ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦੇ ਹੋਏ, ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਕਿਹਾ ਕਿ ਲੀਡਰਸ਼ਿਪ ਸਿਰਫ ਸਿਹਰਾ ਲੈਣ ਬਾਰੇ ਨਹੀਂ ਹੈ, ਸਗੋਂ ਜ਼ਿੰਮੇਵਾਰੀ ਵੀ ਲੈਂਦੀ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕਰਨਾ ਪ੍ਰਧਾਨ ਮੰਤਰੀ ਦੀ ‘ਗੈਰ-ਜ਼ਿੰਮੇਵਾਰੀ’ ਨੂੰ ਦਰਸਾਉਂਦਾ ਹੈ।
ਲੋਕ ਸਭਾ ਵਿੱਚ ਆਪ੍ਰੇਸ਼ਨ ਸਿੰਧੂਰ 'ਤੇ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਂਦੇ ਹੋਏ, ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਦੇ ਹੰਝੂਆਂ ਬਾਰੇ ਗੱਲ ਕੀਤੀ ਪਰ ਇਹ ਜਵਾਬ ਨਹੀਂ ਦਿੱਤਾ ਕਿ ‘ਜੰਗ ਉਸ ਸਮੇਂ ਕਿਉਂ ਰੋਕੀ ਗਈ ਜਦੋਂ ਦੁਸ਼ਮਣ ਕੋਲ ਭੱਜਣ ਲਈ ਕੋਈ ਰਾਹ ਨਹੀਂ ਬਚਿਆ ਸੀ।’
ਉਨ੍ਹਾਂ ਪੁੱਛਿਆ ਕਿ ਕੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਕੀ ਸਰਕਾਰ ਨੂੰ ਪਤਾ ਨਹੀਂ ਸੀ ਕਿ ਹਜ਼ਾਰਾਂ ਸੈਲਾਨੀ ਬੈਸਰਨ ਘਾਟੀ ਜਾਂਦੇ ਹਨ... ਉੱਥੇ ਕੋਈ ਸੁਰੱਖਿਆ ਕਿਉਂ ਨਹੀਂ ਸੀ? ਉਨ੍ਹਾਂ ਨੂੰ ਰੱਬ ਦੀ ਰਹਿਮੋ ਕਰਮ ’ਤੇ ਕਿਉਂ ਛੱਡ ਦਿੱਤਾ ਗਿਆ।’’
ਪ੍ਰਿਯੰਕਾ ਨੇ ਕਿਹਾ, ‘‘ਇਹ ਸਾਡੀ ਸਰਕਾਰ ਅਤੇ ਖੁਫੀਆ ਏਜੰਸੀਆਂ ਦੀ ਇੱਕ ਵੱਡੀ ਅਸਫਲਤਾ ਹੈ। ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਕਿਸੇ ਨੇ ਅਸਤੀਫਾ ਦੇ ਦਿੱਤਾ ਹੈ? ਉਹ ਅਤੀਤ ਬਾਰੇ ਗੱਲਾਂ ਕਰਦੇ ਰਹਿੰਦੇ ਹਨ ਪਰ ਵਰਤਮਾਨ ਵਿੱਚ ਕੀ ਹੋ ਰਿਹਾ ਹੈ, ਇਸ ਦਾ ਜਵਾਬ ਕੌਣ ਦੇਵੇਗਾ।’’
ਇਸ ਦੌਰਾਨ ਰਾਜ ਸਭਾ ਵਿੱਚ ਬਹਿਸ ਸ਼ੁਰੂ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਦਿਨ ਆਏਗਾ ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕ ਭਾਰਤ ਦੀ ਜਮਹੂਰੀ ਪ੍ਰਣਾਲੀ ਦਾ ਹਿੱਸਾ ਬਣ ਜਾਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਇੱਕ ਦਿਨ ਕਹਿਣਗੇ, ‘ਮੈਂ ਵੀ ਭਾਰਤ।’ ਉਨ੍ਹਾਂ ਕਿਹਾ ਕਿ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਖਿਲਾਫ਼ ਫੌਜੀ ਕਾਰਵਾਈ (ਅਪਰੇਸ਼ਨ ਸਿੰਧੂਰ) ਨੇ ਸਾਬਤ ਕਰ ਦਿੱਤਾ ਕਿ ਭਾਰਤ ਨੂੰ ਹੁਣ ਇੱਕ ਨਰਮ ਰਾਜ ਵਜੋਂ ਨਹੀਂ ਦੇਖਿਆ ਜਾਂਦਾ ਹੈ, ਸਗੋਂ ਇੱਕ ਅਜਿਹੇ ਰਾਸ਼ਟਰ ਵਜੋਂ ਦੇਖਿਆ ਜਾਂਦਾ ਹੈ ਜੋ ਆਪਣੀ ਪ੍ਰਭੂਸੱਤਾ ਅਤੇ ਸਵੈ-ਮਾਣ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਐਲਾਨ ਕੀਤਾ ਕਿ ਪਹਿਲਗਾਮ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਤਿੰਨ ਦਹਿਸ਼ਤਗਰਦਾਂ ਨੂੰ ਸੁਰੱਖਿਆ ਬਲਾਂ ਨੇ ਸ੍ਰੀਨਗਰ ਨੇੜੇ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਮਾਰ ਮੁਕਾਇਆ ਹੈ।
ਆਪਰੇਸ਼ਨ ਸਿੰਧੂਰ ’ਤੇ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ ਸੋਮਵਾਰ ਨੂੰ ‘ਆਪਰੇਸ਼ਨ ਮਹਾਦੇਵ’ ਤਹਿਤ ਇਹ ਤਿੰਨੋਂ ਦਹਿਸ਼ਤਗਰਦ ਮਾਰੇ ਗਏ ਸਨ। ਉਨ੍ਹਾਂ ਦੀ ਪਛਾਣ ਸੁਲੇਮਾਨ ਉਰਫ਼ ਫੈਜ਼ਲ, ਅਫਗਾਨੀ ਅਤੇ ਜਿਬਰਾਨ ਵਜੋਂ ਹੋਈ ਹੈ।
ਉਨ੍ਹਾਂ ਕਿਹਾ, ‘‘ਜਦੋਂ ਕਿ ਸੁਲੇਮਾਨ ਲਸ਼ਕਰ-ਏ-ਤੋਇਬਾ ਦਾ ਏ-ਸ਼੍ਰੇਣੀ ਦਾ ਕਮਾਂਡਰ ਸੀ, ਅਫਗਾਨੀ ਵੀ ਲਸ਼ਕਰ-ਏ-ਤੋਇਬਾ ਦਾ ਏ-ਸ਼੍ਰੇਣੀ ਦਾ ਅਤਿਵਾਦੀ ਸੀ, ਜਿਬਰਾਨ ਵੀ ਇੱਕ ਬਦਨਾਮ ਅਤੇ ਲੋੜੀਂਦਾ ਅਤਿਵਾਦੀ ਸੀ। ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਸਾਡੇ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਇਹ ਤਿੰਨੋਂ ਅਤਿਵਾਦੀ ਹੁਣ ਖਤਮ ਕਰ ਦਿੱਤੇ ਗਏ ਹਨ।’’
ਸ਼ਾਹ ਨੇ ਕਿਹਾ ਕਿ ਅਤਿਵਾਦੀਆਂ ਨੂੰ ਹੁਣ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਭੇਜਿਆ ਜਾ ਰਿਹਾ ਹੈ ਕਿਉਂਕਿ ਕਸ਼ਮੀਰ ਵਿੱਚ ਕੋਈ ਮੁਕਾਮੀ ਅਤਿਵਾਦੀ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2005 ਅਤੇ 2011 ਦਰਮਿਆਨ 27 ਅਤਿਵਾਦੀ ਹਮਲੇ ਹੋਏ। ਉਨ੍ਹਾਂ ਕਿਹਾ, ‘‘ਕਾਂਗਰਸ ਸਰਕਾਰ ਨੇ ਕੀ ਕੀਤਾ? ਉਨ੍ਹਾਂ ਨੇ ਸਿਰਫ਼ ਪਾਕਿਸਤਾਨ ਨੂੰ ਡੋਜ਼ੀਅਰ ਭੇਜੇ।’’
ਪਾਕਿਸਤਾਨ ਨੂੰ ਸਾਰੇ ਅਤਿਵਾਦ ਦੀ ਜੜ੍ਹ ਦੱਸਦਿਆਂ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਕਾਂਗਰਸ ਵੱਲੋਂ ਕੀਤੀ ਗਈ ਇੱਕ ਗਲਤੀ ਸੀ। ਉਨ੍ਹਾਂ ਕਿਹਾ, ‘‘ਜੇਕਰ ਉਨ੍ਹਾਂ ਨੇ ਵੰਡ ਨੂੰ ਰੱਦ ਕਰ ਦਿੱਤਾ ਹੁੰਦਾ, ਤਾਂ ਅੱਜ ਪਾਕਿਸਤਾਨ ਨਾ ਹੁੰਦਾ।’’
ਇਸ ਦੌਰਾਨ, ਇੱਕ ਸਰਕਾਰੀ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਸ਼ਾਮੀਂ ਸਦਨ ਨੂੰ ਸੰਬੋਧਨ ਕਰਨ ਦੀ ਉਮੀਦ ਹੈ।
ਹਥਿਆਰਬੰਦ ਸੈਨਾਵਾਂ ਪ੍ਰਤੀ ਨਕਾਰਾਤਮਕ ਪਹੁੰਚ ਰੱਖਣਾ ਕਾਂਗਰਸ ਦੀ ਪੁਰਾਣੀ ਆਦਤ: ਮੋਦੀ
