DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਖਿਤਾਬੀ ਮੁਕਾਬਲਾ ਜਿੱਤਿਆ

ਫਾਈਨਲ ਵਿੱਚ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਦੇਸ਼ ਨੂੰ ਦੂਜਾ ਸੋਨ ਤਗ਼ਮਾ ਦਿਵਾਇਆ
  • fb
  • twitter
  • whatsapp
  • whatsapp
featured-img featured-img
ਭਾਰਤੀ ਮਹਿਲਾ ਕ੍ਰਿਕਟ ਟੀਮ ਸੋਨ ਤਗ਼ਮਾ ਹਾਸਲ ਕਰਨ ਬਾਅਦ ਸਾਂਝੀ ਤਸਵੀਰ ਖਿਚਵਾਉਂਦੀ ਹੋਈ। -ਫੋਟੋ: ਏਐਨਆਈ
Advertisement

ਹਾਂਗਜ਼ੂ, 25 ਸਤੰਬਰ

ਤੇਜ਼ ਗੇਂਦਬਾਜ਼ ਟਿਟਾਸ ਸਾਧੂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ’ਚ ਸੋਨ ਤਮਗਾ ਜਿੱਤ ਲਿਆ ਹੈ। ਬੱਲੇਬਾਜ਼ੀ ਲਈ ਮੁਸ਼ਕਲ ਪਿੱਚ ’ਤੇ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 116 ਦੌੜਾਂ ਬਣਾਈਆਂ। ਜਵਾਬ ’ਚ ਸ੍ਰੀਲੰਕਾ ਦੀ ਟੀਮ 20 ਅੱਠ ਵਿਕਟਾਂ ਦੇ ਨੁਕਸਾਨ ’ਤੇ 97 ਦੌੜਾਂ ਹੀ ਬਣਾ ਸਕੀ। ਚਾਰ ਦਿਨਾਂ ਬਾਅਦ ਆਪਣਾ 19ਵਾਂ ਜਨਮ ਦਿਨ ਮਨਾਉਣ ਜਾ ਰਹੀ ਸਾਧੂ ਨੇ ਚਾਰ ਓਵਰਾਂ ਵਿੱਚ ਛੇ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸੇ ਤਰ੍ਹਾਂ ਲੈੱਗ ਸਪਿੰਨਰ ਦੇਵਿਕਾ ਵੈਦਿਆ ਨੇ ਚਾਰ ਓਵਰਾਂ ਵਿੱਚ 15 ਦੌੜਾਂ ਦੇ ਕੇ ਇੱਕ ਵਿਕਟ ਲਈ। ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਅਤੇ ਆਫ ਸਪਿੰਨਰ ਦੀਪਤੀ ਸ਼ਰਮਾ ਨੇ ਖਰਾਬ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਲੈਅ ਹਾਸਲ ਕੀਤੀ। ਭਾਰਤੀ ਟੀਮ ਸ਼ੁਰੂ ਤੋਂ ਹੀ ਸੋਨ ਤਗਮੇ ਲਈ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਕ੍ਰਿਕਟ ਦਾ ਮਿਆਰ ਅਤੇ ਪਿੱਚ ਦੋਵੇਂ ਹੀ ਖ਼ਰਾਬ ਰਹੇ।

Advertisement

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਦੀਪਤੀ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਪਰ ਸ੍ਰੀਲੰਕਾ ਦੀ ਕਪਤਾਨ ਚਾਮਾਰੀ ਅੱਟਾਪੱਟੂ ਨੇ ਆਉਂਦਿਆਂ ਹੀ ਇੱਕ ਛੱਕਾ ਅਤੇ ਇੱਕ ਚੌਕਾ ਜੜ ਦਿੱਤਾ। ਦੂਜੇ ਓਵਰ ’ਚ ਸਾਧੂ ਨੇ ਅਨੁਸ਼ਕਾ ਸੰਜੀਵਨੀ (1) ਨੂੰ ਮਿਡ ਆਫ ’ਤੇ ਹਰਮਨਪ੍ਰੀਤ ਹੱਥੋਂ ਕੈਚ ਕਰਵਾ ਦਿੱਤਾ। -ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਨੇ ਸੋਨ ਤਗ਼ਮਾ ਜੇਤੂਆਂ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਰਾਈਫਲ ਪੁਰਸ਼ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਹੋਰ ਤਗਮਾ ਜੇਤੂਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਸਾਡੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ। ਦੇਸ਼ ਇਸ ਸ਼ਾਨਦਾਰ ਪ੍ਰਾਪਤੀ ’ਤੇ ਬੇਹੱਦ ਖ਼ੁਸ਼ ਹੈ।’’ ਉਨ੍ਹਾਂ ਕਿਹਾ, ‘‘ਸਾਡੀਆਂ ਧੀਆਂ ਆਪਣੇ ਹੁਨਰ, ਸਬਰ ਅਤੇ ‘ਟੀਮ ਵਰਕ’ ਨਾਲ ਖੇਡ ਦੇ ਮੈਦਾਨ ’ਚ ਵੀ ਤਿਰੰਗਾ ਲਹਿਰਾ ਰਹੀਆਂ ਹਨ। ਤੁਹਾਡੀ ਸ਼ਾਨਦਾਰ ਜਿੱਤ ’ਤੇ ਵਧਾਈ।’’ ਸੋਨ ਤਗਮਾ ਜਿੱਤਣ ਵਾਲੀ ਏਅਰ ਰਾਈਫਲ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘‘10 ਮੀਟਰ ਏਅਰ ਰਾਈਫਲ ਪੁਰਸ਼ ਟੀਮ ਦੇ ਸਾਡੇ ਸ਼ਾਨਦਾਰ ਨਿਸ਼ਾਨੇਬਾਜ਼ ਰੁਦਰਾਂਕਸ਼ ਪਾਟਿਲ, ਦਿਵਿਆਂਸ਼ ਪੰਵਾਰ ਅਤੇ ਐਸ਼ਵਰਿਆ ਪ੍ਰਤਾਪ ਤੋਮਰ ਨੇ ਵਿਸ਼ਵ ਰਿਕਾਰਡ ਤੋੜ ਕੇ ਸੋਨ ਤਗਮਾ ਹਾਸਲ ਕੀਤੀ ਹੈ।’’ ਇਸ ਦੌਰਾਨ ਉਨ੍ਹਾਂ ਬਾਕੀ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ। -ਪੀਟੀਆਈ

Advertisement
×