ਰੋਇੰਗ ’ਚ ਭਾਰਤ ਨੇ ਦੋ ਹੋਰ ਕਾਂਸੀ ਦੇ ਤਗਮੇ ਜਿੱਤੇ
ਮਹਿਲਾ ਟੀਮ ਨੇ ਆਖਰੀ ਸਥਾਨ ’ਤੇ ਰਹਿ ਕੇ ਕੀਤਾ ਨਿਰਾਸ਼
ਹਾਂਗਜ਼ੂ, 25 ਸਤੰਬਰ
ਭਾਰਤ ਦੇ ਰੋਇੰਗ ਅਥਲੀਟਾਂ ਨੇ ਦੋ ਮੁਕਾਬਲਿਆਂ ’ਚ ਪੱਛੜਨ ਮਗਰੋਂ ਵਾਪਸੀ ਕਰਦਿਆਂ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ ਅੱਜ ਇੱਥੇ ਏਸ਼ਿਆਈ ਖੇਡਾਂ ਦੀ ਵਾਟਰ ਸਪੋਰਟਸ ਮੁਕਾਬਲੇ ਵਿੱਚ ਆਪਣੀ ਮੁਹਿੰਮ ਪੰਜ ਤਗਮਿਆਂ ਨਾਲ ਖ਼ਤਮ ਕੀਤੀ। ਭਾਰਤ ਨੇ ਪਿਛਲੇ ਸੀਜ਼ਨ ਦੇ ਮੁਕਾਬਲੇ ਆਪਣੇ ਤਗਮਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਪਿਛਲੇ ਸੀਜ਼ਨ ਵਿੱਚ ਭਾਰਤ ਨੇ ਤਿੰਨ ਤਗਮੇ ਜਿੱਤੇ ਸਨ। ਹਾਲਾਂਕਿ ਭਾਰਤ ਇਸ ਵਾਰ ਸੋਨ ਤਮਗਾ ਜਿੱਤਣ ’ਚ ਨਾਕਾਮ ਰਿਹਾ ਜਦਕਿ ਪੰਜ ਸਾਲ ਪਹਿਲਾਂ ਜਕਾਰਤਾ ’ਚ ਭਾਰਤ ਨੇ ਰੋਇੰਗ ’ਚ ਇਕ ਸੋਨ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਸਨ। ਭਾਰਤ ਇੱਥੇ ਕੁੱਲ ਮਿਲਾ ਕੇ ਪੰਜਵੇਂ ਸਥਾਨ ’ਤੇ ਰਿਹਾ ਜੋ 2018 ਦੇ ਪ੍ਰਦਰਸ਼ਨ ਨਾਲੋਂ ਇੱਕ ਸਥਾਨ ਬਿਹਤਰ ਹੈ। ਚੀਨ ਦੀ ਟੀਮ 11 ਸੋਨ ਅਤੇ ਦੋ ਚਾਂਦੀ ਦੇ ਤਗਮਿਆਂ ਨਾਲ ਸਿਖਰ ’ਤੇ ਰਹੀ ਜਦਕਿ ਉਜ਼ਬੇਕਿਸਤਾਨ ਦੋ ਸੋਨ, ਚਾਰ ਚਾਂਦੀ ਅਤੇ ਇਕ ਕਾਂਸੀ ਦੇ ਤਗਮਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਭਾਰਤ ਦੀ ਮਹਿਲਾ ਟੀਮ ਨੇ ਸਭ ਤੋਂ ਵੱਧ ਨਿਰਾਸ਼ ਕੀਤਾ ਜੋ ਮਹਿਲਾ ਏਟ ਮੁਕਾਬਲੇ ਵਿੱਚ 7:5:71 ਸਕਿੰਟਾਂ ਨਾਲ ਆਖਰੀ ਸਥਾਨ ’ਤੇ ਰਹੀ।