July 29, 2025 7:34 pm
ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਕਿ ਹਥਿਆਰਬੰਦ ਸੈਨਾਵਾਂ ਪ੍ਰਤੀ ਨਕਾਰਾਤਮਕ ਪਹੁੰਚ ਰੱਖਣਾ ਕਾਂਗਰਸ ਦੀ ਪੁਰਾਣੀ ਆਦਤ ਰਹੀ ਹੈ ਅਤੇ ਕਾਂਗਰਸ ਨੇ ਅਜੇ ਤੱਕ ਕਾਰਗਿਲ ਜਿੱਤ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਪੂਰਾ ਦੇਸ਼ ਹੈਰਾਨ ਹੈ ਕਿ ਕਾਂਗਰਸ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਹੀ ਹੈ ਅਤੇ ਉਨ੍ਹਾਂ ਦੀ ਹੀ ਤਾਲ ’ਤੇ ਗਾ ਰਹੀ ਹੈ।’’ ਉਨ੍ਹਾਂ ਨੇ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਹਮਲਿਆਂ ਨੂੰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਖਦੇੜਿਆ, ਉਸ ਬਾਰੇ ਹੁਣ ਪੂਰੀ ਦੁਨੀਆ ਵਿੱਚ ਗੱਲ ਕੀਤੀ ਜਾ ਰਹੀ ਹੈ। ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਨੇ ਅਦਾਮਪੁਰ ਏਅਰ ਬੇਸ ’ਤੇ ਹੋਏ ਨੁਕਸਾਨ ਬਾਰੇ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ, ਮੈਂ ਅਗਲੇ ਦਿਨ ਉੱਥੇ ਗਿਆ ਅਤੇ ਪਾਕਿਸਤਾਨ ਦੇ ਝੂਠਾਂ ਦਾ ਪਰਦਾਫਾਸ਼ ਕੀਤਾ।’’ ‘ਆਪਰੇਸ਼ਨ ਸਿੰਧੂਰ’ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਪਾਕਿਸਤਾਨ ਨੇ ਭਾਰਤ ਵੱਲ 1,000 ਮਿਜ਼ਾਈਲਾਂ ਅਤੇ ਡਰੋਨ ਲਾਂਚ ਕੀਤੇ, ਪਰ ਉਨ੍ਹਾਂ ਨੂੰ ਸਾਡੀਆਂ ਹਥਿਆਰਬੰਦ ਸੈਨਾਵਾਂ ਦੁਆਰਾ ਹਵਾ ਵਿੱਚ ਹੀ ਖਤਮ ਕਰ ਦਿੱਤਾ ਗਿਆ।’’
ਪਾਕਿਸਤਾਨ ਵਿਚ ਅਤਿਵਾਦੀਆਂ ਨੂੰ ਹੰਝੂ ਵਹਾਉਂਦਿਆਂ ਦੇਖ ਕੁੱਝ ਇੱਥੇ ਵੀ ਰੋ ਰਹੇ ਹਨ: ਮੋਦੀ
July 29, 2025 7:34 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਕਾਂਗਰਸ ’ਤੇ ਹਥਿਆਰਬੰਦ ਸੈਨਾਵਾਂ ਪ੍ਰਤੀ ਨਕਾਰਾਤਮਕ ਰਵੱਈਆ ਰੱਖਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਨੇ ਸਰਜੀਕਲ ਹਮਲਿਆਂ ਦੇ ਸਬੂਤ ਮੰਗੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੇ ਲੋਕਾਂ ਦਾ ਮੂਡ ਦੇਖਿਆ ਤਾਂ ਉਨ੍ਹਾਂ ਨੇ ਆਪਣਾ ਰਵੱਈਆ ਬਦਲ ਲਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਵੀ ਸਰਜੀਕਲ ਹਮਲੇ ਕੀਤੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਵਿੱਚ ਫੜਿਆ ਗਿਆ ਤਾਂ ਕਈ ਇਹ ਸੋਚ ਕੇ ਖੁਸ਼ ਸਨ ਕਿ ਇਸ ਨਾਲ ਮੋਦੀ ਫਸ ਜਾਵੇਗਾ, ਪਰ ਉਨ੍ਹਾਂ ਦੀਆਂ ਉਮੀਦਾਂ ਢਹਿ-ਢੇਰੀ ਹੋ ਗਈਆਂ। ਉਨ੍ਹਾਂ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਪਾਕਿਸਤਾਨ ਵਿੱਚ ਅਤਿਵਾਦੀ ਅਤੇ ਉਨ੍ਹਾਂ ਦੇ ਆਕਾ ਹੰਝੂ ਵਹਾ ਰਹੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਕੇ ਕੁਝ ਇੱਥੇ ਵੀ ਰੋ ਰਹੇ ਹਨ।’’
ਕਿਸੇ ਵੀ ਦੇਸ਼ ਦੇ ਆਗੂ ਨੇ ਭਾਰਤ ਨੂੰ ਜੰਗਬੰਦੀ ਲਈ ਨਹੀਂ ਕਿਹਾ: ਮੋਦੀ
July 29, 2025 6:58 pm
ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਕਿਸੇ ਵੀ ਦੇਸ਼ ਦੇ ਆਗੂ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ਼ ਜੰਗ ਰੋਕਣ ਲਈ ਨਹੀਂ ਕਿਹਾ। ਸ੍ਰੀ ਮੋਦੀ ਨੇ ਕਿਹਾ ਕਿ 9 ਮਈ ਦੀ ਰਾਤ ਨੂੰ ਅਮਰੀਕੀ ਉਪ ਰਾਸ਼ਟਰਪਤੀ ਨੇ ਮੇਰੇ ਨਾਲ 3-4 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਥਿਆਰਬੰਦ ਬਲਾਂ ਨਾਲ ਮੀਟਿੰਗਾਂ ਵਿੱਚ ਰੁੱਝਿਆ ਹੋਇਆ ਸੀ। ਜਦੋਂ ਮੈਂ ਉਨ੍ਹਾਂ ਨੂੰ ਮੋੜਵੀਂ ਕਾਲ ਕੀਤੀ ਤਾਂ ਅਮਰੀਕੀ ਉਪ ਰਾਸ਼ਟਰਪਤੀ ਨੇ ਮੈਨੂੰ ਪਾਕਿਸਤਾਨ ਤੋਂ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ। ਪ੍ਰਧਾਨਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਉਪ-ਰਾਸ਼ਟਰਪਤੀ ਨੂੰ ਦੱਸਿਆ ਕਿ ਜੇਕਰ ਪਾਕਿਸਤਾਨ ਭਾਰਤ 'ਤੇ ਹਮਲਾ ਕਰਦਾ ਹੈ, ਤਾਂ ਸਾਡਾ ਹਮਲਾ ਬਹੁਤ ਵੱਡਾ ਹੋਵੇਗਾ ਕਿਉਂਕਿ ਅਸੀਂ ਗੋਲੀਆਂ ਦਾ ਜਵਾਬ ਤੋਪਾਂ ਨਾਲ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਆਤਮਨਿਰਭਰ ਹੋ ਰਿਹਾ ਹੈ, ਪਰ ਕਾਂਗਰਸ ਹੁਣ ਮੁੱਦਿਆਂ ਲਈ ਪਾਕਿਸਤਾਨ 'ਤੇ ਨਿਰਭਰ ਹੈ। ਕਾਂਗਰਸ ਨੂੰ ਆਪਣੇ ਮੁੱਦੇ ਪਾਕਿਸਤਾਨ ਤੋਂ ਦਰਾਮਦ ਕਰਨੇ ਪੈਣਗੇ। ਕਾਂਗਰਸ ਅਤੇ ਇਸ ਦੇ ਸਹਿਯੋਗੀ ਬਦਕਿਸਮਤੀ ਨਾਲ ਪਾਕਿਸਤਾਨੀ ਪ੍ਰਚਾਰ ਦੇ ਬੁਲਾਰੇ ਬਣ ਗਏ ਹਨ।
ਭਾਰਤ ਨੇ ਪਾਕਿਸਤਾਨ ਅੰਦਰ ਵੜ ਕੇ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ; ਮੋਦੀ
July 29, 2025 6:55 pm
