ਦਿੱਲੀ ਧਮਾਕਾ: ਕਾਂਗਰਸ ਨੇ ਸਰਬ ਪਾਰਟੀ ਮੀਟਿੰਗ ਸੱਦਣ ਲੲੀ ਕਿਹਾ
November 13, 2025 8:50 pm
ਦਿੱਲੀ ਦੇ ਲਾਲ ਕਿਲੇ ਨੇਡ਼ੇ ਹੋਏ ਧਮਾਕੇ ਦੇ ਮਾਮਲੇ ਵਿਚ ਕਾਂਗਰਸ ਨੇ ਅੱਜ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾੲੀ ਹੇਠ ਬਿਨਾਂ ਕਿਸੇ ਦੇਰੀ ਦੇ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ। ਪਾਰਟੀ ਨੇ ਸਰਕਾਰ ਨੂੰ ਆਪਣੇ ੳੁਸ ਨਵੇਂ ਸਿਧਾਂਤ ਨੂੰ ਲੈ ਕੇ ਵੀ ਰੁਖ ਸਪੱਸ਼ਟ ਕਰਨ ਲੲੀ ਆਖਿਆ ਹੈ ਜਿਸ ’ਚ ੳੁਨ੍ਹਾਂ ਕਿਹਾ ਸੀ ਕਿ ਕਿਸੇ ਵੀ ਅਤਿਵਾਦੀ ਹਮਲੇ ਨੂੰ ਜੰਗ ਦੀ ਕਾਰਵਾੲੀ ਮੰਨਿਆ ਜਾਵੇਗਾ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇਡ਼ਾ ਨੇ ਕਿਹਾ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਪਹਿਲੀ ਦਸੰਬਰ ਦੀ ਥਾਂ ਕੁਝ ਸਮਾਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਕਿ ਧਮਾਕੇ ਮਾਮਲੇ ’ਤੇ ਪੂਰੀ ਚਰਚਾ ਹੋ ਸਕੇ। ਖੇਡ਼ਾ ਨੇ ਧਮਾਕੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਸਵਾਲ ਕੀਤਾ ਕਿ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣਗੇ। ੳੁਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਰਹਿੰਦਿਆਂ ਕੲੀ ਵੱਡੇ ਅਤਿਵਾਦੀ ਹਮਲੇ ਹੋਏ ਹਨ। -ਪੀਟੀਆੲੀ
ਲਾਲ ਕਿਲਾ ਧਮਾਕਾ: ਅਲ ਫਲਾਹ ਯੂਨੀਵਰਸਿਟੀ ਦੀ ਮੈਂਬਰਸ਼ਿਪ ਮੁਅੱਤਲ
November 13, 2025 8:15 pm
ਲਾਲ ਕਿਲਾ ਧਮਾਕੇ ਮਾਮਲੇ ਵਿਚ ਨਾਂ ਸਾਹਮਣੇ ਆੳੁਣ ’ਤੇ ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ (ਏ ਆੲੀ ਯੂ) ਨੇ ਅਲ ਫਲਾਹ ਯੂਨੀਵਰਸਿਟੀ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਪੀਟੀਆਈ
ਕੇਂਦਰ ਵੱਲੋਂ ਅਲ ਫਲਾਹ ਯੂਨੀਵਰਸਿਟੀ ਦੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ
November 13, 2025 7:26 pm
ਕੇਂਦਰ ਸਰਕਾਰ ਨੇ ਅਲ ਫਲਾਹ ਯੂਨੀਵਰਸਿਟੀ ਦੇ ਸਾਰੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਨੇ ਈਡੀ ਅਤੇ ਹੋਰ ਵਿੱਤੀ ਜਾਂਚ ਏਜੰਸੀਆਂ ਨੂੰ ਹਰਿਆਣਾ ਸਥਿਤ ਸੰਸਥਾ ਦੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਫੈਸਲਾ ਕੀਤਾ ਗਿਆ। ਦਿੱਲੀ ਦੇ ਲਾਲ ਕਿਲੇ ਨੇਡ਼ੇ 10 ਨਵੰਬਰ ਨੂੰ ਧਮਾਕਾ ਹੋਇਆ ਸੀ ਜਿਸ ਦੀ ਚੱਲ ਰਹੀ ਜਾਂਚ ਦੀ ਅੱਜ ਕੇਂਦਰ ਨੇ ਸਮੀਖਿਆ ਕੀਤੀ। ਇਸ ਧਮਾਕੇ ਕਾਰਨ 13 ਜਣੇ ਹਲਾਕ ਅਤੇ ਕਈ ਜ਼ਖਮੀ ਹੋ ਗਏ ਸਨ। ਸੂਤਰਾਂ ਨੇ ਕਿਹਾ ਕਿ ਅਲ ਫਲਾਹ ਯੂਨੀਵਰਸਿਟੀ ਦੇ ਸਾਰੇ ਰਿਕਾਰਡਾਂ ਦਾ ਫੋਰੈਂਸਿਕ ਆਡਿਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਨੇੜੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਧੌਜ ਵਿਚ ਅਲ ਫਲਾਹ ਯੂਨੀਵਰਸਿਟੀ ਹੈ ਜਿਸ ਦੇ ਕੈਂਪਸ ਵਿੱਚ ਇੱਕ ਹਸਪਤਾਲ ਵੀ ਹੈ। ਅਧਿਕਾਰੀਆਂ ਅਨੁਸਾਰ ਡਾਕਟਰ ਉਮਰ ਨਬੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਵੀ ਕੰਮ ਕਰ ਰਿਹਾ ਸੀ। ਯੂਨੀਵਰਸਿਟੀ ਨਾਲ ਸਬੰਧਤ ਤਿੰਨ ਡਾਕਟਰਾਂ ਨੂੰ ਵੀ ਜਾਂਚ ਏਜੰਸੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਰਕਾਰ ਨੇ ਇਸ ਧਮਾਕੇ ਤੋਂ ਬਾਅਦ ਸਾਰੀਆਂ ਏਜੰਸੀਆਂ ਨੂੰ ਇਸ ਮਾਮਲੇ ਵਿਚ ਫੌਰੀ ਕਾਰਵਾੲੀ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਪੀ.ਟੀ.ਆਈ.
