ਹਰਿਆਣਾ ਸਰਕਾਰ ਵੱਲੋਂ ਸਰਬਜੋਤ ਨੂੰ ਢਾਈ ਕਰੋੜ ਰੁਪਏ ਦੇਣ ਦਾ ਐਲਾਨ
ਰਤਨ ਸਿੰਘ ਢਿੱਲੋਂ ਅੰਬਾਲਾ, 31 ਜੁਲਾਈ ਹਰਿਆਣਾ ਸਰਕਾਰ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਮਨੂ ਭਾਕਰ ਨਾਲ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਅੰਬਾਲਾ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ...
ਰਤਨ ਸਿੰਘ ਢਿੱਲੋਂ
ਅੰਬਾਲਾ, 31 ਜੁਲਾਈ
ਹਰਿਆਣਾ ਸਰਕਾਰ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਮਨੂ ਭਾਕਰ ਨਾਲ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਅੰਬਾਲਾ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਸ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਅੰਬਾਲਾ ਸਥਿਤ ਸਰਬਜੋਤ ਦੇ ਘਰ ਪੁੱਜੇ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਜੈ ਸਿੰਘ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸਰਬਜੋਤ ਨੂੰ ਸਰਕਾਰ ਦੀ ਖੇਡ ਨੀਤੀ ਅਨੁਸਾਰ ਹਰ ਲਾਭ ਦਿੱਤਾ ਜਾਵੇਗਾ। ਉਨ੍ਹਾਂ ਸਰਬਜੋਤ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਮਿਲੇ ਸਾਥ ਸਦਕਾ ਹੀ ਸਰਬਜੋਤ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਫੋਨ ’ਤੇ ਗੱਲ ਵੀ ਕਰਵਾਈ। ਮੁੱਖ ਮੰਤਰੀ ਨੇ ਸਰਬਜੋਤ ਦੇ ਪਿਤਾ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸਰਬਜੋਤ ਸਿੰਘ ਅੰਬਾਲਾ ਦੇ ਪਿੰਡ ਧੀਨ ਦੇ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਜਤਿੰਦਰ ਸਿੰਘ ਕਿਸਾਨ ਹਨ। ਉਸ ਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ।