ਸ੍ਰੀ ਮੋਦੀ ਨੇ ਕਿਹਾ ਕਿ 7 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਨੇ ਜਨਤਕ ਤੌਰ 'ਤੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਅੰਦਰ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤੀ ਫੌਜਾਂ ਨੇ ਪਾਕਿਸਤਾਨ ਨੂੰ ਦਿਖਾਇਆ ਕਿ ਉਨ੍ਹਾਂ ਨੇ ਮਿੰਟਾਂ ਵਿੱਚ ਹੀ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ; ਅਸੀਂ ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਸਪੱਸ਼ਟ ਕਰ ਦਿੱਤੀਆਂ। ਜਦੋਂ ਪਾਕਿਸਤਾਨ ਅਤਿਵਾਦੀਆਂ ਦੇ ਸਮਰਥਨ ਵਿੱਚ ਸਾਹਮਣੇ ਆਇਆ, ਤਾਂ ਭਾਰਤ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੇ ਬੇਹਿਸਾਬਾ ਨੁਕਸਾਨ ਪਹੁੰਚਾਇਆ; ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਭਾਰੀ ਨੁਕਸਾਨ ਝੱਲਣ ਤੋਂ ਬਾਅਦ, ਪਾਕਿ ਡੀਜੀਐਮਓ ਬੇਨਤੀ ਕਰਦੇ ਹੋਏ ਆਏ 'ਸਾਨੂੰ ਹੋਰ ਨਾ ਮਾਰੋ, ਅਸੀਂ ਹੋਰ ਜ਼ਿਆਦਾ ਦੁੱਖ ਨਹੀਂ ਝੱਲ ਸਕਦੇ।’
ਭਾਰਤ ਨੂੰ ਪੂਰੀ ਦੁਨੀਆ ਦੀ ਹਮਾਇਤ ਮਿਲੀ, ਪਰ ਕਾਂਗਰਸ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦਾ ਸਮਰਥਨ ਨਹੀਂ ਕੀਤਾ: ਮੋਦੀ
July 29, 2025 6:50 pm
ਸ੍ਰੀ ਮੋਦੀ ਨੇ ਲੋਕ ਸਭਾ ਵਿਚ ਮੁੱਖ ਵਿਰੋਧੀ ਧਿਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੂੰ ਪੂਰੀ ਦੁਨੀਆ ਦਾ ਸਮਰਥਨ ਮਿਲਿਆ, ਪਰ ਇਹ ਬਦਕਿਸਮਤੀ ਹੈ ਕਿ ਕਾਂਗਰਸ ਨੇ ਸਾਡੇ ਸੈਨਿਕਾਂ ਦੀ ਬਹਾਦਰੀ ਦਾ ਸਮਰਥਨ ਨਹੀਂ ਕੀਤਾ। ਕਾਂਗਰਸੀ ਆਗੂਆਂ ਨੇ ਸਿਆਸੀ ਲਾਭ ਲਈ ਮੈਨੂੰ ਨਿਸ਼ਾਨਾ ਬਣਾਇਆ, ਪਰ ਉਨ੍ਹਾਂ ਦੇ ਬੇਤੁਕੇ ਬਿਆਨਾਂ ਨੇ ਸਾਡੇ ਬਹਾਦਰ ਸੈਨਿਕਾਂ ਨੂੰ ਨਿਰਾਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਮੇਰੇ 'ਤੇ ਹਮਲਿਆਂ ਨਾਲ ਮੀਡੀਆ ਵਿੱਚ ਸੁਰਖੀਆਂ ਬਟੋਰ ਸਕਦੀ ਹੈ, ਪਰ ਇਹ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਨਹੀਂ ਦੇ ਸਕਦੀ।
ਭਾਰਤ ਹੁਣ ਆਪਣੀਆਂ ਸ਼ਰਤਾਂ ’ਤੇ ਜਵਾਬ ਦਿੰਦਾ ਹੈ: ਮੋਦੀ
July 29, 2025 6:44 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਕਿ ਭਾਰਤ ਹੁਣ ਆਪਣੀਆਂ ਸ਼ਰਤਾਂ 'ਤੇ ਜਵਾਬ ਦਿੰਦਾ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਤਿਵਾਦ ਵਿਰੁੱਧ ਆਪਣੀ ਰੱਖਿਆ ਵਿੱਚ ਕਿਸੇ ਵੀ ਕਾਰਵਾਈ ਤੋਂ ਨਹੀਂ ਰੋਕਿਆ। ਸੰਯੁਕਤ ਰਾਸ਼ਟਰ ਵਿੱਚ ਸਿਰਫ਼ ਤਿੰਨ ਦੇਸ਼ਾਂ ਨੇ ਪਾਕਿਸਤਾਨ ਦੇ ਹੱਕ ਵਿੱਚ ਗੱਲ ਕੀਤੀ।
ਭਾਰਤ ਵੱਲੋਂ ਹਮਲਾ ਕੀਤੇ ਗਏ ਪਾਕਿਸਤਾਨੀ ਏਅਰਬੇਸ ਅਜੇ ਵੀ ਆਈਸੀਯੂ ਵਿੱਚ ਹਨ: ਮੋਦੀ
July 29, 2025 6:32 pm
ਸ੍ਰੀ ਮੋਦੀ ਨੇ ਅਪਰੇਸ਼ਨ ਸਿੰਧੂਰ ’ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਵੱਲੋਂ ਹਮਲਾ ਕੀਤੇ ਗਏ ਪਾਕਿਸਤਾਨੀ ਏਅਰਬੇਸ ਅਜੇ ਵੀ ਆਈਸੀਯੂ ਵਿੱਚ ਹਨ
ਤਿੰਨਾਂ ਫੌਜਾਂ ਵਿਚਲੇ ਤਾਲਮੇਲ ਨੇ ਪਾਕਿਸਤਾਨ ਦੇ ਛੱਕੇ ਛੁਡਾਏ: ਮੋਦੀ
July 29, 2025 6:32 pm
ਸ੍ਰੀ ਮੋਦੀ ਨੇ ਕਿਹਾ ਕਿ ਹੁਣ ਮਾਸਟਰਮਾਈਂਡਾਂ ਨੂੰ ਨੀਂਦ ਨਹੀਂ ਆਉਂਂਦੀ, ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਆਏਗਾ ਤੇ ਮਾਰ ਕੇ ਜਾਏਗਾ। ਕੁੱਲ ਆਲਮ ਨੇ ਦੇਖ ਲਿਆ ਹੈ ਕਿ ਸਾਡਾ ਦਾਇਰਾ ਕਿੰਨਾ ਵੱਡਾ ਹੈ। ਅਸੀਂ ਸਿੰਧੂਰ ਤੋਂ ਲੈ ਕੇ ਸਿੰਧੂ ਤੱਕ ਕਾਰਵਾਈ ਕੀਤੀ।
ਭਾਰਤ ਨੇ ਅਪਰੇਸ਼ਨ ਸਿੰਧੂਰ ਜ਼ਰੀਏ ਆਤਮ ਨਿਰਭਰ ਭਾਰਤ ਦੀ ਤਾਕਤ ਨੂੰ ਪਛਾਣਿਆ: ਮੋਦੀ
July 29, 2025 6:32 pm
ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਧਮਕੀ ਨੂੰ ਝੂਠਾ ਸਾਬਤ ਕੀਤਾ: ਮੋਦੀ
July 29, 2025 6:32 pm
ਸ੍ਰੀ ਮੋਦੀ ਨੇ ਕਿਹਾ ਕਿ ਨੇ ਭਾਰਤ ਨੇ ਪਾਕਿਸਤਾਨ ਦੀ ਪ੍ਰਮਾਣੂ ਧਮਕੀ ਨੂੰ ਝੂਠਾ ਸਾਬਤ ਕੀਤਾ। ਭਾਰਤ ਨੇ ਸਾਫ਼ ਕਰ ਦਿੱਤਾ ਕਿ ਅਸੀਂ ਪ੍ਰਮਾਣੂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ।
ਪਹਿਲਗਾਮ ਹਮਲੇ ਮਗਰੋਂ ਪਾਕਿਸਤਾਨ ਨੂੰ ਕਿਸੇੇ ਵੱਡੀ ਕਾਰਵਾਈ ਦਾ ਅੰਦੇਸ਼ਾ ਸੀ: ਮੋਦੀ
July 29, 2025 6:26 pm
ਸਾਡਾ ਸੰਕਲਪ ਸੀ ਕਿ ਅਸੀਂ ਅਤਿਵਾਦੀਆਂ ਨੂੰ ਮਿੱਟੀ ’ਚ ਮਿਲਾ ਕੇ ਰਹਾਂਗੇ: ਮੋਦੀ
July 29, 2025 6:21 pm
ਪਹਿਲਗਾਮ ਹਮਲਾ ਦੇਸ਼ ਵਿਚ ਦੰਗੇ ਫੈਲਾਉਣ ਦੀ ਸਾਜ਼ਿਸ਼ ਸੀ: ਮੋਦੀ
July 29, 2025 6:21 pm
ਅਪਰੇਸ਼ਨ ਸਿੰਧੂਰ ਦੌਰਾਨ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਮੇਰੇ ’ਤੇ ਭਰੋਸਾ ਕੀਤਾ, ਉਸ ਲਈ ਮੈਂ ਉਨ੍ਹਾਂ ਦਾ ਕਰਜ਼ਦਾਰ ਹਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
July 29, 2025 6:15 pm
ਜਦੋਂ ਯੂਪੀਏ ਸਰਕਾਰ ਸੀ, ਤਾਂ ਇਹ ਬਹੁਤ ਸਪੱਸ਼ਟ ਸੀ ਕਿ ਪਾਕਿਸਤਾਨ ਅਤਿਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ; ਦੇਸ਼ ਇਸ ਲਈ ਪਾਕਿਸਤਾਨ ਦੀ ਨਿੰਦਾ ਕਰਦੇ ਸਨ: ਰਾਹੁਲ ਗਾਂਧੀ
July 29, 2025 6:15 pm