ਯੂਨੀਵਰਸਿਟੀ ’ਚ ਇੱਕ ਹੋਰ ਸ਼ੱਕੀ ਕਾਰ ਦੀ ਜਾਂਚ
November 13, 2025 7:15 pm
ਫਰੀਦਾਬਾਦ (ਕੁਲਵਿੰਦਰ ਕੌਰ):ਜੰਮੂ-ਕਸ਼ਮੀਰ ਪੁਲੀਸ ਵੱਲੋਂ ਅਲ-ਫਲਾਹ ਯੂਨੀਵਰਸਿਟੀ ਵਿਚ ਇੱਕ ਸ਼ੱਕੀ ਬਰੇਜ਼ਾ ਕਾਰ ਦੀ ਜਾਂਚ ਕੀਤੀ ਜਾ ਰਹੀ ਹੈ। ਫਰੀਦਾਬਾਦ ਜ਼ਿਲ੍ਹਾ ਪੁਲੀਸ ਦੇ ਬੁਲਾਰੇ ਵੱਲੋਂ ਇਕ ਜਾਣਕਾਰੀ ਦਿੱਤੀ ਗਈ ਹੈ ਕਿ ਸਿਲਵਰ ਰੰਗ ਦੀ ਕਾਰ ਯੂਨੀਵਰਸਿਟੀ ਦੇ ਅਹਾਤੇ ਵਿੱਚ ਖੜ੍ਹੀ ਪਾਈ ਗਈ ਹੈ ਜਿਸ ਦਾ ਨੰਬਰ ਐਂਚ ਆਰ 87 ਯੂ-9988 ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਫਰੀਦਾਬਾਦ ਦੇ ਧੌਜ ਵਿੱਚ ਅਲ-ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਸ਼ੱਕੀ ਬਰੇਜ਼ਾ ਮਿਲੀ ਅਤੇ ਇਸ ਸਮੇਂ ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਾਅਦ ਵਿੱਚ ਬੰਬ ਡਿਸਪੋਜ਼ਲ ਸਕੁਐਡ ਕੈਂਪਸ ਵਿੱਚ ਦਾਖ਼ਲ ਹੋਇਆ। ਦੱਸਿਆ ਗਿਆ ਹੈ ਕਿ ਇਹ ਕਾਰ ਡਾ. ਸ਼ਾਹੀਨ ਸ਼ਾਹਿਦ ਦੇ ਨਾਮ 'ਤੇ ਰਜਿਸਟਰਡ ਹੈ। ਸੁਰੱਖਿਆ ਸੂਤਰਾਂ ਨੇ ਖੁਲਾਸਾ ਕੀਤਾ ਕਿ ਹਮਲਾਵਰ ਉਮਰ ਉਨ ਨਬੀ ਨੇ ਇੱਕ ਮਲਟੀ-ਵਾਹਨ ਆਈਈਡੀ ਹਮਲੇ ਦੀ ਯੋਜਨਾ ਬਣਾਈ ਸੀ, ਜਿਸ ਵਿੱਚ ਤਿੰਨ ਵਾਹਨ ਆਪ੍ਰੇਸ਼ਨ ਲਈ ਪ੍ਰਾਪਤ ਕੀਤੇ ਗਏ ਸਨ। ਇਸ ਦੌਰਾਨ ਤਾਜ਼ਾ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਉਮਰ ਉਨ ਨਬੀ ਬਦਰਪੁਰ ਹੱਦ ਰਾਹੀਂ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਆਈ20 ਕਾਰ ਵਿੱਚ ਦਾਖ਼ਲ ਹੁੰਦੇ ਹੋਏ ਦਿਖਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਦਿੱਲੀ ਧਮਾਕੇ ਦੇ ਮੁਲਜ਼ਮਾਂ ਦੀਆਂ ਡਾਇਰੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿੱਚ 8 ਨਵੰਬਰ ਤੋਂ 12 ਨਵੰਬਰ ਤੱਕ ਦੀਆਂ ਤਾਰੀਖਾਂ ਦਾ ਜ਼ਿਕਰ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਦੌਰਾਨ ਅਜਿਹੀ ਘਟਨਾ ਦੀ ਯੋਜਨਾ ਬਣਾਈ ਜਾ ਰਹੀ ਸੀ। ਸੂਤਰਾਂ ਅਨੁਸਾਰ ਡਾਇਰੀ ਵਿੱਚ ਲਗਪਗ 25 ਵਿਅਕਤੀਆਂ ਦੇ ਨਾਮ ਵੀ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੰਮੂ ਅਤੇ ਕਸ਼ਮੀਰ ਅਤੇ ਫਰੀਦਾਬਾਦ ਤੋਂ ਸਨ। ਇਸ ਤਰ੍ਹਾਂ ਇਸ ਮਾਮਲੇ ਵਿੱਚ ਹੋਰ ਲੋਕਾਂ ਤੋਂ ਵੀ ਪੁਛਗਿੱਛ ਕੀਤੀ ਜਾ ਸਕਦੀ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਦਿੱਲੀ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਧਮਾਕੇ ਵਾਲੀ ਥਾਂ ਦੇ ਨੇੜੇ ਨਿਊ ਲਾਜਪਤ ਰਾਏ ਮਾਰਕੀਟ ਵਿੱਚ ਇੱਕ ਸਰੀਰ ਦਾ ਅੰਗ ਬਰਾਮਦ ਕੀਤਾ ਹੈ।
ਅਤਿਵਾਦ ਦੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂ: ਸ਼ਾਹੀ ਇਮਾਮ
