ਪੁਰਸ਼ ਅਤੇ ਮਹਿਲਾ ਤੀਰਅੰਦਾਜ਼ਾਂ ਨੇ ਭਾਰਤ ਲਈ ਸੋਨਾ ਫੁੰਡਿਆ
ਹਾਂਗਜ਼ੂ, 5 ਅਕਤੂਬਰ
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਤਿੰਨਾਂ ਟੀਮ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਹੂੰਝਾ-ਫੇਰ ਜਿੱਤ ਦਰਜ ਕੀਤੀ।
ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਪੱਛੜਨ ਮਗਰੋਂ ਵਾਪਸੀ ਕਰਦਿਆਂ ਦਿਲਚਸਪ ਫਾਈਨਲ ਵਿੱਚ ਚੀਨੀ ਤਾਇਪੇ ਨੂੰ ਇੱਕ ਅੰਕ ਨਾਲ ਹਰਾਇਆ। ਜਯੋਤੀ ਸੁਰੇਖਾ ਵੇਨੱਮ, ਆਦਿੱਤੀ ਸਵਾਮੀ ਅਤੇ ਪਰਨੀਤ ਕੌਰ ਦੀ ਸਿਖਰਲਾ ਦਰਜਾ ਪ੍ਰਾਪਤ ਸਾਬਕਾ ਵਿਸ਼ਵ ਚੈਂਪੀਅਨ ਟੀਮ ਨੇ ਫਾਈਨਲ ਦੇ ਆਖਰੀ ਗੇੜ ਵਿੱਚ 60 ਵਿੱਚੋਂ 60 ਅੰਕ ਦੇ ਸ਼ਾਨਦਾਰ ਸਕੋਰ ਨਾਲ ਚੀਨੀ ਤਾਇਪੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 230-229 ਨਾਲ ਹਰਾਇਆ। ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾਉਣ ਮਗਰੋਂ ਚੇਨ ਯੀ ਸੁਆਨ, ਹੁਆਂਗ ਆਈ ਜੋ ਅਤੇ ਵੈਂਗ ਲੂ ਯੁਨ ਦੀ ਚੀਨੀ ਤਿੱਕੜੀ ਆਤਮ-ਵਿਸ਼ਵਾਸ ਨਾਲ ਲਬਰੇਜ਼ ਸੀ। ਆਖ਼ਰੀ ਤਿੰਨ ਤੀਰ ਤੋਂ ਪਹਿਲਾਂ ਸਕੋਰ 200-200 ’ਤੇ ਬਰਾਬਰ ਸੀ।
ਇਸ ਮਗਰੋਂ ਆਦਿੱਤੀ ਅਤੇ ਪਰਨੀਤ ਨੇ 30 ਅੰਕ ਹਾਸਲ ਕੀਤੇ। ਚੀਨੀ ਤਾਇਪੇ ਦੀ ਖਿਡਾਰਨ ਨੇ ਪਹਿਲੀ ਕੋਸ਼ਿਸ਼ ਵਿੱਚ ਨੌਂ ਅੰਕ ’ਤੇ ਨਿਸ਼ਾਨਾ ਸਾਧਿਆ, ਜਿਸ ਨਾਲ ਭਾਰਤ ਦੀ ਜਿੱਤ ਤੈਅ ਹੋ ਗਈ ਸੀ। ਦੋ ਮਹੀਨੇ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਮਗਰੋਂ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਏਸ਼ਿਆਈ ਚੈਂਪੀਅਨ ਬਣ ਕੇ ਆਪਣਾ ਦਬਦਬਾ ਬਰਕਰਾਰ ਰੱਖਿਆ। ਦੁਪਹਿਰ ਦੇ ਸੈਸ਼ਨ ਵਿੱਚ ਅਭਿਸ਼ੇਕ ਵਰਮਾ, ਓਜਸ ਦਿਓਤਲੇ ਅਤੇ ਪ੍ਰਥਮੇਸ਼ ਜਾਵਕਰ ਦੀ ਤਿੱਕੜੀ ਨੇ ਦੱਖਣੀ ਕੋਰੀਆ ਨੂੰ 235-230 ਨਾਲ ਹਰਾ ਕੇ ਸੋਨ ਤਗ਼ਮੇ ਨਾਲ ਤੀਰਅੰਦਾਜ਼ੀ ਵਿੱਚ ਭਾਰਤ ਨੂੰ ਛੇਵਾਂ ਤਗ਼ਮਾ ਦਵਿਾਇਆ। ਭਾਰਤ ਦੀ ਮਿਕਸਡ ਕੰਪਾਊਂਡ ਟੀਮ ਨੇ ਵੀ ਸੋਨ ਤਗ਼ਮਾ ਜਿੱਤਿਆ ਸੀ। ਦਿਓਤਾਲੇ ਅਤੇ ਵਰਮਾ ਪੁਰਸ਼ ਕੰਪਾਊਂਡ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਕੇ ਭਾਰਤ ਲਈ ਦੋ ਹੋਰ ਤਗ਼ਮੇ ਪੱਕੇ ਕਰ ਚੁੱਕੇ ਹਨ। ਜਯੋਤੀ ਨੇ ਵੀ ਮਹਿਲਾ ਕੰਪਾਊਂਡ ਵਿਅਕਤੀਗਤ ਫਾਈਨਲ ਵਿੱਚ ਜਗ੍ਹਾ ਬਣਾ ਕੇ ਤਗ਼ਮਾ ਪੱਕਾ ਕੀਤਾ ਹੈ। ਜਯੋਤੀ ਨੇ ਸੋਨ ਤਗ਼ਮਾ ਜਿੱਤਣ ਮਗਰੋਂ ਕਿਹਾ, ‘‘ਅਸੀਂ ਖੁਸ਼ੀ ਹਾਂ ਕਿਉਂਕਿ ਇਹ ਪਹਿਲੀ ਵਾਰ ਹੈ, ਜਦੋਂ ਅਸੀਂ ਕੰਪਾਊਂਡ ਮਹਿਲਾ ਵਰਗ ਵਿੱਚ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤਿਆ ਹੈ।’’ -ਪੀਟੀਆਈ