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦੀ ਨਿੰਦਾ ਨਹੀਂ ਕੀਤੀ, ਇਸਦਾ ਮਤਲਬ ਹੈ ਕਿ ਦੁਨੀਆ ਸਾਡੀ ਤੁਲਨਾ ਪਾਕਿਸਤਾਨ ਨਾਲ ਕਰ ਰਹੀ ਹੈ: ਰਾਹੁਲ ਗਾਂਧੀ
July 29, 2025 6:13 pm
ਜੇਕਰ ਪ੍ਰਧਾਨ ਮੰਤਰੀ ਮੋਦੀ ਵਿੱਚ ਇੰਦਰਾ ਗਾਂਧੀ ਵਾਲੀ ਹਿੰਮਤ ਹੈ, ਤਾਂ ਉਨ੍ਹਾਂ ਨੂੰ ਲੋਕ ਸਭਾ ਵਿੱਚ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਹੈ ਕਿ ਟਰੰਪ 'ਝੂਠਾ' ਹੈ ਅਤੇ ਅਸੀਂ ਕੋਈ ਜਹਾਜ਼ ਨਹੀਂ ਗੁਆਇਆ: ਰਾਹੁਲ ਗਾਂਧੀ
July 29, 2025 6:13 pm
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 29 ਵਾਰ ਕਿਹਾ ਕਿ ਉਨ੍ਹਾਂ ਨੇ ਭਾਰਤ-ਪਾਕਿ ਜੰਗਬੰਦੀ ਕੀਤੀ ਹੈ; ਜੇਕਰ ਉਹ ਝੂਠ ਬੋਲ ਰਹੇ ਹਨ, ਤਾਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਇਹ ਕਹਿਣਾ ਚਾਹੀਦਾ ਹੈ: ਰਾਹੁਲ ਗਾਂਧੀ
July 29, 2025 6:10 pm
ਅਪਰੇਸ਼ਨ ਸਿੰਧੂਰ ਦਾ ਇਕੋ ਇਕ ਮੰਤਵ ਪ੍ਰਧਾਨ ਮੰਤਰੀ ਦੀ ਦਿੱਖ ਬਚਾਉਣਾ ਸੀ, ਕਿਉਂਕਿ ਉਨ੍ਹਾਂ ਦੇ ਹੱਥ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਖ਼ੂਨ ਨਾਲ ਰੰਗੇ ਸੀ: ਰਾਹੂਲ ਗਾਂਧੀ
July 29, 2025 6:02 pm
ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦਾ ਸਾਰਾ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੀ ਦਿੱਖ ਬਚਾਉਣ ਵੱਲ ਸੀ, ਕਿਉਂਕਿ ਉਨ੍ਹਾਂ ਦੇ ਹੱਥ ਪਹਿਲਗਾਮ ਹਮਲੇ ’ਚ ਮਾਰੇ ਗਏ ਲੋਕਾਂ ਦੇ ਖੂਨ ਨਾਲ ਰੰਗੇ ਸਨ।
ਭਾਰਤੀ ਹਵਾਈ ਫੌਜ ਦੀ ਕੋਈ ਗ਼ਲਤੀ ਨਹੀਂ, ਗਲਤੀ ਸਿਆਸੀ ਲੀਡਰਸ਼ਿਪ ਦੀ ਸੀ: ਰਾਹੁਲ
July 29, 2025 5:59 pm
ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਕੋਈ ਗਲਤੀ ਨਹੀਂ ਕੀਤੀ, ਗ਼ਲਤੀ ਸਿਆਸੀ ਲੀਡਰਸ਼ਿਪ ਦੀ ਸੀ ਜਿਸ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਫੌਜੀ ਢਾਂਚੇ 'ਤੇ ਹਮਲਾ ਨਹੀਂ ਕਰ ਸਕਦੇ।
ਰਾਹੁਲ ਵੱਲੋਂ ਇੰਡੋਨੇਸ਼ੀਆ ਵਿਚ ਭਾਰਤ ਦੇ ਰੱਖਿਆ ਅਟੈਚੀ ਦਾ ਹਵਾਲਾ
July 29, 2025 5:56 pm
ਰਾਹੁਲ ਗਾਂਧੀ ਨੇ ਸਰਕਾਰ ’ਤੇ ਹਮਲੇ ਲਈ ਇੰਡੋਨੇਸ਼ੀਆ ਵਿੱਚ ਭਾਰਤ ਦੇ ਰੱਖਿਆ ਅਟੈਚੀ ਦਾ ਹਵਾਲਾ ਦਿੱਤਾ। ਗਾਂਧੀ ਨੇ ਕਿਹਾ ਕਿ ਤੁਸੀਂ ਪਾਇਲਟਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ 'ਤੇ ਹਮਲਾ ਨਾ ਕਰਨ।
ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਦੱਸਿਆ ਕਿ ਅਸੀਂ ਲੜਨਾ ਨਹੀਂ ਚਾਹੁੰਦੇ: ਰਾਹੁਲ ਗਾਂਧੀ
July 29, 2025 5:55 pm
ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ 1:05 ਵਜੇ ਸ਼ੁਰੂ ਹੋਇਆ ਅਤੇ 1:35 ਵਜੇ ਅਸੀਂ ਪਾਕਿਸਤਾਨ ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਗੈਰ-ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ: ਰਾਹੁਲ ਗਾਂਧੀ
July 29, 2025 5:49 pm
ਸਰਕਾਰ ਨੇ ਪਾਕਿਸਤਾਨੀ ਫੌਜੀ ਟਿਕਾਣਿਆਂ 'ਤੇ ਹਮਲਾ ਨਾ ਕਰਨ ਦਾ ਹੁਕਮ ਦੇ ਕੇ ਗਲਤੀ ਕੀਤੀ, ਸਾਡੇ ਪਾਇਲਟਾਂ ਦੇ ਹੱਥ ਬੱਝੇ ਹੋਏ ਸਨ: ਰਾਹੁਲ ਗਾਂਧੀ
July 29, 2025 5:47 pm
ਅਪਰੇਸ਼ਨ ਸਿੰਧੂਰ ਦਾ ਇਕੋ ਇਕ ਮਕਸਦ ਪ੍ਰਧਾਨ ਮੰਤਰੀ ਦੀ ਦਿੱਖ ਨੂੰ ਬਚਾਉਣਾ ਸੀ: ਰਾਹੁਲ ਗਾਂਧੀ
July 29, 2025 5:47 pm
ਭਾਰਤੀ ਹਥਿਆਰਬੰਦ ਫੌਜਾਂ ਦੀ ਵਰਤੋਂ ਲਈ 100 ਫੀਸਦ ਰਾਜਨੀਤਕ ਇੱਛਾਸ਼ਕਤੀ ਜ਼ਰੂਰੀ: ਰਾਹੁਲ ਗਾਂਧੀ
July 29, 2025 5:44 pm
ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਤੁਸੀਂ ਭਾਰਤੀ ਹਥਿਆਰਬੰਦ ਫੌਜਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ 100 ਫੀਸਦ ਰਾਜਨੀਤਿਕ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ; ਤੁਹਾਨੂੰ ਉਨ੍ਹਾਂ ਨੂੰ ਕਾਰਜਸ਼ੀਲਤਾ ਦੀ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ। ਗਾਂਧੀ ਨੇ ਕਿਹਾ ਕਿ ਸਰਕਾਰ ਨੇ ਅਪਰੇਸ਼ਨ ਸਿੰਧੂਰ ਤੋਂ ਫੌਰੀ ਮਗਰੋਂ ਪਾਕਿਸਤਾਨ ਨੂੰ ਦੱਸਿਆ ਕਿ ਅਸੀਂ ਸੰਘਰਸ਼ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ, ਸਰਕਾਰ ਨੇ ਇਕ ਤਰ੍ਹਾਂ ਨਾਲ ਕਹਿ ਦਿੱਤਾ ਕਿ ਸਾਡੇ ਕੋਲ ਸਿਆਸੀ ਇੱਛਾਸ਼ਕਤੀ ਨਹੀਂ ਹੈ।
ਪਹਿਲਗਾਮ ਹਮਲੇ ਤੋਂ ਹਰ ਭਾਰਤੀ ਤੋਂ ਦੁਖੀ ਹੈ: ਰਾਹੁਲ
July 29, 2025 5:39 pm
ਵਿਰੋਧੀ ਧਿਰ ਨੇ ਅਪਰੇਸ਼ਨ ਸਿੰਧੂਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੇ ਹੋਣ ਦੀ ਵਚਨਬੱਧਤਾ ਦੁਹਰਾਈ ਸੀ: ਰਾਹੁਲ
July 29, 2025 5:39 pm
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਗਾਮ ਹਮਲਾ ਪਾਕਿਸਤਾਨੀ ਸਰਪ੍ਰਸਤੀ ਵਾਲਾ ਸਪਸ਼ਟ ਤੌਰ ’ਤੇ ਸੰਗਠਿਤ ਤੇ ਯੋਜਨਾਬੱਧ ਹਮਲਾ ਸੀ।
July 29, 2025 5:37 pm
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਬਹਿਸ ’ਚ ਹੋਏ ਸ਼ਾਮਲ
July 29, 2025 5:37 pm
ਖੜਗੇ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਪਹਿਲਗਾਮ ਵਿੱਚ ਸੁਰੱਖਿਆ ਖਾਮੀਆਂ ਬਾਰੇ ਬਿਆਨ ਦੇ ਹਵਾਲੇ ਨਾਲ ਸਰਕਾਰ ਨੂੰ ਘੇਰਿਆ
July 29, 2025 3:50 pm
ਖੜਗੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਹਿਲਗਾਮ ਵਿੱਚ ਸੁਰੱਖਿਆ ਖਾਮੀਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਸਰਕਾਰ ਅਤਿਵਾਦੀ ਹਮਲੇ ਰੋਕਣ ਵਿੱਚ ਆਪਣੀ ਨਾਕਾਮੀ ਸਵੀਕਾਰ ਕਰੇ: ਖੜਗੇ
July 29, 2025 3:48 pm
ਖੜਗੇ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਕੌਣ ਜ਼ਿੰਮੇਵਾਰ ਹੈ; ਜੋ ਵੀ ਹੈ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜੇਕਰ ਦੇਸ਼ ਵਿੱਚ ਅਤਿਵਾਦੀ ਢਾਂਚਾ ਢਹਿ-ਢੇਰੀ ਹੋ ਗਿਆ ਸੀ ਤਾਂ ਅਤਿਵਾਦੀਆਂ ਨੇ ਪਹਿਲਗਾਮ ਹਮਲਾ ਕਿਵੇਂ ਕੀਤਾ: ਖੜਗੇ
July 29, 2025 3:36 pm
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ 'ਤੇ ਹੰਕਾਰੀ ਹੋਣ ਅਤੇ ਵਿਰੋਧੀ ਧਿਰ ਦੇ ਪੱਤਰਾਂ ਦਾ ਜਵਾਬ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਿਹਾਰ ਵਿੱਚ ਪ੍ਰਚਾਰ ਕਰਨ ਦੀ ਬਜਾਏ ਸਰਬ-ਪਾਰਟੀ ਮੀਟਿੰਗ ਵਿੱਚ ਮੌਜੂਦ ਹੋਣਾ ਚਾਹੀਦਾ ਸੀ।
ਰਾਜ ਸਭਾ ਵਿੱਚ ਆਪ੍ਰੇਸ਼ਨ ਸਿੰਧੂਰ ’ਤੇ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 2015 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪਾਕਿਸਤਾਨ ਦੇ ਅਣ-ਨਿਰਧਾਰਤ ਦੌਰੇ 'ਤੇ ਤਨਜ਼ ਕੱਸਿਆ
July 29, 2025 3:36 pm
ਅਮਿਤ ਸ਼ਾਹ ਦੀ ਨਿਗਰਾਨੀ ਹੇਠ ਮਨੀਪੁਰ ਸੜ ਗਿਆ, ਦਿੱਲੀ ਵਿੱਚ ਦੰਗੇ ਹੋਏ, ਪਹਿਲਗਾਮ ਹਮਲਾ ਹੋਇਆ ਪਰ ਉਹ ਅਜੇ ਵੀ ਉਸ ਅਹੁਦੇ 'ਤੇ ਹਨ: ਪ੍ਰਿਯੰਕਾ ਗਾਂਧੀ
July 29, 2025 3:36 pm
ਇਹ ਸਾਡੀ ਸਰਕਾਰ, ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ ਹੈ; ਜ਼ਿੰਮੇਵਾਰੀ ਕੌਣ ਲਵੇਗਾ, ਕੀ ਕਿਸੇ ਨੇ ਅਸਤੀਫਾ ਦੇ ਦਿੱਤਾ ਹੈ: ਪ੍ਰਿਯੰਕਾ ਗਾਂਧੀ
July 29, 2025 3:36 pm
ਪ੍ਰਿਯੰਕਾ ਨੇ ਕਿਹਾ ਕਿ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ, ਮੈਂ ਵਰਤਮਾਨ ਦੀ ਗੱਲ ਕਰਨੀ ਚਾਹੁੰਦੀ ਹਾਂ; ਤੁਹਾਨੂੰ ਪਿਛਲੇ 11 ਸਾਲਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ:
ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ-ਪਾਕਿ ਜੰਗਬੰਦੀ ਦਾ ਐਲਾਨ ਕਰਨਾ ਸਾਡੇ ਪ੍ਰਧਾਨ ਮੰਤਰੀ ਦੀ ਗ਼ੈਰਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ: ਪ੍ਰਿਯੰਕਾ
July 29, 2025 3:12 pm
ਸਾਡੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਜੰਗ ਰੁਕੀ ਹੈ ਅਤੇ ਇਸ ਦਾ ਐਲਾਨ ਸਾਡੀ ਸਰਕਾਰ ਜਾਂ ਫੌਜ ਵੱਲੋਂ ਨਹੀਂ ਬਲਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤਾ ਜਾਂਦਾ ਹੈ: ਪ੍ਰਿਯੰਕਾ ਗਾਂਧੀ।
July 29, 2025 3:10 pm
ਲੀਡਰਸ਼ਿਪ ਸਿਰਫ਼ ਸਿਹਰਾ ਲੈਣ ਬਾਰੇ ਨਹੀਂ ਹੈ, ਸਗੋਂ ਜ਼ਿੰਮੇਵਾਰੀ ਵੀ ਲੈਣ ਦੀ ਲੋੜ ਹੈ: ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸੇਧਿਆ
July 29, 2025 3:09 pm
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਮਨੀਪੁਰ ਸੜ ਗਿਆ, ਦਿੱਲੀ ਵਿੱਚ ਦੰਗੇ ਹੋਏ, ਪਹਿਲਗਾਮ ਹਮਲਾ ਹੋਇਆ ਪਰ ਉਹ ਅਜੇ ਵੀ ਉਸ ਅਹੁਦੇ 'ਤੇ ਹਨ: ਪ੍ਰਿਅੰਕਾ ਗਾਂਧੀ
July 29, 2025 3:00 pm
ਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ, NSA ਦੀ ਜ਼ਿੰਮੇਵਾਰੀ ਨਹੀਂ ਹੈ: ਪ੍ਰਿਯੰਕਾ ਗਾਂਧੀ
July 29, 2025 2:58 pm
ਚਰਚਾ ਦੌਰਾਨ ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ ਕਿ ਕੀ ਕਿਸੇ ਸਰਕਾਰੀ ਏਜੰਸੀ ਨੂੰ ਪਤਾ ਨਹੀਂ ਸੀ ਕਿ ਅਜਿਹਾ ਭਿਆਨਕ ਅਤਿਵਾਦੀ ਹਮਲਾ ਹੋਣ ਵਾਲਾ ਹੈ ਅਤੇ ਪਾਕਿਸਤਾਨ ਵਿੱਚ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ।
ਬੈਸਰਨ ਘਾਟੀ ਵਿਚ ਸੁਰੱਖਿਆ ਕਿਉਂ ਨਹੀਂ ਸੀ, ਸਭ ਕੁਝ ਰੱਬ ਆਸਰੇ ਕਿਉਂ ਸੀ: ਪ੍ਰਿਯੰਕਾ
July 29, 2025 2:52 pm
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੀ ਸਰਕਾਰ ਨੂੰ ਪਤਾ ਨਹੀਂ ਸੀ ਕਿ ਹਜ਼ਾਰਾਂ ਸੈਲਾਨੀ ਬੈਸਰਨ ਘਾਟੀ ਜਾਂਦੇ ਹਨ; ਸੁਰੱਖਿਆ ਕਿਉਂ ਨਹੀਂ ਸੀ? ਉਨ੍ਹਾਂ ਨੂੰ ਰੱਬ ਦੀ ਰਹਿਮਤ 'ਤੇ ਕਿਉਂ ਛੱਡ ਦਿੱਤਾ ਗਿਆ।