November 13, 2025 4:04 pm
ਜਾਮਾ ਮਸਜਿਦ ਦੇ ਸ਼ਾਹੀ ਇਮਾਮ, ਸਈਅਦ ਅਹਿਮਦ ਬੁਖਾਰੀ ਨੇ ਵੀਰਵਾਰ ਨੂੰ ਲਾਲ ਕਿਲ੍ਹੇ ਦੇ ਧਮਾਕੇ ਨੂੰ ਇੱਕ ਘਿਨਾਉਣਾ ਅਤਿਵਾਦੀ ਹਮਲਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸੱਭਿਅਕ ਸਮਾਜ ਵਿੱਚ ਅਤਿਵਾਦ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਸਰਕਾਰ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਜਾਮਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਸ਼ਾਹੀ ਇਮਾਮ ਨੇ ਕਿਹਾ, ‘‘ਇੱਕ ਦ੍ਰਿੜ ਕੌਮੀ ਸੰਕਲਪ ਨਾਲ, ਅਸੀਂ ਅਤਿਵਾਦ ਦੀ ਇਸ ਬੁਰਾਈ ਵਿਰੁੱਧ ਇੱਕਜੁੱਟ ਹੋ ਕੇ ਲੜਨ ਅਤੇ ਇਸ ਨੂੰ ਹਰਾਉਣ ਵਿੱਚ ਸਫਲ ਹੋ ਸਕਾਂਗੇ।’’ ਉਨ੍ਹਾਂ ਬਿਆਨ ਵਿੱਚ ਕਿਹਾ, ‘‘ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਮੁਸਲਿਮ ਭਾਈਚਾਰਾ, ਇਸ ਨਾਜ਼ੁਕ ਸਮੇਂ ਵਿੱਚ ਆਪਣੇ ਹਮਵਤਨ ਭਾਰਤੀਆਂ ਨਾਲ ਮਜ਼ਬੂਤ ਕੰਧ ਵਾਂਗ ਖੜ੍ਹਾ ਹੈ।’’ ਸ਼ਾਹੀ ਇਮਾਮ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਟਨਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲੇ ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦਾ ਦਿਲ ਡੂੰਘੀ ਹਮਦਰਦੀ ਅਤੇ ਇਕਜੁੱਟਤਾ ਨਾਲ ਭਰਿਆ ਹੋਇਆ ਹੈ। -ਪੀਟੀਆਈ
ਧਮਾਕੇ ਤੋਂ ਪਹਿਲਾਂ ਰਾਮ ਲੀਲਾ ਮੈਦਾਨ ਨੇੜੇ ਮਸਜਿਦ ਕੋਲ ਨਜ਼ਰ ਆਇਆ ਸੀ ਉਮਰ ਨਬੀ
November 13, 2025 2:12 pm
ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਧਮਾਕੇ ਵਾਲੇ ਦਿਨ ਦੀ ਤਾਜ਼ਾ ਸੀਸੀਟੀਵੀ ਫੁਟੇਜ ਵਿੱਚ ਮੁੱਖ ਮਸ਼ਕੂਕ ਡਾਕਟਰ ਉਮਰ ਨਬੀ ਰਾਮਲੀਲਾ ਮੈਦਾਨ ਨੇੜੇ ਇੱਕ ਮਸਜਿਦ ਕੋਲ ਤੁਰਦਾ ਦਿਖਾਇਆ ਗਿਆ ਹੈ। ਫੁਟੇਜ ਵਿੱਚ ਉਮਰ ਨੂੰ ਆਪਣਾ ਸਿਰ ਸੱਜੇ ਪਾਸੇ ਮੋੜਨ ਤੋਂ ਪਹਿਲਾਂ ਇੱਕ ਤੰਗ ਗਲੀ ਦੇ ਨਾਲ ਸਿੱਧਾ ਤੁਰਦੇ ਦੇਖਿਆ ਜਾ ਸਕਦਾ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਨਬੀ ਕਥਿਤ ਤੌਰ 'ਤੇ ਧਮਾਕਾ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਮਸਜਿਦ ਗਿਆ ਹੋ ਸਕਦਾ ਹੈ।
ਸ਼ੱਕ ਦੇ ਘੇਰੇ ਵਿੱਚ ਆਈ ਅਲ ਫਲਾਹ ਯੂਨੀਵਰਸਿਟੀ ਨੂੰ ਝੂਠੇ ਮਾਨਤਾ ਦਾਅਵੇ 'ਤੇ NAAC ਤੋਂ ਕਾਰਨ ਦੱਸੋ ਨੋਟਿਸ ਮਿਲਿਆ: ਅਧਿਕਾਰੀ
November 13, 2025 1:15 pm
ਸੁਰੱਖਿਆ ਏਜੰਸੀਆਂ ਹੱਥ ਲੱਗੀਆਂ ਮਸ਼ਕੂਕਾਂ ਦੀਆਂ ਡਾਇਰੀਆਂ
November 13, 2025 1:11 pm
