੍ਰਿਕਟ ਬੋਰਡ ਵੱਖ-ਵੱਖ ਟੀਮਾਂ ਲਈ ਨਵੇਂ ਟਾਈਟਲ ਸਪਾਂਸਰ ਦੀ ਤਲਾਸ਼ ਵਿੱਚ ਹੈ।
ਉਨ੍ਹਾਂ ਕਿਹਾ, “ਸਾਡਾ ਰੁਖ਼ ਸਾਫ਼ ਹੈ ਨਿਯਮ ਬਣਨ ਤੋਂ ਬਾਅਦ ਬੀਸੀਸੀਆਈ ਡਰੀਮ 11 ਜਾਂ ਕਿਸੇ ਹੋਰ ਗੇਮਿੰਗ ਕੰਪਨੀ ਨਾਲ ਸਪਾਂਸਰਸ਼ਿਪ ਸਮਝੌਤਾ ਨਹੀਂ ਕਰ ਸਕਦਾ। ਨਵੇਂ ਨਿਯਮਾਂ ਤਹਿਤ ਹੁਣ ਇਸ ਦੀ ਕੋਈ ਗੁੰਜਾਇਸ਼ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਇਸ ਲਈ ਉਹ ਦੂਸਰੇ ਸਪਾਂਸਰ ਦੀ ਭਾਲ ਦਾ ਅਮਲ ਜਾਰੀ ਹੈ। ਸਭ ਕੁਝ ਤੈਅ ਹੋਣ ਤੋਂ ਬਾਅਦ ਉਹ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦੇਣਗੇ।
ਸੈਕੀਆ ਨੇ ਕਿਹਾ, “ਕ੍ਰਿਕਟ ਅਜਿਹੀ ਖੇਡ ਹੈ, ਜਿਸ ਵਿੱਚ ਅਸਲ ਪੈਸੇ ਦੀ ਗੇਮਿੰਗ ਦਾ ਰੁਝਾਨ ਕਾਫ਼ੀ ਜ਼ਿਆਦਾ ਹੋ ਗਿਆ ਹੈ। ਭਾਰਤੀ ਟੀਮ ਦਾ ਟਾਈਟਲ ਸਪਾਂਸਰ ਡਰੀਮ 11 ਸੀ ਅਤੇ ਇੰਡੀਅਨ ਪ੍ਰੀਮੀਅਰ ਲੀਗ( IPL) ਦਾ ਅਧਿਕਾਰਤ ਫੈਂਟਸੀ ਸਪੋਰਟਸ ਭਾਈਵਾਲ ਅਸਲ ਪੈਸਿਆਂ ਵਾਲਾ ਆਨਲਾਈਨ ਗੇਮਿੰਗ ਪਲੇਟਫਾਰਮ ‘ਮਾਈ 11 ਸਰਕਲ’ ਹੈ।’’
ਡਰੀਮ 11 ਨੇ ਭਾਰਤੀ ਟੀਮ ਦੇ ਟਾਈਟਲ ਸਪਾਂਸਰ ਦੇ ਅਧਿਕਾਰ ਕਰੀਬ 44 ਮਿਲੀਅਨ ਅਮਰੀਕੀ ਡਾਲਰ (ਲਗਪਗ 358 ਕਰੋੜ ਰੁਪਏ) ਵਿੱਚ ਖਰੀਦੇ ਸਨ। ਉਨ੍ਹਾਂ ਦੇ ਇਕਰਾਰਨਾਮੇ ਦੀ ਮਿਆਦ ਪੁੱਗਣ ਵਿੱਚ ਅਜੇ ਇੱਕ ਸਾਲ ਬਾਕੀ ਹੈ ਪਰ ਉਨ੍ਹਾਂ ਨੂੰ ਇਸ ਲਈ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਬੋਰਡ ਅਧਿਕਾਰੀ ਨੇ ਕਿਹਾ ਕਿ ਬੀਸੀਸੀਆਈ ਆਪਣੇ ਸਪਾਂਸਰ ਦੀ ਪਰੇਸ਼ਾਨੀ ਨੁੂੰ ਚੰਗੀ ਤਰ੍ਹਾਂ ਸਮਝਦਾ ਹੈ। ਇਹ ਉਨ੍ਹਾਂ ਦੀ ਗਲਤੀ ਨਹੀਂ ਹੈ ਅਤੇ ਭੁਗਤਾਨ ਵਿੱਚ ਛੋਟ ਹੋਰਨਾਂ ਮਾਮਲਿਆਂ ਵਾਂਗ ਡਰੀਮ 11 ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ।
ਇਹ ਇੱਕ ਸਰਕਾਰੀ ਨਿਯਮ ਹੈ ਅਤੇ ਇਸ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੀ ਜ਼ਰੂਰਤ ਹੈ ਅਤੇ ਮੌਜੂਦਾ ਸਥਿਤੀ ਵਿੱਚ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।
ਅਧਿਕਾਰੀ ਨੇ ਕਿਹਾ,“ ਯੂਏਈ ਵਿੱਚ ਏਸ਼ੀਆ ਕੱਪ ਵਿੱਚ ਭਾਰਤ ਦੇ ਪਹਿਲੇ ਮੈਚ ਵਿੱਚ ਸਿਰਫ਼ 15 ਦਿਨ ਰਹਿੰਦੇ ਹਨ ਅਤੇ ਨਵੇਂ ਸਪਾਂਸਰ ਦੀ ਤਲਾਸ਼ ਉਸ ਤੋਂ ਪਹਿਲਾਂ ਕਰਨੀ ਮੁਸ਼ਕਲ ਹੈ, ਅਮਲ ਜਾਰੀ ਹੈ। ਅਸੀ ਕੌਮੀ ਟੀਮ ਲਈ ਟਾਈਟਲ ਸਪਾਂਸਰ ਲਈ ਇਸ਼ਤਿਹਾਰ ਦੇਣਾ ਹੈ। ਇਸਤੋਂ ਬਾਅਦ ਅਰਜ਼ੀਆਂ ਪ੍ਰਾਪਤ ਹੋਣਗੀਆਂ ਅਤੇ ਉਨ੍ਹਾਂ ਦੀ ਜਾਂਚ ਉਪਰੰਤ ਫੈਸਲਾ ਲਿਆ ਜਾਵੇਗਾ। ਇਸ ਵਿੱਚ ਸਮਾਂ ਲਗੇਗਾ।”