ਸਰਕਾਰ ਨੇ ਪਹਿਲਗਾਮ ਹਮਲੇ ਦੇ ਵੱਖ ਵੱਖ ਪਹਿਲੂਆਂ ’ਤੇ ਗੱਲ ਕੀਤੀ, ਪਰ ਇਹ ਨਹੀਂ ਦੱਸਿਆ ਹਮਲਾ ਕਿਉਂ ਤੇ ਕਿਵੇਂ ਹੋਇਆ: ਪ੍ਰਿਯੰਕਾ ਗਾਂਧੀ ਵਾਡਰਾ
July 29, 2025 2:49 pm
ਕਾਂਗਰਸ ਦੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਵਿਚ ਆਪਰੇਸ਼ਨ ਸਿੰਧੂਰ ਬਾਰੇ ਬਹਿਸ ’ਚ ਹਿੱਸਾ ਲੈਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਵੱਖ-ਵੱਖ ਪਹਿਲੂਆਂ 'ਤੇ ਗੱਲ ਕੀਤੀ ਪਰ ਪਹਿਲਗਾਮ ਦਹਿਸ਼ਤੀ ਹਮਲਾ ਕਿਉਂ ਤੇ ਕਿਵੇਂ ਹੋਇਆ, ਇਸ ਦਾ ਜਵਾਬ ਨਹੀਂ ਦਿੱਤਾ।
ਇੱਕ ਦਿਨ ਆਏਗਾ ਜਦੋਂ ਮਕਬੂਜ਼ਾ ਕਸ਼ਮੀਰ ਦੇ ਲੋਕ ਭਾਰਤ ਦੀ ਸ਼ਾਸਨ ਪ੍ਰਣਾਲੀ ਦਾ ਹਿੱਸਾ ਹੋਣਗੇ: ਰਾਜਨਾਥ ਸਿੰਘ
July 29, 2025 2:48 pm
ਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਦਿਨ ਜ਼ਰੂਰ ਆਏਗਾ ਜਦੋਂ ਪੀਓਕੇ ਦੇ ਲੋਕ ‘ਮੈਂ ਵੀ ਭਾਰਤ’ ਕਹਿਣਗੇ।
ਅਤਿਵਾਦ ਦੇ ਖਾਤਮੇ ਤੱਕ ਆਪ੍ਰੇਸ਼ਨ ਸਿੰਧੂਰ ਜਾਰੀ ਰਹੇਗਾ: ਰਾਜਨਾਥ
July 29, 2025 2:46 pm
ਪਾਕਿਸਤਾਨ ਦੀ ਪਰਮਾਣੂ ਧੋਖੇਬਾਜ਼ੀ ਕਾਰਨ ਅਸੀਂ ਕਈ ਨਾਗਰਿਕ ਗੁਆਏ, ਅਤਿਵਾਦ ਦੇ ਖਾਤਮੇ ਤੱਕ ਆਪ੍ਰੇਸ਼ਨ ਸਿੰਧੂਰ ਜਾਰੀ ਰਹੇਗਾ।
ਅਪਰੇਸ਼ਨ ਸਿੰਧੂਰ ਨੇ ਦਿਖਾਇਆ ਕਿ ਅਸੀਂ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ: ਰਾਜਨਾਥ
July 29, 2025 2:46 pm
ਰੱਖਿਆ ਮੰਤਰੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਇੱਕ ਗੇਮ ਚੇਂਜਰ ਸਾਬਤ ਹੋਇਆ ਅਤੇ ਭਾਰਤੀ ਹੁਣ ਇੱਕ ਨਰਮ ਰਾਜ ਦੇ ਨਾਗਰਿਕ ਨਹੀਂ, ਸਗੋਂ ਇੱਕ ਮਜ਼ਬੂਤ ਰਾਸ਼ਟਰ ਦੇ ਨਾਗਰਿਕ ਹਨ।
ਭਾਰਤ ਦੇ ਭਵਿੱਖ ਨੂੰ ਬਚਾਉਣ ਲਈ ਆਪ੍ਰੇਸ਼ਨ ਸਿੰਧੂਰ ਕੀਤਾ ਗਿਆ ਸੀ: ਰਾਜਨਾਥ
July 29, 2025 2:38 pm
ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਨੇ ਦਿਖਾਇਆ ਕਿ ਭਾਰਤ ਆਪਣੀ ਪ੍ਰਭੂਸੱਤਾ, ਆਤਮ-ਸਨਮਾਨ ਦੀ ਰੱਖਿਆ ਕਰਨਾ ਜਾਣਦਾ ਹੈ।
ਪਾਕਿਸਤਾਨ ਸਾਡੇ ਵਿੱਚ ਕਿਸੇ ਵੀ ਨਿਸ਼ਾਨੇ ’ਤੇ ਹਮਲਾ ਨਹੀਂ ਕਰ ਸਕਿਆ, ਅਸੀਂ ਸਾਰੇ ਹਮਲੇ ਰੋਕ ਦਿੱਤੇ: ਰੱਖਿਆ ਮੰਤਰੀ
July 29, 2025 2:36 pm
ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ 9 ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਮਲੇ ਵਿਚ 100 ਤੋਂ ਵੱਧ ਅਤਿਵਾਦੀ, ਉਨ੍ਹਾਂ ਦੇ ਹੈਂਡਲਰ ਤੇ ਹਮਦਰਦ ਮਾਰੇ ਗਏ ਸਨ।
ਸਾਡੀਆਂ ਫੌਜਾਂ ਨੇ ਪਾਕਿਸਤਾਨ ਵਿੱਚ ਆਮ ਲੋਕਾਂ ਨੂੰ ਕੋਈ ਜਾਨੀ ਨੁਕਸਾਨ ਪਹੁੰਚਾਏ ਬਗੈਰ ਦਹਿਸ਼ਤੀ ਕੈਂਪਾਂ ਨੂੰ ਤਬਾਹ ਕਰਨ ਦਾ ਬਦਲ ਚੁਣਿਆ : ਰਾਜਨਾਥ
July 29, 2025 2:33 pm
ਰੱਖਿਆ ਮੰਤਰੀ ਨੇ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲਾ ਕਰਨ ਵਾਲੇ ਤਿੰਨ ਅਤਿਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਆਪਰੇਸ਼ਨ ਸਿੰਧੂਰ ਬਾਰੇ ਰਾਜ ਸਭਾ ਵਿਚ ਚਰਚਾ ਦੀ ਸ਼ੁਰੂਆਤ, ਵਿਚਾਰ ਚਰਚਾ ਲਈ 16 ਘੰਟਿਆਂ ਦਾ ਸਮਾਂ ਰੱਖਿਆ
July 29, 2025 2:33 pm
Defence Minister Rajnath Singh starts discussion on Operation Sindoor; 16 hours allocated for debate
ਅਤਿਵਾਦ ਰੋਕੂ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਦੇ ਵੀ ਮੋਦੀ ਦੀਆਂ ਅਤਿਵਾਦ ਵਿਰੋਧੀ ਨੀਤੀਆਂ ਦੀ ਸ਼ਲਾਘਾ ਨਹੀਂ ਕਰਨਗੇ: ਸ਼ਾਹ
July 29, 2025 1:39 pm
ਸ਼ਾਹ ਨੇ ਕਿਹਾ ਕਿ ਅਤਿਵਾਦ ਰੋਕੂ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਦੇ ਵੀ ਨਰਿੰਦਰ ਮੋਦੀ ਦੀਆਂ ਅਤਿਵਾਦ ਵਿਰੋਧੀ ਨੀਤੀਆਂ ਦੀ ਕਦਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਦੀ ਪੁਸ਼ਤਪਨਾਹੀ ਕਰਕੇ ਵੋਟ ਬੈਂਕ ਦੀ ਸਿਆਸਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤਿਵਾਦ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਨੂੰ ਪਸੰਦ ਨਹੀਂ ਕਰਨਗੇ।
ਪਾਕਿਸਤਾਨ ਤੋਂ ਜੰਮੂ-ਕਸ਼ਮੀਰ ’ਚ ਅਤਿਵਾਦੀ ਭੇਜੇ ਜਾ ਰਹੇ ਹਨ: ਸ਼ਾਹ
July 29, 2025 1:36 pm
ਸ਼ਾਹ ਨੇ ਕਿਹਾ ਕਿ ਕਸ਼ਮੀਰ ਵਿਚ ਕੋਈ ਮੁਕਾਮੀ ਦਹਿਸ਼ਤਗਰਦ ਨਹੀਂ ਹੈ, ਹੁਣ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿਚ ਅਤਿਵਾਦੀ ਭੇਜੇ ਜਾ ਰਹੇ ਹਨ।
ਪਾਕਿਸਤਾਨ ਸਾਰੇ ਅਤਿਵਾਦ ਦੀ ਜੜ੍ਹ, ਕਾਂਗਰਸ ਸਰਕਾਰਾਂ ਨੇ ਸਿਰਫ਼ ਪਾਕਿਸਤਾਨ ਨੂੰ ਮਿਸਲਾਂ ਭੇਜੀਆਂ
July 29, 2025 1:36 pm