ਸੁਰੱਖਿਆ ਏਜੰਸੀਆਂ ਨੇ ਦਿੱਲੀ ਧਮਾਕੇ ਦੇ ਮੁੱਖ ਮਸ਼ਕੂਕਾਂ ਡਾਕਟਰ ਉਮਰ ਨਬੀ ਅਤੇ ਡਾਕਟਰ ਮੁਜ਼ੱਮਿਲ ਗਨਈ ਦੀਆਂ ਡਾਇਰੀਆਂ ਬਰਾਮਦ ਕੀਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਮਲੇ ਦੀ ਯੋਜਨਾ 8 ਤੋਂ 12 ਨਵੰਬਰ ਦਰਮਿਆਨ ਘੜੀ ਗਈ ਸੀ। ਖ਼ਬਰ ਏਜੰਸੀ ANI ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਡਾਇਰੀਆਂ ਵਿੱਚ ਕਥਿਤ ਤੌਰ ’ਤੇ ਕਰੀਬ 25 ਵਿਅਕਤੀਆਂ ਦੇ ਨਾਮ ਹਨ, ਜਿਨ੍ਹਾਂ ਵਿੱਚੋਂ ਬਹੁਤੇ ਜੰਮੂ-ਕਸ਼ਮੀਰ ਅਤੇ ਫਰੀਦਾਬਾਦ ਤੋਂ ਹਨ। ਡਾਇਰੀਆਂ ਵਿਚਲੀ ਜਾਣਕਾਰੀ ਇਹੀ ਸੁਝਾਅ ਦਿੰਦੀ ਹੈ ਕਿ ਧਮਾਕਾ ਇੱਕ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ।
ਸਮੂਹ ਵੱਲੋਂ ਵੱਡੀ ਮਾਤਰਾ ਵਿਚ ਖਾਦ ਦੀ ਖਰੀਦ ਜਾਂਚ ਵਿਚ ਮੁੱਖ ਲੀਡ ਬਣੀ
November 13, 2025 12:49 pm
ਅਧਿਕਾਰੀਆਂ ਨੇ ਦੱਸਿਆ ਕਿ ਹੋਰ ਰਸਾਇਣਾਂ ਨਾਲ ਮਿਲਾਇਆ ਗਿਆ ਖਾਦ ਆਮ ਤੌਰ ’ਤੇ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਣਾਉਣ ਲਈ ਵਰਤਿਆ ਜਾਂਦਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਸਮੂਹ ਵੱਲੋਂ ਇੰਨੀ ਵੱਡੀ ਮਾਤਰਾ ਵਿੱਚ ਖਾਦ ਦੀ ਖਰੀਦਦਾਰੀ ਚੱਲ ਰਹੀ ਜਾਂਚ ਵਿੱਚ ਇੱਕ ਮੁੱਖ ਲੀਡ ਬਣ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤੀ ਲੈਣ-ਦੇਣ ਅਤੇ ਡਲਿਵਰੀ ਰਿਕਾਰਡਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਧਮਾਕੇ ਤੋਂ ਪਹਿਲਾਂ ਉਮਰ ਅਤੇ ਮੁਜ਼ੱਮਿਲ ਦਰਮਿਆਨ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਮਤਭੇਦ ਸੀ। ਤਫ਼ਤੀਸ਼ਕਾਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਸ ਵਿਵਾਦ ਨਾਲ ਸਮੂਹ ਦੀਆਂ ਯੋਜਨਾਵਾਂ ਤੇ ਹਮਲੇ ਦਾ ਸਮਾਂ ਅਸਰਅੰਦਾਜ਼ ਹੋਇਆ ਸੀ।
ਲਾਲ ਫੋਰਡ ਈਕੋਸਪੋਰਟ ਪਾਰਕ ਕਰਨ ਵਾਲਾ ਸ਼ਖ਼ਸ ਫਰੀਦਾਬਾਦ ਪੁਲੀਸ ਵੱਲੋਂ ਗ੍ਰਿਫ਼ਤਾਰ
November 13, 2025 12:45 pm
ਫਰੀਦਾਬਾਦ ਪੁਲੀਸ ਨੇ ਦਿੱਲੀ ਧਮਾਕੇ ਨਾਲ ਜੁੜੀ ਲਾਲ ਫੋਰਡ ਈਕੋਸਪੋਰਟ ਪਿੰਡ ਖੰਡਵਾਲੀ ਖੇਤਰ ਵਿੱਚ ਪਾਰਕ ਕਰਨ ਵਾਲੇ ਫਹੀਮ ਨਾਂ ਦੇ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਹੈ। ਖੁਫੀਆ ਏਜੰਸੀ ਦੇ ਸੂਤਰਾਂ ਅਨੁਸਾਰ, ਫਹੀਮ ਮੁੱਖ ਮਸ਼ਕੂਕ ਡਾਕਟਰ ਉਮਰ ਨਬੀ ਦਾ ਰਿਸ਼ਤੇਦਾਰ ਹੈ, ਅਤੇ ਕਥਿਤ ਤੌਰ ’ਤੇ ਘਟਨਾ ਤੋਂ ਪਹਿਲਾਂ ਉਸ ਦੇ ਸੰਪਰਕ ਵਿੱਚ ਸੀ।
‘ਅਪਮਾਨਜਨਕ’ ਸੋਸ਼ਲ ਮੀਡੀਆ ਪੋਸਟਾਂ ਲਈ ਅਸਾਮ ਵਿਚ 9 ਹੋਰ ਗ੍ਰਿਫ਼ਤਾਰ
November 13, 2025 12:38 pm