ਦਿਨ ਦੀ ਸ਼ੁਰੂਆਤ ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ ਅਤੇ ਆਸ਼ੀਸ਼ ਗੋਲਿਆਣ ਦੀ ਟੀਮ ਨੇ ਪੁਰਸ਼ ਫੌਰਜ਼ ਮੁਕਾਬਲੇ ਵਿੱਚ ਕਾਂਸੀ ਦੇ ਤਗਮੇ ਨਾਲ ਕੀਤੀ, ਜਿਸ ਤੋਂ ਬਾਅਦ ਸਤਨਾਮ ਸਿੰਘ, ਪਰਮਿੰਦਰ ਸਿੰਘ, ਜਾਕਰ ਖਾਨ ਅਤੇ ਸੁਖਮੀਤ ਸਿੰਘ ਨੇ ਪੁਰਸ਼ਾਂ ਦੇ ਕੁਆਡਰਪਲ ਸਕੱਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਕੁਆਡਰਪਲ ਸਕੱਲਜ਼ ਦੀ ਭਾਰਤੀ ਟੀਮ ਨੇ 6:08.61 ਸਕਿੰਟਾਂ ਦਾ ਸਮਾਂ ਲਿਆ। ਭਾਰਤੀ ਟੀਮ ਸ਼ੁਰੂ ਵਿੱਚ ਚੌਥੇ ਸਥਾਨ ’ਤੇ ਸੀ ਪਰ 2000 ਮੀਟਰ ਦੀ ਰੇਸ ਦੇ ਆਖਰੀ 500 ਮੀਟਰ ਵਿੱਚ ਵਾਪਸੀ ਕਰਦਿਆਂ ਉਸ ਨੇ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਗਮਾ ਜਿੱਤਿਆ।
ਪੁਰਸ਼ ਫੌਰਜ਼ ਮੁਕਾਬਲੇ ਵਿੱਚ ਵੀ ਭਾਰਤੀ ਟੀਮ 2000 ਮੀਟਰ ਦੇ ਆਖਰੀ 500 ਮੀਟਰ ਰੇਸ ਤੋਂ ਪਹਿਲਾਂ ਚੌਥੇ ਸਥਾਨ ’ਤੇ ਚੱਲ ਰਹੀ ਸੀ ਪਰ ਉਹ ਸ਼ਾਨਦਾਰ ਵਾਪਸੀ ਕਰਦਿਆਂ 6:10:81 ਸਕਿੰਟਾਂ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ। ਚੀਨ (6:10.04) ਨੇ ਬੇਹਦ ਮਾਮੂਲੀ ਫਰਕ ਨਾਲ ਭਾਰਤੀ ਟੀਮ ਨੂੰ ਪਛਾੜ ਕੇ ਚਾਂਦੀ ਦਾ ਤਗਮਾ ਜਿੱਤਿਆ। ਸੋਨ ਤਗਮਾ ਉਜ਼ਬੇਕਿਸਤਾਨ (6:4:96) ਨੇ ਜਿੱਤਿਆ।
ਇਸ ਦੌਰਾਨ ਭਾਰਤ ਦਾ ਬਲਰਾਜ ਪੰਵਾਰ ਪੁਰਸ਼ ਸਿੰਗਲਜ਼ ਸਕੱਲਜ਼ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਏਸ਼ਿਆਈ ਖੇਡਾਂ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਣ ਤੋਂ ਖੁੰਝ ਗਿਆ। ਕਰਨਾਲ ਦਾ 24 ਸਾਲਾ ਬਲਰਾਜ 1500 ਮੀਟਰ ਤੱਕ ਸਿਖਰਲੇ ਤਿੰਨਾਂ ’ਚ ਸ਼ਾਮਲ ਸੀ ਪਰ ਆਖਰੀ 500 ਮੀਟਰ ’ਚ ਚੌਥੇ ਸਥਾਨ ’ਤੇ ਪੱਛੜ ਗਿਆ। -ਪੀਟੀਆਈ