ਸ਼ਾਹ ਨੇ ਕਿਹਾ ਕਿ ਪਾਕਿਸਤਾਨ ਸਾਰੇ ਅਤਿਵਾਦ ਦੀ ਜੜ੍ਹ ਹੈ, ਅਤੇ ‘ਪਾਕਿਸਤਾਨ’ ਕਾਂਗਰਸ ਵੱਲੋਂ ਕੀਤੀ ਗਈ ਗਲਤੀ ਹੈ; ਜੇ ਉਨ੍ਹਾਂ ਨੇ ਵੰਡ ਨੂੰ ਰੱਦ ਕਰ ਦਿੱਤਾ ਹੁੰਦਾ, ਤਾਂ ਇਹ ਉੱਥੇ ਨਾ ਹੁੰਦਾ। ਉਨ੍ਹਾਂ ਕਿਹਾ ਕਿ 2005 ਅਤੇ 2011 ਦਰਮਿਆਨ 27 ਅਤਿਵਾਦੀ ਹਮਲੇ ਹੋਏ। ਕਾਂਗਰਸ ਸਰਕਾਰ ਨੇ ਕੀ ਕੀਤਾ; ਉਨ੍ਹਾਂ ਨੇ ਸਿਰਫ਼ ਪਾਕਿਸਤਾਨ ਨੂੰ ਡੋਜ਼ੀਅਰ (ਮਿਸਲਾਂ) ਭੇਜੀਆਂ।
1962 ਦੀ ਭਾਰਤ-ਚੀਨ ਜੰਗ ਦੌਰਾਨ ਨਹਿਰੂ ਨੇ ਰੇਡੀਓ ਭਾਸ਼ਣ ’ਚ ਅਸਾਮ ਨੂੰ ਅਲਵਿਦਾ ਕਿਹਾ: ਸ਼ਾਹ
July 29, 2025 1:32 pm
ਸ਼ਾਹ ਨੇ ਕਿਹਾ ਕਿ 1962 ਦੀ ਚੀਨ ਨਾਲ ਜੰਗ ਦੌਰਾਨ, ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੇ ਆਕਾਸ਼ਵਾਣੀ 'ਤੇ ਆਪਣੇ ਭਾਸ਼ਣ ਵਿੱਚ ਅਸਾਮ ਨੂੰ ਅਲਵਿਦਾ ਕਿਹਾ ਸੀ
1971 ’ਚ ਭਾਰਤ ਕੋਲ ਮੌਕਾ ਸੀ, ਪਰ ਮਕਬੂਜ਼ਾ ਕਸ਼ਮੀਰ ਵਾਪਸ ਨਹੀਂ ਲਿਆ
July 29, 2025 1:31 pm
1971 ਵਿੱਚ, 93,000 ਪਾਕਿਸਤਾਨੀ ਫੌਜੀਆਂ ਨੇ ਆਤਮ-ਸਮਰਪਣ ਕੀਤਾ, ਭਾਰਤ ਕੋਲ 15,000 ਵਰਗ ਕਿਲੋਮੀਟਰ ਪਾਕਿਸਤਾਨੀ ਇਲਾਕਾ ਸੀ, ਪਰ ਪੀਓਕੇ ਵਾਪਸ ਨਹੀਂ ਲਿਆ ਗਿਆ: ਸ਼ਾਹ
1948 ’ਚ ਭਾਰਤ ਫੈਸਲਾਕੁਨ ਸਥਿਤੀ ’ਚ ਸੀ, ਪਰ ਨਹਿਰੂ ਨੇ ਇਕਤਰਫ਼ਾ ਜੰਗਬੰਦੀ ਦਾ ਐਲਾਨ ਕੀਤਾ
July 29, 2025 1:31 pm
1948 ਵਿੱਚ, ਭਾਰਤੀ ਹਥਿਆਰਬੰਦ ਸੈਨਾਵਾਂ ਪੀਓਕੇ ਨੂੰ ਵਾਪਸ ਲੈਣ ਲਈ ਫੈਸਲਾਕੁੰਨ ਸਥਿਤੀ ਵਿੱਚ ਸਨ, ਪਰ ਫਿਰ ਪ੍ਰਧਾਨ ਮੰਤਰੀ ਨਹਿਰੂ ਨੇ ਇੱਕਤਰਫਾ ਜੰਗਬੰਦੀ ਦਾ ਐਲਾਨ ਕੀਤਾ: ਅਮਿਤ ਸ਼ਾਹ
ਆਪ੍ਰੇਸ਼ਨ ਸਿੰਧੂਰ ਨੇ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦਾ ਪਰਦਾਫਾਸ਼ ਕੀਤਾ: ਸ਼ਾਹ
July 29, 2025 1:31 pm
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਦੀਆਂ ਰੱਖਿਆ ਪ੍ਰਣਾਲੀਆਂ ਨੂੰ ਨਕਾਰਾ ਕਰ ਦਿੱਤਾ ਸੀ ਅਤੇ ਉਨ੍ਹਾਂ ਕੋਲ ਭਾਰਤ ਨੂੰ ਹਮਲੇ ਰੋਕਣ ਦੀ ਬੇਨਤੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਆਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ 100 ਕਿਲੋਮੀਟਰ ਅੰਦਰ ਨਿਸ਼ਾਨੇ ਫੁੰਡੇ
July 29, 2025 1:31 pm
ਸਰਜੀਕਲ ਅਤੇ ਹਵਾਈ ਹਮਲਿਆਂ ਵਿੱਚ, ਭਾਰਤ ਨੇ ਪੀਓਕੇ ਵਿੱਚ ਟਿਕਾਣਿਆਂ 'ਤੇ ਹਮਲਾ ਕੀਤਾ; ਆਪ੍ਰੇਸ਼ਨ ਸਿੰਧੂਰ ਦੌਰਾਨ ਨਿਸ਼ਾਨੇ ਪਾਕਿਸਤਾਨ ਦੇ 100 ਕਿਲੋਮੀਟਰ ਅੰਦਰ ਸਨ: ਅਮਿਤ ਸ਼ਾਹ
ਪ੍ਰਧਾਨ ਮੰਤਰੀ ਦਾ ਬਿਹਾਰ ’ਚ ਦਿੱਤਾ ਭਾਸ਼ਣ 140 ਕਰੋੜ ਭਾਰਤੀਆਂ ਦੇ ਅਤਿਵਾਦ ਨਾਲ ਲੜਨ ਦੇ ਸੰਕਲਪ ਦਾ ਪ੍ਰਤੀਬਿੰਬ: ਸ਼ਾਹ
July 29, 2025 1:20 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਅਪਰੈਲ ਨੂੰ ਬਿਹਾਰ ਵਿੱਚ ਦਿੱਤਾ ਭਾਸ਼ਣ ਸਿਆਸੀ ਨਹੀਂ ਸਗੋਂ 140 ਕਰੋੜ ਭਾਰਤੀਆਂ ਦੇ ਅਤਿਵਾਦ ਨਾਲ ਲੜਨ ਦੇ ਸੰਕਲਪ ਦਾ ਪ੍ਰਤੀਬਿੰਬ ਹੈ: ਸ਼ਾਹ
ਅਮਿਤ ਸ਼ਾਹ ਨੇ ਕਾਂਗਰਸੀ ਆਗੂਆਂ 'ਤੇ ਪਹਿਲਗਾਮ ਹਮਲੇ ਨਾਲ ਸਬੰਧਾਂ ਨੂੰ ਲੈ ਕੇ ਪਾਕਿਸਤਾਨ ਨੂੰ ਬਚਾਉਣ ਦਾ ਦੋਸ਼ ਲਗਾਇਆ
July 29, 2025 1:18 pm
ਸ਼ਾਹ ਨੇ ਕਿਹਾ ਕਿ ਉਹ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਤਿਵਾਦੀਆਂ ਦੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਸਬੂਤ ਮੰਗਣ ਅਤੇ ਪਾਕਿਸਤਾਨ ਨੂੰ ਕਲੀਨ ਚਿੱਟ ਦੇਣ ਲਈ ਨਿੰਦਾ ਕਰਦੇ ਹਨ।
ਲਸ਼ਕਰ ਦਾ ‘ਏ’ ਸ਼੍ਰੇਣੀ ਦਾ ਕਮਾਂਡਰ ਸੀ ਸੁਲੇਮਾਨ: ਸ਼ਾਹ
July 29, 2025 1:12 pm
ਸ਼ਾਹ ਨੇ ਕਿਹਾ ਕਿ ਸੁਲੇਮਾਨ ਲਸ਼ਕਰ ਦਾ ‘ਏ’ ਸ਼੍ਰੇਣੀ ਦਾ ਕਮਾਂਡਰ ਸੀ, ਜੋ ਪਹਿਲਗਾਮ ਤੇ ਗਗਨਾਗਿਰ ਹਮਲੇ ਵਿਚ ਸ਼ਾਮਲ ਸੀ। ਅਫ਼ਗ਼ਾਨ ਤੇ ਜਿਬਰਾਨ ਵੀ ਏ ਸ਼੍ਰੇਣੀ ਦੇ ਦਹਿਸ਼ਤਗਰਦ।
ਮਾਰੇ ਗਏ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਸੁਲੇਮਾਨ, ਅਫ਼ਗਾਨ ਤੇ ਜਿਬਰਾਨ ਵਜੋਂ ਹੋਈ: ਸ਼ਾਹ
July 29, 2025 1:12 pm
ਲੋਕ ਸਭਾ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਆਪਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਸੁਲੇਮਾਨ, ਅਫਗਾਨ ਅਤੇ ਜਿਬਰਾਨ ਵਜੋਂ ਹੋਈ ਹੈ।
ਸੁਰੱਖਿਆ ਬਲਾਂ ਨੂੰ ਹਦਾਇਤ ਸੀ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਨੂੰ ਦੇਸ਼ ’ਚੋਂ ਬਾਹਰ ਨਾ ਜਾਣ ਦਿੱਤਾ ਜਾਵੇ: ਸ਼ਾਹ
July 29, 2025 1:12 pm
ਸ਼ਾਹ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਸੁਰੱਖਿਆ ਬਲਾਂ ਨੂੰ ਹਦਾਇਤ ਸੀ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਨੂੰ ਦੇਸ਼ ’ਚੋਂ ਬਾਹਰ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿ ਸੁਰੱਖਿਆ ਬਲਾਂ ਨੇ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਨਿਰਧਾਰਿਤ ਕਰਨ ਲਈ ਬਹੁਤ ਕੰਮ ਕੀਤਾ।