ਦਿੱਲੀ ਧਮਾਕੇ ਤੋਂ ਬਾਅਦ ‘ਅਪਮਾਨਜਨਕ’ ਸੋਸ਼ਲ ਮੀਡੀਆ ਪੋਸਟਾਂ ਪਾਉਣ ਦੇ ਦੋਸ਼ ਵਿੱਚ ਅਸਾਮ ਵਿੱਚ ਨੌਂ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਕੁੱਲ ਸ਼ੱਕੀ ਵਿਅਕਤੀਆਂ ਦੀ ਗਿਣਤੀ 15 ਹੋ ਗਈ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਰਾਤ ਤੋਂ ਤਾਜ਼ਾ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਦਿੱਲੀ ਧਮਾਕੇ ਤੋਂ ਬਾਅਦ ਅਪਮਾਨਜਨਕ ਸੋਸ਼ਲ ਮੀਡੀਆ ਪੋਸਟਾਂ ਦੇ ਸਬੰਧ ਵਿੱਚ, ਹੁਣ ਤੱਕ ਅਸਾਮ ਭਰ ਵਿੱਚ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਨਪੁਰ ਦੇ ਮੈਡੀਕਲ ਵਿਦਿਆਰਥੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ
November 13, 2025 12:35 pm
ਉੱਤਰ ਪ੍ਰਦੇਸ਼ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਮੁਹੰਮਦ ਆਰਿਫ਼ ਨਾਂ ਦੇ ਇੱਕ ਮੈਡੀਕਲ ਵਿਦਿਆਰਥੀ ਨੂੰ ਦਿੱਲੀ ਧਮਾਕੇ ਦੇ ਸ਼ੱਕੀ ਡਾਕਟਰ ਸ਼ਾਹੀਨ ਸਈਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਪੁੱਛ-ਪੜਤਾਲ ਲਈ ਕਾਨਪੁਰ ਤੋਂ ਹਿਰਾਸਤ ਵਿੱਚ ਲਿਆ ਹੈ। ਕਾਨਪੁਰ ਵਿੱਚ ਐਲਪੀਐਸ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਕਾਰਡੀਅਕ ਸਰਜਰੀ ਦੇ ਮੁੱਖ ਮੈਡੀਕਲ ਸਟਾਫ (ਸੀਐਮਐਸ) ਗਿਆਨੇਂਦਰ ਕੁਮਾਰ ਨੇ ਏਐਨਆਈ ਨੂੰ ਦੱਸਿਆ ਕਿ ਕਸ਼ਮੀਰ ਦੇ ਅਨੰਤਨਾਗ ਤੋਂ ਪਹਿਲੇ ਸਾਲ ਦੇ ਕਾਰਡੀਓਲੋਜੀ ਦੇ ਵਿਦਿਆਰਥੀ ਡਾ. ਆਰਿਫ਼ ਨੂੰ ਕੱਲ੍ਹ ਸ਼ਾਮ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਕੁਮਾਰ ਨੇ ਕਿਹਾ ਕਿ ਆਰਿਫ਼ ਪਿਛਲੇ ਤਿੰਨ ਮਹੀਨਿਆਂ ਤੋਂ ਕਾਰਡੀਓਲੋਜੀ ਵਿਭਾਗ ਵਿੱਚ ਅਭਿਆਸ ਕਰ ਰਿਹਾ ਸੀ, ਅਤੇ ਉਸ ਦੇ ਵਿਵਹਾਰ ਵਿੱਚ ਕੁਝ ਵੀ ਗਲਤ ਨਹੀਂ ਦੇਖਿਆ ਗਿਆ।
ਕਸ਼ਮੀਰ ਵਿਚ ਤਿੰਨ ਸਰਕਾਰੀ ਮੁਲਾਜ਼ਮਾਂ ਸਣੇ 10 ਜਣਿਆਂ ਨੂੰ ਹਿਰਾਸਤ ’ਚ ਲਿਆ
November 13, 2025 12:24 pm
‘ਵ੍ਹਾਈਟ ਕਾਲਰ ਦਹਿਸ਼ਤੀ’ ਮੌਡਿਊਲ ਦੇ ਸਬੰਧ ਵਿੱਚ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਪੁੱਛਗਿੱਛ ਲਈ ਤਿੰਨ ਸਰਕਾਰੀ ਕਰਮਚਾਰੀਆਂ ਸਮੇਤ ਕਰੀਬ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ਕਾਰਾਂ ਨੇ ਰਾਤ ਭਰ ਮਾਰੇ ਛਾਪਿਆਂ ਦੌਰਾਨ ਅਨੰਤਨਾਗ, ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ ਤੋਂ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦਿੱਲੀ ਵਿਚ ਸੋਮਵਾਰ ਸ਼ਾਮੀਂ ਹੋਏ ਕਾਰ ਬੰਬ ਧਮਾਕੇ ਮਗਰੋਂ ਵਾਦੀ ਵਿਚ ਦਹਿਸ਼ਤੀ ਤਾਣੇ ਬਾਣੇ ਦੀ ਪੈੜ ਨੱਪਣ ਲੲੀ ਪੁਲੀਸ ਤੇ ਸੁਰੱਖਿਆ ਏਜੰਸੀਆਂ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਸ਼ਕੂਕਾਂ ਤੋਂ ਕੀਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਪਿਛਲੇ ਇੱਕ ਸਾਲ ਵਿੱਚ ਤੁਰਕੀ ਗਏ ਸਨ। ਤਫ਼ਤੀਸ਼ਕਾਰਾਂ ਨੇ "ਵ੍ਹਾਈਟ ਕਾਲਰ ਟੈਰਰ" ਮਾਡਿਊਲ ਦੇ ਸਬੰਧ ਵਿੱਚ ਹੁਣ ਤੱਕ 200 ਤੋਂ ਵੱਧ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਜਦੋਂ ਕਿ ਤਿੰਨ ਡਾਕਟਰਾਂ ਸਮੇਤ ਸੱਤ ਵਿਅਕਤੀਆਂ ਨੂੰ ਵਿਸਫੋਟਕਾਂ ਦੀ ਵੱਡੀ ਮਾਤਰਾ ਦੀ ਬਰਾਮਦਗੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਮੌਡਿਊਲ ਦਾ ਖੁਲਾਸਾ ਅਤਿਵਾਦੀਆਂ ਦੇ ਦੋ ਓਵਰਗ੍ਰਾਊਂਡ ਵਰਕਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ।
ਧਮਾਕੇ ਦੀ ਆਵਾਜ਼ ਤੋਂ ਬਾਅਦ ਦਿੱਲੀ ਦੇ ਮਹੀਪਾਲਪੁਰ ਵਿੱਚ ਦਹਿਸ਼ਤ
November 13, 2025 12:05 pm
ਵੀਰਵਾਰ ਸਵੇਰੇ ਦੱਖਣੀ-ਪੱਛਮੀ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿੱਚ ਇੱਕ ਤੇਜ਼ ਆਵਾਜ਼ ਸੁਣਨ ਤੋਂ ਬਾਅਦ ਥੋੜ੍ਹੇ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ੁਰੂ ਵਿੱਚ ਸ਼ੱਕ ਜਤਾਇਆ ਗਿਆ ਸੀ ਕਿ ਸ਼ਾਇਦ ਹੋਟਲ ਰੈਡੀਸਨ (Hotel Radisson) ਨੇੜੇ ਕੋਈ ਧਮਾਕਾ ਹੋਇਆ ਹੈ। ਹਾਲਾਂਕਿ ਪੁਲੀਸ ਨੇ ਮਗਰੋਂ ਪੁਸ਼ਟੀ ਕੀਤੀ ਕਿ ਇਹ ਆਵਾਜ਼ DTC ਬੱਸ ਦਾ ਟਾਇਰ ਫਟਣ ਕਾਰਨ ਆਈ ਸੀ।
ਏਜੰਸੀਆਂ ਲਾਪਤਾ ਤੀਜੀ ਕਾਰ ਦੀ ਭਾਲ ਵਿਚ ਲੱਗੀਆਂ
November 13, 2025 10:45 am
ਸੁਰੱਖਿਆ ਏਜੰਸੀਆਂ ਵੱਲੋਂ ਲਾਲ ਕਿਲ੍ਹਾ ਧਮਾਕੇ ਨਾਲ ਜੁੜੀ ਤੀਜੀ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਇੱਕ ਸਫ਼ੇਦ ਹੁੰਡਈ ਆਈ20 ਵਿੱਚ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਅਤੇ 29 ਹੋਰ ਜ਼ਖਮੀ ਹੋ ਗਏ। ਤਫ਼ਤੀਸ਼ਕਾਰਾਂ ਨੇ ਹੁਣ ਤੱਕ ਦੀ ਜਾਂਚ ਵਿਚ ੲਿਸ ਮਾਮਲੇ ਨਾਲ ਜੁੜੀ ਦੂਜੀ ਕਾਰ ਲਾਲ ਫੋਰਡ ਈਕੋਸਪੋਰਟ ਨੂੰ ਫਰੀਦਾਬਾਦ ਦੇ ਪਿੰਡ ਖੰਡਾਵਾਲੀ ਤੋਂ ਬਰਾਮਦ ਕੀਤਾ ਹੈ ਜਦੋਂਕਿ ਇਕ ਤੀਜੀ ਕਾਰ ਮਾਰੂਤੀ ਬ੍ਰੇਜ਼ਾ ਦੀ ਵੀ ਪੈੜ ਨੱਪੀ ਜਾ ਰਹੀ ਹੈ। ਸੂਤਰ ਨੇ ਕਿਹਾ, ‘‘ਸ਼ੱਕ ਹੈ ਕਿ ਮੁਲਜ਼ਮਾਂ ਨੇ ਲਾਪਤਾ ਤੀਜੀ ਕਾਰ (ਮਾਰੂਤੀ ਬ੍ਰੇਜ਼ਾ) ਜਾਸੂਸੀ ਜਾਂ ਭੱਜਣ ਲਈ ਵਰਤੀ ਸੀ। ਕਈ ਟੀਮਾਂ ਇਸ ਤੀਜੀ ਕਾਰ ਦੀ ਭਾਲ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਮਾਰੂਤੀ ਬ੍ਰੇਜ਼ਾ ਨੂੰ ਲੱਭਣ ਲਈ ਦਿੱਲੀ-ਐਨਸੀਆਰ ਅਤੇ ਨਾਲ ਲੱਗਦੇ ਰਾਜਾਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ।
ਕਾੳੂਂਟਰ ਇੰਟੈਲੀਜੈਂਸ ਕਸ਼ਮੀਰ ਵੱਲੋਂ ਵਾਦੀ ਵਿਚ ਛਾਪੇ, 15 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
November 13, 2025 10:32 am
