November 11, 2025 7:34 am
ਪੰਜਾਬ ਵਿੱਚ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਿੰਗ ਮੰਗਲਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
ਤਰਨ ਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਜ਼ਿਮਨੀ ਚੋਣ ਦੌਰਾਨ ਬਹੁ-ਕੋਣਾ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਹੈ। ਜ਼ਿਮਨੀ ਚੋਣ ਲਈ ਪ੍ਰਚਾਰ ਐਤਵਾਰ ਸ਼ਾਮ ਨੂੰ ਖਤਮ ਹੋ ਗਿਆ ਸੀ।
ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਹਨ। ਯੋਗ ਵੋਟਰਾਂ ਦੀ ਗਿਣਤੀ 1,92,838 ਹੈ, ਜਿਨ੍ਹਾਂ ਵਿਚ 1,00,933 ਪੁਰਸ਼, 91,897 ਔਰਤਾਂ ਅਤੇ ਅੱਠ ਤੀਜੇ-ਲਿੰਗ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਦੱਸਿਆ ਕਿ 114 ਥਾਵਾਂ ’ਤੇ ਕੁੱਲ 222 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 60 ਸ਼ਹਿਰੀ ਅਤੇ 162 ਪੇਂਡੂ ਹਨ। ਇਨ੍ਹਾਂ ਵਿੱਚ ਚਾਰ 'ਮਾਡਲ' ਅਤੇ ਤਿੰਨ 'ਗੁਲਾਬੀ' ਪੋਲਿੰਗ ਬੂਥ ਸ਼ਾਮਲ ਹਨ।
'ਆਪ' ਨੇ ਤਰਨ ਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਇਸ ਸਾਲ ਜੁਲਾਈ ਵਿੱਚ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਜ਼ਿਮਨੀ ਚੋਣ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਆਗੂਆਂ ਲਈ ਇੱਕ ਅਜ਼ਮਾਇਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕੀਤਾ।
ਉਧਰ ਕਾਂਗਰਸ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਹੈ। ਪਾਰਟੀ ਨੇ ਆਪਣੀ ਤਰਨ ਤਾਰਨ ਜ਼ਿਲ੍ਹਾ ਇਕਾਈ ਦੇ ਮੁਖੀ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬੁਰਜ, ਜੋ ਖੇਤੀਬਾੜੀ ਅਤੇ ਰੀਅਲ-ਐਸਟੇਟ ਕਾਰੋਬਾਰੀ ਹਨ, ਪਹਿਲੀ ਵਾਰ ਚੋਣ ਲੜ ਰਹੇ ਹਨ। ਭਾਜਪਾ ਨੇ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ।
ਇਹ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਓਨੀ ਹੀ ਅਹਿਮ ਹੈ। ਉਨ੍ਹਾਂ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਮਿਲ ਕੇ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ ਹੈ। ਰੰਧਾਵਾ ਸੇਵਾਮੁਕਤ ਸਰਕਾਰੀ ਸਕੂਲ ਪ੍ਰਿੰਸੀਪਲ ਅਤੇ ਇੱਕ 'ਧਰਮੀ ਫੌਜੀ' ਦੀ ਪਤਨੀ ਹੈ। 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਫੌਜ ਛੱਡ ਕੇ ਜਾਣ ਵਾਲੇ ਬਹੁਤ ਸਾਰੇ ਸਿੱਖ ਸੈਨਿਕਾਂ ਨੂੰ ‘ਧਰਮੀ ਫੌਜੀ’ ਕਿਹਾ ਜਾਂਦਾ ਹੈ।
ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਹੈ, ਜੋ ਕਿ ਸੰਦੀਪ ਸਿੰਘ ਉਰਫ਼ ਸੰਨੀ ਦਾ ਭਰਾ ਹੈ, ਜੋ 2022 ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਨੇਤਾ ਸੁਧੀਰ ਸੂਰੀ ਦੇ ਕਤਲ ਦਾ ਦੋਸ਼ੀ ਹੈ। ਸੰਦੀਪ ਸਿੰਘ ਤਰਨ ਤਾਰਨ ਵਿੱਚ ਇੱਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਸਾਬਕਾ ਪੁਲੀਸ ਅਧਿਕਾਰੀਆਂ ’ਤੇ ਹਮਲੇ ਦਾ ਵੀ ਦੋਸ਼ੀ ਹੈ। ਦੋਸ਼ੀ ਠਹਿਰਾਏ ਗਏ ਸਾਬਕਾ ਅਧਿਕਾਰੀਆਂ ਵਿੱਚੋਂ ਇੱਕ, ਸੂਬਾ ਸਿੰਘ 17 ਸਤੰਬਰ ਨੂੰ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਸੰਦੀਪ ਸਿੰਘ ਇਸ ਵੇਲੇ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ।
ਮਨਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ ਐੱਮਪੀ ਤੇ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐੱਨਐੱਸਏ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ), ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਸਮੇਤ ਕੁਝ ਕੱਟੜਪੰਥੀ ਸਿੱਖ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ।