ਸੋਮਵਾਰ ਨੂੰ ਜੰਮੂ-ਕਸ਼ਮੀਰ ਵਿੱਚ ਮਾਰੇ ਗਏ 3 ਅਤਿਵਾਦੀ ਪਹਿਲਗਾਮ ਦੇ ਬੈਸਰਨ ਵਿੱਚ ਹੋਏ ਹਮਲਿਆਂ ਵਿੱਚ ਸ਼ਾਮਲ ਸਨ: ਅਮਿਤ ਸ਼ਾਹ
July 29, 2025 1:12 pm
ਸ਼ਾਹ ਨੇ ਕਿਹਾ ਕਿ ਫੌਜ, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲੀਸ ਵੱਲੋਂ ‘ਆਪ੍ਰੇਸ਼ਨ ਮਹਾਦੇਵ’ ਤਹਿਤ ਕੀਤੀ ਗਈ ਸਾਂਝੀ ਕਾਰਵਾਈ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ।
ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਵੱਲੋੋਂ ਆਪ੍ਰੇਸ਼ਨ ਸਿੰਧੂਰ ਬਾਰੇ ਬਹਿਸ ਦੌਰਾਨ 'ਰੀਵਿਊ ਮਿਰਰ' ਸਿਆਸਤ ਲਈ ਭਾਜਪਾ ਦੀ ਨਿੰਦਾ
July 29, 2025 12:28 pm
ਕੇਂਦਰੀ ਮੰਤਰੀ ਅਮਿਤ ਸ਼ਾਹ ਸੰਸਦ ਭਵਨ ਪਹੁੰਚੇ, ਲੋਕ ਸਭਾ ਨੂੰ ਕਰਨਗੇ ਸੰਬੋਧਨ
July 29, 2025 12:28 pm
ਅਤਿਵਾਦੀ ਹਮਲਿਆਂ ਬਾਰੇ 'ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ' ਕਾਂਗਰਸ: ਪ੍ਰਹਿਲਾਦ ਜੋਸ਼ੀ
July 29, 2025 12:25 pm
ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨ ਲਗਾਤਾਰ ਜਾਰੀ ਹਨ, ਮੋਦੀ ਹਨ ਤਾਂ ਮੁਮਕਿਨ ਹੈ: ਚੌਹਾਨ
July 29, 2025 11:53 am
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਕਿਉਂਕਿ "ਇਹ ਸੰਭਵ ਹੈ ਜੇਕਰ ਮੋਦੀ ਹਨ।" ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ ਅਤੇ ਕੁਝ ਹੋਰ ਮੈਂਬਰਾਂ ਦੇ ਪੂਰਕ ਸਵਾਲਾਂ ਦੇ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇੱਕ ਕਿਸਾਨ-ਪੱਖੀ ਪ੍ਰਧਾਨ ਮੰਤਰੀ ਹਨ।
6 ਦਿਨਾਂ ਦੇ ਅੜਿੱਕੇ ਤੋਂ ਬਾਅਦ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਸੁਚਾਰੂ ਢੰਗ ਨਾਲ ਜਾਰੀ
July 29, 2025 11:53 am
ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਅਤੇ ਆਪ੍ਰੇਸ਼ਨ ਸਿੰਧੂਰ ’ਤੇ ਬਹਿਸ ਦੀ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਸਦਨ ਵਿੱਚ ਪਿਛਲੇ ਹਫ਼ਤੇ ਵਾਰ-ਵਾਰ ਵਿਘਨ ਪਿਆ। ਆਪ੍ਰੇਸ਼ਨ ਸਿੰਧੂਰ ਬਾਰੇ ਬਹਿਸ ਸੋਮਵਾਰ ਨੂੰ ਸਦਨ ਵਿੱਚ ਸ਼ੁਰੂ ਹੋਈ। ਵਿਰੋਧੀ ਧਿਰ ਨੇ ਦਿਨ ਦੇ ਪਹਿਲੇ ਅੱਧ ਵਿੱਚ ਸਰਕਾਰ ਤੋਂ ਇਹ ਭਰੋਸਾ ਮੰਗਦੇ ਹੋਏ ਵਿਘਨ ਪਾਇਆ ਕਿ ਬਿਹਾਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਦੇ ਮੁੱਦੇ 'ਤੇ ਚਰਚਾ ਉਸ ਤੋਂ ਬਾਅਦ ਕੀਤੀ ਜਾਵੇਗੀ। ਮੰਗਲਵਾਰ ਨੂੰ ਅੱਜ ਪਹਿਲੀ ਵਾਰ ਸਦਨ ਬਿਨਾਂ ਕਿਸੇ ਅੜਿੱਕੇ ਜਾਂ ਰੌਲੇ ਰੱਪੇ ਦੇ ਪ੍ਰਸ਼ਨ ਕਾਲ ਨੂੰ ਸ਼ੁਰੂ ਕਰ ਸਕਿਆ।
ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
July 29, 2025 11:34 am
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
ਵਿਰੋਧੀ ਧਿਰਾਂ ਵੱਲੋਂ ਸੰਸਦੀ ਕੰਪਲੈਕਸ ਵਿੱਚ SIR ਖਿਲਾਫ ਪ੍ਰਦਰਸ਼ਨ
July 29, 2025 11:34 am
‘ਇੰਡੀਆ’ ਬਲਾਕ ਨਾਲ ਸਬੰਧਤ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਬਿਹਾਰ ਵਿੱਚ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਚੋਣ ਕਮਿਸ਼ਨ ਦੇ ਫੈਸਲੇ ਖਿਲਾਫ ਸੰਸਦ ਭਵਨ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸੰਸਦ ਵਿੱਚ ਦਿਨ ਦੀ ਕਾਰਵਾਈ ਤੋਂ ਪਹਿਲਾਂ, ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਕਾਂਗਰਸ, ਡੀਐਮਕੇ, ਟੀਐਮਸੀ, ਆਰਜੇਡੀ ਅਤੇ ਖੱਬੇ ਪੱਖੀ ਪਾਰਟੀਆਂ ਸ਼ਾਮਲ ਸਨ, ਨੇ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ 'ਤੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ "ਵੋਟ ਕੀ ਚੋਰੀ ਬੰਦ ਕਰੋ’ ਅਤੇ "ਐਸਆਈਆਰ ਵਾਪਸ ਲਵੋ’ ਵਰਗੇ ਨਾਅਰੇ ਲਗਾਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ "ਵੋਟ ਲੁੱਟ ਬੰਦ ਕਰੋ" ਲਿਖੀਆਂ ਤਖ਼ਤੀਆਂ ਅਤੇ ਨਾਲ ਹੀ ਚੋਣ ਕਮਿਸ਼ਨ ਅਤੇ ਸਰਕਾਰ ਵਿਚਕਾਰ ਕਥਿਤ "ਮਿਲਾਪ" ਨੂੰ ਦਰਸਾਉਂਦੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।
ਕਾਂਗਰਸ ਨੂੰ ਰਾਜ ਸਭਾ ਵਿੱਚ ਚਰਚਾ ਲਈ ਲਗਭਗ ਦੋ ਘੰਟੇ ਦਿੱਤੇ ਗਏ
July 29, 2025 11:24 am
ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਉਨ੍ਹਾਂ ਲਈ ਬਹਿਸ ਦੀ ਸ਼ੁਰੂਆਤ ਕਰਨਗੇ।
ਆਪ੍ਰੇਸ਼ਨ ਸਿੰਧੂਰ ’ਤੇ ਰਾਜ ਸਭਾ ਵਿਚ ਵੀ ਹੋਵੇਗੀ 16 ਘੰਟੇ ਚਰਚਾ
July 29, 2025 11:24 am
ਸੂਤਰਾਂ ਅਨੁਸਾਰ, ਰਾਜਨਾਥ ਸਿੰਘ ਅਤੇ ਐਸ ਜੈਸ਼ੰਕਰ ਰਾਜ ਸਭਾ ਵਿੱਚ ਚਰਚਾ ਵਿੱਚ ਹਿੱਸਾ ਲੈਣ ਵਾਲੇ ਮੰਤਰੀਆਂ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੇ ਵੀ ਚਰਚਾ ਵਿੱਚ ਸ਼ਾਮਲ ਦੇਣ ਦੀ ਉਮੀਦ ਹੈ।