ਜੰਮੂ ਕਸ਼ਮੀਰ ਪੁਲੀਸ ਦੇ ਕਾੳੂਂਟਰ ਇੰਟੈਲੀਜੈਂਸ ਵਿੰਗ ਨੇ ‘ਵ੍ਹਾਈਟ ਕਾਲਰ ਦਹਿਸ਼ਤੀ ਮੌਡਿੳੂਲ’ ਤੇ ਦਿੱਲੀ ਵਿਚ ਲਾਲ ਕਿਲ੍ਹੇ ਨੇੜੇ ਹਾਲੀਆ ਕਾਰ ਧਮਾਕੇ ਦੇ ਸਬੰਧ ਵਿਚ ਵਾਦੀ ’ਚ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕਾੳੂਂਟਰ ਇੰਟੈਲੀਜੈਂਸ ਵੱਲੋਂ ਮੌਜੂਦਾ ਸਮੇਂ 13 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਕਰੀਬ 15 ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ ਤੇ ਕਈ ਡਿਜੀਟਲ ਯੰਤਰਾਂ ਤੇ ਭੜਕਾੳੂ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
ਧਮਾਕੇ ਤੋਂ ਐਨ ਪਹਿਲਾਂ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ
November 13, 2025 10:32 am
ਦਿੱਲੀ ਵਿਚ ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਦੀ ਇਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਚਲਦੇ ਟ੍ਰੈਫਿਕ ਵਿਚਕਾਰ ਸਫੇਦ ਰੰਗ ਦੀ ਹੁੰਡਈ ਆਈ20 ਕਾਰ ਦੇ ਧਮਾਕੇ ਦੇ ਸਹੀ ਪਲ ਨੂੰ ਕੈਦ ਕੀਤਾ ਗਿਆ ਹੈ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਗੇਟ ਨੰਬਰ 1 ਨੇੜੇ ਇੱਕ ਟਰੈਫਿਕ ਕੈਮਰੇ ਵੱਲੋਂ ਰਿਕਾਰਡ ਕੀਤੀ ਗਈ ਫੁਟੇਜ ਵਿੱਚ ਕਾਰ ਨੂੰ ਧਮਾਕੇ ਤੋਂ ਐਨ ਪਹਿਲਾਂ ਆਟੋ, ਈ-ਰਿਕਸ਼ਾ ਅਤੇ ਹੋਰ ਵਾਹਨਾਂ ਦੇ ਵਿਚਕਾਰ ਹੌਲੀ-ਹੌਲੀ ਚਲਦੇ ਹੋਏ ਦਿਖਾਇਆ ਗਿਆ ਹੈ। ਕੁਝ ਸਕਿੰਟਾਂ ਦੇ ਅੰਦਰ ਇਹ ਕਾਰ ਇੱਕ ਵੱਡੇ ਲਾਲ ਅੱਗ ਦੇ ਗੋਲੇ ਨਾਲ ਘਿਰ ਜਾਂਦੀ ਹੈ, ਜਿਸ ਤੋਂ ਬਾਅਦ ਅਸਮਾਨ ਵਿੱਚ ਧੂੰਏਂ ਦਾ ਇੱਕ ਸੰਘਣਾ ਗੁਬਾਰ ਉੱਠਦਾ ਹੈ, ਜਿਸ ਨਾਲ ਨੇੜਲੇ ਯਾਤਰੀਆਂ ਨੂੰ ਸੁਰੱਖਿਆ ਲਈ ਭੱਜਣਾ ਪੈਂਦਾ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਇਲਾਕੇ ਵਿੱਚ ਤੁਰੰਤ ਹਫੜਾ-ਦਫੜੀ ਮੱਚ ਗਈ ਕਿਉਂਕਿ ਲੋਕ ਜ਼ਖਮੀਆਂ ਦੀ ਮਦਦ ਲਈ ਭੱਜੇ।
ਲਾਲ ਕਿਲ੍ਹਾ ਧਮਾਕਾ ‘ਸਪਸ਼ਟ ਰੂਪ ’ਚ ਦਹਿਸ਼ਤੀ ਹਮਲਾ’: ਮਾਰਕੋ ਰੂਬੀਓ
November 13, 2025 10:32 am
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਲੀ ਵਿਚ ਸੋਮਵਾਰ ਸ਼ਾਮ ਨੂੰ ਹੋਏ ਕਾਰ ਧਮਾਕੇ ਨੂੰ ਸਪਸ਼ਟ ਰੂਪ ਵਿਚ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਉਨ੍ਹਾਂ ਜਾਂਚ ਲਈ ਭਾਰਤ ਦੀ ਪੇਸ਼ੇਵਰ ਪਹੁੰਚ ਦੀ ਤਾਰੀਫ਼ ਕੀਤੀ। ਰੂਬੀਓ ਨੇ ਇਹ ਟਿੱਪਣੀ ਭਾਰਤ ਵੱਲੋਂ ਧਮਾਕੇ ਨੂੰ ‘ਦਹਿਸ਼ਤੀ ਘਟਨਾ’ ਐਲਾਨਣ ਬਾਰੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ। ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ੲਿਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬੀਓ ਨੇ ਕਿਹਾ, ‘‘ਭਾਰਤੀਆਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। ਉਹ ਇਸ ਜਾਂਚ ਨੂੰ ਬਹੁਤ ਚੌਕਸੀ ਤੇ ਪੇਸ਼ੇਵਰ ਢੰਗ ਨਾਲ ਅੰਜਾਮ ਦੇ ਰਹੇ ਹਨ। ਜਾਂਚ ਜਾਰੀ ਹੈ। ਸਪੱਸ਼ਟ ਤੌਰ ’ਤੇ ਇਹ ਦਹਿਸ਼ਤੀ ਹਮਲਾ ਸੀ। ਇਹ ਵਿਸਫੋਟਕ ਸਮੱਗਰੀ ਨਾਲ ਭਰੀ ਕਾਰ ਸੀ ਜਿਸ ਵਿੱਚ ਧਮਾਕਾ ਹੋਇਆ ਅਤੇ ਬਹੁਤ ਸਾਰੇ ਲੋਕ ਮਾਰੇ ਗਏ।’’ ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਜਾਂਚ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਕੋਲ ਤੱਥ ਹੋਣਗੇ, ਤਾਂ ਉਹ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਣਗੇ।’’ ਰੂਬੀਓ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਬਾਰੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲ ਕੀਤੀ। ਰੂਬੀਓ ਨੇ ਕਿਹਾ, ‘‘ਅਮਰੀਕਾ ਨੇ ਭਾਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਹੈ ਕਿ ਭਾਰਤ ਜਾਂਚ ਨੂੰ ਸੰਭਾਲਣ ਵਿਚ ‘ਬਹੁਤ ਸਮਰੱਥ’ ਹੈ ਅਤੇ ਉਸ ਨੂੰ ਮਦਦ ਦੀ ਲੋੜ ਨਹੀਂ ਹੈ ਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।’’ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰੂਬੀਓ ਨੇ ਕੈਨੇਡਾ ਦੇ ਨਿਆਗਰਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਇਕਪਾਸੇ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਰੂਬੀਓ ਨੇ ਹਾਲ ਹੀ ਵਿੱਚ ਦਿੱਲੀ ਧਮਾਕੇ ਵਿੱਚ ਮਾਰੇ ਗਏ ਲੋਕਾਂ ਲਈ ਸੰਵੇਦਨਾ ਪ੍ਰਗਟ ਕੀਤੀ। ਮੀਟਿੰਗ ਵਿੱਚ ਦੁਵੱਲੇ ਸਬੰਧਾਂ ਦੇ ਨਾਲ-ਨਾਲ ਆਲਮੀ ਘਟਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਇਕ ਹੋਰ ਜ਼ਖ਼ਮੀ ਨੇ ਦਮ ਤੋੜਿਆ; ਮੌਤਾਂ ਦੀ ਗਿਣਤੀ ਵੱਧ ਕੇ 13 ਹੋਈ
November 13, 2025 10:32 am
ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਦੇ ਮ੍ਰਿਤਕਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਐੱਲਐੱਨਜੇਪੀ ਹਸਪਤਾਲ ਵਿਚ ਦਾਖ਼ਲ ਜ਼ਖਮੀਆਂ ’ਚੋਂ ੲਿਕ ਹੋਰ ਨੇ ਦਮ ਤੋੜ ਦਿੱਤਾ ਹੈ। ਪੀੜਤ ਦੀ ਪਛਾਣ ਬਿਲਾਲ ਵਜੋਂ ਦੱਸੀ ਗਈ ਹੈ। ਦਿੱਲੀ ਪੁਲੀਸ ਮੁਤਾਬਕ ਬਿਲਾਲ ਦੀ ਮੌਤ ਬਾਰੇ ਜਾਣਕਾਰੀ ਵੀਰਵਾਰ ਸਵੇਰੇ ਹਸਪਤਾਲ ਤੋਂ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਦਿਨ ਵਿੱਚ ਮਗਰੋਂ ਕੀਤਾ ਜਾਵੇਗਾ। ਸੋਮਵਾਰ ਸ਼ਾਮ ਨੂੰ ਹੋਏ ਇਸ ਧਮਾਕੇ ਦੇ ਕਈ ਜ਼ਖ਼ਮੀ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।